- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਰਲਡ ਬੈਂਕ ਦੀ ਟੀਮ ਨੇ ਕੀਤਾ ਸਕੂਲ ਆਫ਼ ਐਮੀਨੈਂਸ ਖਡੂਰ ਸਾਹਿਬ ਦਾ ਦੌਰਾ

ਸਕੂਲ ਦੀਆਂ ਸਾਇੰਸ ਪ੍ਰਯੋਗਸ਼ਾਲਾਵਾਂ, ਕੰਪਿਊਟਰ ਲੈਬਾਂ ਤੇ ਲਾਇਬ੍ਰੇਰੀ ਦਾ ਕੀਤਾ ਨਿਰੀਖਣ
ਕੁਲਦੀਪ ਸਿੰਘ ਮਾਨ•, ਪੰਜਾਬੀ ਜਾਗਰਣ
ਖਡੂਰ ਸਾਹਿਬ : ਸਿੱਖਿਆ ਦੇ ਖੇਤਰ ਵਿਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕੇ ਸਕੂਲ ਆਫ ਐਮੀਨੈਂਸ ਖਡੂਰ ਸਾਹਿਬ ਵਿਖੇ ਮੰਗਲਵਾਰ ਨੂੰ ਵਰਲਡ ਬੈਂਕ ਦੀ ਉੱਚ ਪੱਧਰੀ ਟੀਮ ਵੱਲੋਂ ਵਿਸ਼ੇਸ਼ ਦੌਰਾ ਕੀਤਾ ਗਿਆ। ਟੀਮ ਵਿਚ ਸੇਮ ਮੀਤੇ, ਸ਼ਹਿਰਜ਼ਾਦ ਜੋਯਾ, ਮੋਨਾਮੀ ਲਤੀਫ਼, ਮੇਘਨਾ ਸ਼ਰਮਾ, ਡਿਏਗੋ ਲੂਨਾ ਬਜ਼ਲਦੂਆ, ਨੇਹਾ ਵਿਆਸ, ਸੋਨੀਆ ਭਾਮਬਰੀ ਅਤੇ ਸੁਰੇਖਾ ਠਾਕੁਰ ਸ਼ਾਮਲ ਸਨ।
ਇਸ ਦੌਰੇ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਇਹ ਪੂਰੀ ਤਰ੍ਹਾਂ ਵਿਦਿਆਰਥੀਆਂ ’ਤੇ ਕੇਂਦਰਿਤ ਰਿਹਾ। ਟੀਮ ਦਾ ਸਵਾਗਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੰਗਤ ਸਿੰਘ, ਪ੍ਰਿੰਸੀਪਲ ਗੁਰਦੀਪ ਸਿੰਘ ਅਤੇ ਸਮੂਹ ਸਟਾਫ ਵੱਲੋਂ ਕੀਤਾ ਗਿਆ। ਦੌਰੇ ਦੌਰਾਨ ਟੀਮ ਨੇ ਸਕੂਲ ਦੀਆਂ ਅਤਿ-ਆਧੁਨਿਕ ਸਾਇੰਸ ਪ੍ਰਯੋਗਸ਼ਾਲਾਵਾਂ, ਕੰਪਿਊਟਰ ਲੈਬਾਂ ਅਤੇ ਲਾਇਬ੍ਰੇਰੀ ਦਾ ਨਿਰੀਖਣ ਕੀਤਾ।
ਇਸ ਦੌਰਾਨ ਟੀਮ ਮੈਂਬਰਾਂ ਨੇ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕੀਤੀ, ਉਨ੍ਹਾਂ ਦੀਆਂ ਵਿਸ਼ੇ ਸਬੰਧੀ ਮੁਸ਼ਕਿਲਾਂ ਅਤੇ ਵਿਚਾਰਾਂ ਨੂੰ ਸੁਣਿਆ। ਪ੍ਰਿੰਸੀਪਲ ਗੁਰਦੀਪ ਸਿੰਘ ਨੇ ਟੀਮ ਵਿਦਿਆਰਥੀਆਂ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਟੀਮ ਨੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨਾਲ ਵੀ ਵਿਸ਼ੇਸ਼ ਮੀਟਿੰਗ ਕਰਕੇ ਸਕੂਲ ਦੇ ਪ੍ਰਬੰਧ ਅਤੇ ਵਿਕਾਸ ਸਬੰਧੀ ਜਾਣਕਾਰੀ ਹਾਸਲ ਕੀਤੀ। ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਵਸਤਾਂ ਅਤੇ ਹੱਥੀਂ ਬਣਾਏ ਤੋਹਫ਼ੇ ਦੇਖ ਕੇ ਟੀਮ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਅੰਤ ਵਿਚ ਵਰਲਡ ਬੈਂਕ ਟੀਮ ਦੇ ਮੁਖੀ ਨੇ ਸਕੂਲ ਪ੍ਰਬੰਧਨ ਦੀ ਬਿਹਤਰੀਨ ਕਾਰਗੁਜ਼ਾਰੀ ਅਤੇ ਸਕੂਲ ਦੀ ਸਾਫ਼-ਸਫਾਈ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੰਗਤ ਸਿੰਘ ਨੇ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਸਕੂਲਾਂ ਨੂੰ ਹੋਰ ਉਚਾਈਆਂ ’ਤੇ ਲਿਜਾਇਆ ਜਾਵੇਗਾ। ਪ੍ਰਿੰਸੀਪਲ ਗੁਰਦੀਪ ਸਿੰਘ ਨੇ ਵੀ ਟੀਮ ਦਾ ਧੰਨਵਾਦ ਕਰਦਿਆਂ ਸਕੂਲ ਨੂੰ ਬੁਲੰਦੀਆਂ ’ਤੇ ਲਿਜਾਣ ਦਾ ਭਰੋਸਾ ਦਿੱਤਾ। ਇਸ ਮੌਕੇ ਤਰਸੇਮ ਸਿੰਘ, ਨਿਸ਼ਾਨ ਸਿੰਘ, ਬਲਦੇਵ ਸਿੰਘ, ਹਰਮੀਤ ਸਿੰਘ, ਰਾਜਬੀਰ ਸਿੰਘ, ਸਰਬਜੀਤ ਸਿੰਘ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਤੋਂ ਇਲਾਵਾ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।