ਨਿਸ਼ਾਨ-ਏ-ਸਿੱਖੀ ਐੱਨਡੀਏ ਵਿੰਗ ਦੇ 37 ਵਿਦਿਆਰਥੀਆਂ ਨੇ ਲਿਖਤੀ ਇਮਤਿਹਾਨ ਕੀਤਾ ਪਾਸ ਨਿਸ਼ਾਨ-ਏ-ਸਿੱਖੀ, ਐੱਨਡੀਏ ਵਿੰਗ ਦੇ 37 ਵਿਦਿਆਰਥੀਆਂ ਨੇ ਲਿਖਤੀ ਇਮਤਿਹਾਨ ਪਾਸ ਕੀਤਾ
Publish Date: Tue, 13 Oct 2026 05:37 PM (IST)
Updated Date: Tue, 13 Oct 2026 05:38 PM (IST)
ਕੁਲਦੀਪ ਸਿੰਘ ਮਾਨ•, ਪੰਜਾਬੀ ਜਾਗਰਣ ਖਡੂਰ ਸਾਹਿਬ : ਨਿਸ਼ਾਨ-ਏ-ਸਿੱਖੀ ਐੱਨਡੀਏ ਵਿੰਗ ਖਡੂਰ ਸਾਹਿਬ ਦੇ 37 ਵਿਦਿਆਰਥੀਆਂ ਨੇ ਨੈਸ਼ਨਲ ਡਿਫੈਂਸ ਅਕੈਡਮੀ ਐੱਨਡੀਏ ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਜੋ ਕਿ ਯੂਪੀਐੱਸਸੀ ਵੱਲੋਂ ਕਰਵਾਈ ਜਾਂਦੀ ਹੈ। ਇਹ ਪ੍ਰੀਖਿਆ 13 ਸਤੰਬਰ 2026 ਨੂੰ ਹੋਈ ਜਿਸ ਦਾ ਨਤੀਜਾ 9 ਅਕਤੂਬਰ ਨੂੰ ਆਇਆ। ਇਨ੍ਹਾਂ ਵਿਦਿਆਰਥੀਆਂ ਵਿਚ 4 ਲੜਕੀਆਂ, 27 ਲੜਕੇ 11ਵੇਂ ਕੋਰਸ ਦੇ, 5 ਲੜਕੇ 10ਵੇਂ ਕੋਰਸ ਦੇ, 1 ਲੜਕਾ 9ਵੇਂ ਕੋਰਸ ਦਾ ਸ਼ਾਮਲ ਹੈ। ਸਾਰੇ ਵਿਦਿਆਰਥੀ ਹੁਣ ਐੱਸਐੱਸਬੀ ਦੀ ਇੰਟਰਵਿਊ ਲਈ ਜਾਣਗੇ, ਜੋ ਕਿ ਚੋਣ ਲਈ ਅਗਲਾ ਕਦਮ ਹੈ। ਇਹ ਨਿਸ਼ਾਨ-ਏ-ਸਿੱਖੀ ਸੰਸਥਾ, ਸਮੂਹ ਸਟਾਫ ਅਤੇ ਵਿਦਿਆਰਥੀਆਂ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਕਿਉਂਕਿ ਇਹ ਮੁਕਾਬਲਾ ਬਹੁਤ ਸਖ਼ਤ ਹੁੰਦਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਮਾਪਿਆਂ ਅਤੇ ਅਧਿਆਪਕਾਂ ਦੀਆਂ ਉਮੀਦਾਂ ਤੇ ਖਰਾ ਉਤਰਦਿਆਂ ਸਫ਼ਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਹੁਣ ਤਕ ਸੰਸਥਾ ਦੇ 35 ਵਿਦਿਆਰਥੀ ਵੱਖ-ਵੱਖ ਸੈਨਾਵਾਂ ਵਿਚ ਕਮਿਸ਼ਨਡ ਅਫ਼ਸਰ ਵਜੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਮੇਜਰ ਜਨਰਲ ਬਲਵਿੰਦਰ ਸਿੰਘ ਵੀਐੱਸਐੱਮ ਸੇਵਾਮੁਕਤ ਡਾਇਰੈਕਟਰ, ਐੱਨਡੀਏ ਵਿੰਗ ਨੇ ਦੱਸਿਆ ਕਿ ਇਸ ਪ੍ਰੀਖਿਆ ਵਿਚ ਪੂਰੇ ਭਾਰਤ ਵਿਚੋਂ ਲਗਭਗ ਪੰਜ ਤੋਂ ਛੇ ਲੱਖ ਵਿਦਿਆਰਥੀ ਪ੍ਰੀਖਿਆ ਕੇਂਦਰ ਵਿਚ ਬੈਠਦੇ ਹਨ, ਜਿਨ੍ਹਾਂ ਵਿੱਚੋਂ ਅੱਠ ਹਜ਼ਾਰ ਵਿਦਿਆਰਥੀ ਸਫ਼ਲ ਹੁੰਦੇ ਹਨ, ਉਨ੍ਹਾਂ ਵਿਚੋਂ 37 ਵਿਦਿਆਰਥੀ ਨਿਸ਼ਾਨ-ਏ-ਸਿੱਖੀ ਸੰਸਥਾ ਦੇ ਪਾਸ ਹੋਏ। ਇਸ ਲਈ ਇਹ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਨੇ ਐੱਨਐੱਸਆਈਐੱਸਟੀ ਐੱਨਡੀਏ ਵਿੰਗ ਵਿਖੇ ਚੋਣ ਅਤੇ ਸਿਖਲਾਈ ਦਾ ਜ਼ਿਕਰ ਕਰਦਿਆਂ ਇਸ ਸਬੰਧੀ ਪ੍ਰਕਿਰਿਆ ਬਾਰੇ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੰਸਥਾ ਵਿਚ ਨਵੇਂ ਦਾਖ਼ਲਿਆਂ ਦੀ ਰਜਿਸਟ੍ਰੇਸ਼ਨ 19 ਦਸੰਬਰ ਤਕ ਹੋ ਸਕਦੀ ਹੈ ਅਤੇ 20 ਦਸੰਬਰ ਨੂੰ ਲਿਖਤੀ ਇਮਤਿਹਾਨ ਹੋਵੇਗਾ, ਚਾਹਵਾਨ ਲੜਕੇ ਅਤੇ ਲੜਕੀਆਂ ਰਜਿਸਟ੍ਰੇਸ਼ਨ ਕਰਵਾ ਸਕਦੇ/ਸਕਦੀਆਂ ਹਨ। ਬਾਬਾ ਸੇਵਾ ਸਿੰਘ ਜੀ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ ਅਤੇ ਐੱਸਐੱਸਬੀ ਦੀ ਇੰਟਰਵਿਊ ਲਈ ਸਖ਼ਤ ਮਿਹਨਤ ਕਰਨ ਅਤੇ ਪਰਮਾਤਮਾ ਦਾ ਸਦਾ ਨਾਂ ਜਪਦੇ ਰਹਿਣ ਲਈ ਪ੍ਰੇਰਿਆ। ਇਸ ਮੌਕੇ ਜਸਵਿੰਦਰਪਾਲ ਸਿੰਘ ਸਕੱਤਰ, ਬਾਬਾ ਬਲਦੇਵ ਸਿੰਘ, ਫਕੈਲਟੀ ਇੰਚਾਰਜ ਦਿਨੇਸ਼ ਗੁਪਤਾ, ਡਿਪਟੀ ਡਾਇਰੈਕਟਰ ਕਰਨਲ ਗੁਰਮੀਤ ਸਿੰਘ ਸੇਵਾਮੁਕਤ, ਕਰਨਲ ਦਰਸ਼ਨ ਸਿੰਘ ਬਾਵਾ, ਭਾਈ ਵਰਿਆਮ ਸਿੰਘ, ਡਾ. ਕਮਲਜੀਤ ਸਿੰਘ, ਬਲਦੇਵ ਸਿੰਘ ਸੰਧੂ, ਸੂਬੇਦਾਰ ਕੁਲਵੰਤ ਸਿੰਘ ਅਤੇ ਸੰਸਥਾ ਦੇ ਸਟਾਫ਼ ਮੈਂਬਰ ਹਾਜ਼ਰ ਸਨ।