ਪੱਟੀ ਬਲਾਕ ਦੀਆਂ ਤਿੰਨ ਰੋਜ਼ਾ ਖੇਡਾਂ ਧੂਮਧਾਮ ਨਾਲ ਸੰਪੰਨ ਪੱਟੀ ਬਲਾਕ ਦੀਆਂ ਤਿੰਨ ਰੋਜ਼ਾ ਖੇਡਾਂ ਧੂਮਧਾਮ ਨਾਲ ਸੰਪੰਨ
Publish Date: Tue, 13 Oct 2026 04:53 PM (IST)
Updated Date: Tue, 13 Oct 2026 04:53 PM (IST)
ਖੇਡਾਂ ਨਾਲ ਬੱਚਿਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਸਰੀਰ ਤੰਦਰੁਸਤ ਰਹਿੰਦੈ : ਦਿਲਬਾਗ ਸਿੰਘ ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਖੇਡ ਸਟੇਡੀਅਮ ਪੱਟੀ ਵਿਖੇ ਪੱਟੀ ਬਲਾਕ ਦੀਆਂ ਤਿੰਨ ਰੋਜ਼ਾ ਖੇਡਾਂ ਧੂਮਧਾਮ ਨਾਲ ਸੰਪੰਨ ਹੋ ਗਈਆਂ। ਇਨ੍ਹਾਂ ਖੇਡਾਂ ਵਿਚ ਅੰਡਰ-14 ਵਰਗ ਦੇ ਬੱਚਿਆਂ ਨੇ ਐਥਲੈਟਿਕਸ, ਖੋ-ਖੋ, ਯੋਗਾ, ਕਬੱਡੀ, ਫੁੱਟਬਾਲ, ਲੰਬੀ ਛਾਲ, ਗੋਲਾ ਸੁੱਟਣ, ਸ਼ਤਰੰਜ, ਰੱਸਾਕਸ਼ੀ ਅਤੇ ਕੁਸ਼ਤੀਆਂ ਸਮੇਤ ਵੱਖ-ਵੱਖ ਖੇਡਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਖੇਡਾਂ ਦੀ ਸ਼ੁਰੂਆਤ ਮਸ਼ਾਲ ਜਗਾ ਕੇ ਕੀਤੀ ਗਈ। ਇਨ੍ਹਾਂ ਖੇਡਾਂ ਦੀ ਅਗਵਾਈ ਬਲਾਕ ਸਿੱਖਿਆ ਅਫ਼ਸਰ ਦਿਲਬਾਗ ਸਿੰਘ, ਖੇਡ ਕਮੇਟੀ ਅਤੇ ਸਮੂਹ ਸੀਐੱਚਟੀ ਤੇ ਐੱਚਟੀ ਵੱਲੋਂ ਕੀਤੀ ਗਈ। ਪਹਿਲੇ ਦਿਨ ਕੁਸ਼ਤੀਆਂ ਅਤੇ ਐਥਲੈਟਿਕਸ ਦੇ ਮੁਕਾਬਲੇ ਕਰਵਾਏ ਗਏ। ਤਿੰਨੋਂ ਦਿਨ ਬੱਚਿਆਂ ਵਿਚ ਖੇਡਾਂ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਬਲਾਕ ਸਿੱਖਿਆ ਅਫ਼ਸਰ ਦਿਲਬਾਗ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਰੀਰਿਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ। ਖੇਡਾਂ ਵਿਚ ਭਾਗ ਲੈਣ ਨਾਲ ਬੱਚਿਆਂ ਦੀ ਹੀਣ-ਭਾਵਨਾ ਦੂਰ ਹੁੰਦੀ ਹੈ ਅਤੇ ਉਨ੍ਹਾਂ ਵਿਚ ਅੱਗੇ ਵਧਣ ਤੇ ਮੁਕਾਬਲਾ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ। ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੀਨੀਅਰ ਅਧਿਆਪਕ ਆਗੂ ਸਤਨਾਮ ਸਿੰਘ ਸਿੱਧੂ ਨੇ ਕਿਹਾ ਕਿ ਖੇਡਾਂ ਬੱਚਿਆਂ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਉਨ੍ਹਾਂ ਵਿਚ ਅਨੁਸ਼ਾਸਨ, ਸਹਿਯੋਗ ਅਤੇ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਕਰਦੀਆਂ ਹਨ। ਖੇਡਾਂ ਰਾਹੀਂ ਬੱਚੇ ਜੀਵਨ ਵਿਚ ਉੱਚੇ ਮੁਕਾਮ ਹਾਸਿਲ ਕਰ ਸਕਦੇ ਹਨ। ਦਾਨੀ ਸੱਜਣਾਂ ਤੇ ਅਧਿਆਪਕਾਂ ਨੇ ਨਿਭਾਈ ਸੇਵਾ ਖੇਡਾਂ ਦੌਰਾਨ ਬੱਚਿਆਂ ਲਈ ਫਲਾਂ ਅਤੇ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਵਾਰਡ ਨੰਬਰ 15 ਦੇ ਕੌਂਸਲਰ ਕਵਲਪ੍ਰੀਤ ਸਿੰਘ ਗਿੱਲ ਅਤੇ ਪ੍ਰਿੰਸੀਪਲ ਰਜਿੰਦਰ ਕੁਮਾਰ ਸ਼ਰਮਾ ਵੱਲੋਂ ਤਿੰਨੋਂ ਦਿਨ ਬੱਚਿਆਂ ਨੂੰ ਫਲ ਵੰਡੇ ਗਏ। ਇਹ ਖੇਡਾਂ ਅਧਿਆਪਕਾਂ ਵੱਲੋਂ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢ ਕੇ ਕਰਵਾਈਆਂ ਗਈਆਂ। ਤਿੰਨੋਂ ਦਿਨ ਬੱਚਿਆਂ ਲਈ ਵੱਖ-ਵੱਖ ਪਕਵਾਨ ਤਿਆਰ ਕੀਤੇ ਗਏ। ਅੰਤਿਮ ਦਿਨ ਰੋਟੀ ਦੇ ਨਾਲ ਜਲੇਬੀਆਂ ਦਾ ਲੰਗਰ ਵੀ ਲਗਾਇਆ ਗਿਆ, ਜਿਸ ਦੀ ਸੇਵਾ ਵਰਿੰਦਰ ਪ੍ਰਤਾਪ ਸਿੰਘ ਸਭਰਾ ਨੇ ਨਿਭਾਈ। ਖੇਡਾਂ ਦੇ ਆਖ਼ਰੀ ਦਿਨ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੰਗਾ ਰੰਗ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਨੇ ਗਿੱਧਾ ਅਤੇ ਭੰਗੜਾ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਤਿੰਨੋਂ ਦਿਨ ਮੰਚ ਸੰਚਾਲਨ ਦੀ ਭੂਮਿਕਾ ਸਟੇਟ ਐਵਾਰਡੀ ਗੁਰਵਿੰਦਰ ਸਿੰਘ ਬੱਬੂ, ਅਧਿਆਪਕ ਆਗੂ ਸਤਨਾਮ ਸਿੰਘ ਸਿੱਧੂ, ਇਸਤਰੀ ਵਿੰਗ ਦੀ ਪ੍ਰਧਾਨ ਹਰਮਨਜੀਤ ਕੌਰ ਕੁੱਲਾ ਅਤੇ ਸਰਬਜੀਤ ਸਿੰਘ ਉਬੋਕੇ ਨੇ ਨਿਭਾਈ। ਅੰਤ ਵਿਚ ਬਲਾਕ ਸਿੱਖਿਆ ਅਫ਼ਸਰ ਦਿਲਬਾਗ ਸਿੰਘ ਨੇ ਖੇਡਾਂ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਾਰੇ ਅਧਿਆਪਕਾਂ, ਖੇਡ ਕਮੇਟੀ ਮੈਂਬਰਾਂ, ਦਾਨੀ ਸੱਜਣਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਾਕ ਪੱਟੀ ਦੇ ਸਮੂਹ ਸੀਐੱਚਟੀ, ਐੱਚਟੀ, ਖੇਡ ਕਮੇਟੀ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।