ਪਰਾਲੀ ਨੂੰ ਅੱਗ ਲਗਾਉਣ ਵਾਲੇ ਪੰਜ ਕਿਸਾਨਾਂ ਖ਼ਿਲਾਫ਼ ਪਰਚੇ ਦਰਜ ਪਰਾਲੀ ਨੂੰ ਅੱਗ ਲਗਾਉਣ ਵਾਲੇ ਪੰਜ ਕਿਸਾਨਾਂ ਖ਼ਿਲਾਫ਼ ਪਰਚੇ ਦਰਜ
Publish Date: Tue, 13 Oct 2026 04:27 PM (IST)
Updated Date: Tue, 13 Oct 2026 04:30 PM (IST)
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੇ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਦੀਆਂ ਹਦਾਇਤਾਂ ’ਤੇ ਕੀਤੀ ਸਖ਼ਤੀ ਕੁਲਦੀਪ ਸਿੰਘ ਮਾਨ•, ਪੰਜਾਬੀ ਜਾਗਰਣ ਖਡੂਰ ਸਾਹਿਬ : ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਜ਼ਿਲ੍ਹਾ ਤਰਨਤਾਰਨ ਪ੍ਰਸ਼ਾਸਨ ਤੇ ਖੇਤੀਬਾੜੀ ਵਿਭਾਗ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸੇ ਤਹਿਤ ਬਲਾਕ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿਚ ਪੰਜ ਕਿਸਾਨਾਂ ਖ਼ਿਲਾਫ਼ ਸਬੰਧਿਤ ਪੁਲਿਸ ਥਾਣਿਆਂ ਵਿਚ ਪਰਚੇ ਦਰਜ ਕੀਤੇ ਗਏ ਹਨ। ਉਪ ਮੰਡਲ ਮੈਜਿਸਟਰੇਟ ਖਡੂਰ ਸਾਹਿਬ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਦੇ ਨਾਲ-ਨਾਲ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਮੁੱਖ ਖੇਤੀਬਾੜੀ ਅਫ਼ਸਰ ਤਰਨਤਾਰਨ ਡਾ. ਤੇਜਬੀਰ ਸਿੰਘ ਭੰਗੂ ਵੱਲੋਂ ਵੀ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਸੁਚੱਜਾ ਪ੍ਰਬੰਧਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਥਾਣਾ ਵੈਰੋਵਾਲ ਅਧੀਨ ਪਿੰਡ ਬਿਹਾਰੀਪੁਰ ਦੇ ਅਜੇਪਾਲ ਪੁੱਤਰ ਇੰਦਰ ਸਿੰਘ ਅਤੇ ਪਿੰਡ ਤਖਤੂਚੱਕ ਦੇ ਲਵਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਖ਼ਿਲਾਫ਼ ਪਰਚੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਥਾਣਾ ਗੋਇੰਦਵਾਲ ਸਾਹਿਬ ਅਧੀਨ ਪਿੰਡ ਭਰੋਵਾਲ ਦੇ ਸਤਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਅਤੇ ਸੇਵਾ ਸਿੰਘ ਪੁੱਤਰ ਨਾਜਰ ਸਿੰਘ, ਜਦਕਿ ਪਿੰਡ ਚੰਬਾ ਖੁਰਦ ਦੇ ਸੁਖਜਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਖ਼ਿਲਾਫ਼ ਵੀ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਪਰਚੇ ਦਰਜ ਕੀਤੇ ਗਏ ਹਨ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਪਰਾਲੀ ਸਾੜਨ ’ਤੇ ਰੋਕ ਅਤੇ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਦੇ ਮੱਦੇ ਨਜ਼ਰ ਕਾਰਵਾਈ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਵੱਲੋਂ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਖ਼ਤਮ ਕਰਨ, ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਅਤੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਸਬੰਧਿਤ ਵਿਭਾਗਾਂ ਨੂੰ ਠੋਸ ਕਦਮ ਚੁੱਕਣ ਲਈ ਕਿਹਾ ਗਿਆ ਹੈ। ਡਾ. ਯਾਦਵਿੰਦਰ ਸਿੰਘ ਅਤੇ ਡਾ. ਰੁਪਿੰਦਰਜੀਤ ਸਿੰਘ, ਕਲੱਸਟਰ ਅਫ਼ਸਰ ਖਡੂਰ ਸਾਹਿਬ, ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦਾ ਖੇਤ ਵਿਚ ਹੀ ਜਾਂ ਹੋਰ ਉਪਲੱਬਧ ਤਰੀਕਿਆਂ ਨਾਲ ਸੁਚੱਜਾ ਪ੍ਰਬੰਧਨ ਕਰਨ। ਪਰਾਲੀ ਸਾੜਨ ਨਾਲ ਜਿੱਥੇ ਹਵਾ ਪ੍ਰਦੂਸ਼ਿਤ ਹੁੰਦੀ ਹੈ, ਉੱਥੇ ਹੀ ਮਿੱਟੀ ਦੀ ਉਪਜਾਊ ਸ਼ਕਤੀ, ਲਾਭਦਾਇਕ ਜੀਵਾਣੂਆਂ ਅਤੇ ਵਾਤਾਵਰਨ ਨੂੰ ਵੀ ਨੁਕਸਾਨ ਪਹੁੰਚਦਾ ਹੈ। ਅਧਿਕਾਰੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਦੀ ਸੰਭਾਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਿਹਤਮੰਦ ਭਵਿੱਖ ਲਈ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕਰਕੇ ਉਪਲੱਬਧ ਮਸ਼ੀਨਰੀ ਅਤੇ ਹੋਰ ਤਰੀਕਿਆਂ ਰਾਹੀਂ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ।