ਸਰਕਾਰੀ ਸਨਮਾਨਾਂ ਨਾਲ ਹੋਇਆ ਏਐੱਸਆਈ ਇਕਬਾਲ ਸਿੰਘ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਹੋਇਆ ਏਐੱਸਆਈ ਇਕਬਾਲ ਸਿੰਘ ਦਾ ਅੰਤਿਮ ਸਸਕਾਰ
Publish Date: Mon, 12 Oct 2026 08:01 PM (IST)
Updated Date: Mon, 12 Oct 2026 08:02 PM (IST)
ਡੀਜੀਪੀ ਏਐੱਸ ਰਾਏ, ਡੀਆਈਜੀ ਸ਼ਰਮਾ ਤੇ ਐੱਸਐੱਸਪੀ ਲਾਂਬਾ ਨੇ ਦਿੱਤੀ ਸ਼ਰਧਾਂਜਲੀ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਪੰਜਾਬ ਪੁਲਿਸ ਦੇ ਕਾਂਉਟਰੀ ਇੰਟੈਲੀਜੈਂਸੀ ਵਿੰਗ ’ਚ ਤਾਇਨਾਤ ਏਐੱਸਆਈ ਇਕਬਾਲ ਸਿੰਘ, ਜਿਨ੍ਹਾਂ ਦਾ ਲੰਘੀ ਸ਼ਾਮ ਦੋ ਅਣਪਛਾਤਿਆਂ ਵਲੋਂ ਕਸਬਾ ਨੌਸ਼ਹਿਰਾ ਪਨੂੰਆਂ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਦਾ ਅੰਤਿਮ ਸਸਕਾਰ ਸੋਮਵਾਰ ਨੂੰ ਉਨ੍ਹਾਂ ਦੇ ਪਿੰਡ ਨੌਸ਼ਹਿਰਾ ਪਨੂੰਆਂ ’ਚ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ। ਇਸ ਮੌਕੇ ਡੀਜੀਪੀ ਰੈਂਕ ਦੇ ਅਧਿਕਾਰੀ ਏਐੱਸ ਰਾਏ ਤੋਂ ਇਲਾਵਾ ਡੀਆਈਜ਼ੀ ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਤੇ ਐੱਸਐੱਸਪੀ ਸੁਰੇਂਦਰ ਲਾਂਬਾ ਸਮੇਤ ਵੱਡੀ ਗਿਣਤੀ ਅਧਿਕਾਰੀਆਂ ਤੇ ਕਰਮਚਾਰੀਆਂ ਸਣੇ ਹੋਰ ਸ਼ਖਸੀਅਤਾਂ ਨੇ ਥਾਣੇਦਾਰ ਇਕਬਾਲ ਸਿੰਘ ਦੀ ਦੇਹ ’ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਦੱਸਣਾ ਬਣਦਾ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ’ਚ ਤਾਇਨਾਤ ਏਐੱਸਆਈ ਇਕਬਾਲ ਸਿੰਘ ਨੂੰ ਐਤਵਾਰ ਸ਼ਾਮ ਦੋ ਨਕਾਬਪੋਸ਼ਾਂ ਨੇ ਮੋਟਰਸਾਈਕਲ ’ਤੇ ਘਰ ਜਾਂਦੇ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਕਤ ਘਟਨਾ ਦਾ ਪਤਾ ਚੱਲਦਿਆਂ ਹੀ ਡੀਆਈਜੀ ਸਨੇਹਦੀਪ ਸ਼ਰਮਾ ਸਮੇਤ ਹੋਰ ਅਧਿਕਾਰੀ ਨੌਸ਼ਹਿਰਾ ਪਨੂੰਆਂ ਪਹੁੰਚ ਗਏ ਸਨ ਤੇ ਇਸ ਸਬੰਧੀ ਕੇਸ ਵੀ ਦਰਜ ਹੋ ਚੁੱਕਾ ਹੈ। ਉੱਧਰ ਸੋਮਵਾਰ ਨੂੰ ਸਿਵਲ ਹਸਪਤਾਲ ਤਰਨਤਾਰਨ ਤੋਂ ਪੋਸਟਮਾਰਟਮ ਉਪਰੰਤ ਏਐੱਸਆਈ ਇਕਬਾਲ ਸਿੰਘ ਦੀ ਦੇਹ ਨੂੰ ਪਿੰਡ ਨੌਸ਼ਹਿਰਾ ਪਨੂੰਆਂ ਲਿਜਾਇਆ ਗਿਆ ਤਾਂ ਪਰਿਵਾਰ ਤੇ ਇਲਾਕੇ ਵਿਚ ਮਾਹੌਲ ਗਮਗੀਨ ਹੋ ਗਿਆ। ਉੱਧਰ ਪੰਜਾਬ ਪੁਲਿਸ ਦੇ ਇਸ ਕਰਮਚਾਰੀ ਦਾ ਅੰਤਿਮ ਸਸਕਾਰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਚਿਖਾ ਚਿਣੇ ਜਾਣ ਤੋਂ ਬਾਅਦ ਪੰਜਾਬ ਪੁਲਿਸ ਦੀ ਵਿਸ਼ੇਸ਼ ਟੁਕੜੀ ਨੇ ਹਥਿਆਰ ਉਲਟੇ ਕਰਕੇ ਤੇ ਹਵਾ ’ਚ ਫਾਇਰ ਕਰਕੇ ਇਕਬਾਲ ਸਿੰਘ ਨੂੰ ਸਲਾਮੀ ਵੀ ਦਿੱਤੀ। ਇਸ ਮੌਕੇ ਡੀਜੀਪੀ ਏਐੱਸ ਰਾਏ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਾਤਲਾਂ ਨੂੰ ਜਲਦ ਫੜਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਡੀਜੀਪੀ ਰਾਏ ਤੋਂ ਇਲਾਵਾ ਡੀਆਈਜੀ ਸਨੇਹਦੀਪ ਸ਼ਰਮਾ ਤੇ ਐੱਸਐੱਸਪੀ ਸੁਰੇਂਦਰ ਲਾਂਬਾ ਸਣੇ ਹੋਰ ਅਧਿਕਾਰੀਆਂ ਨੇ ਏਐੱਸਆਈ ਇਕਬਾਲ ਸਿੰਘ ਦੀ ਦੇਹ ’ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਐੱਸਪੀ ਹੈੱਡ ਕੁਆਰਟਰ ਸੁਖਨਿੰਦਰ ਸਿੰਘ, ਡੀਐੱਸਪੀ ਪੱਟੀ ਰਵੀਸ਼ੇਰ ਸਿੰਘ ਤੋਂ ਇਲਾਵਾ ਵੱਖ-ਵੱਖ ਸਬ ਡਵੀਜ਼ਨਾਂ ਤੇ ਵਿੰਗਾਂ ਦੇ ਡੀਐੱਸਪੀਜ਼, ਥਾਣਿਆਂ ਦੇ ਮੁਖੀ, ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ, ਪੁਲਿਸ ਕਰਮਚਾਰੀ ਵੀ ਇਸ ਮੌਕੇ ਮੌਜੂਦ ਸਨ।