ਜ਼ਿਲ੍ਹੇ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਸਫ਼ਲਤਾਪੂਰਵਕ ਮੁਕੰਮਲ ਜ਼ਿਲ੍ਹੇ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਸਫ਼ਲਤਾਪੂਰਵਕ ਮੁਕੰਮਲ
Publish Date: Mon, 12 Oct 2026 07:42 PM (IST)
Updated Date: Mon, 12 Oct 2026 07:44 PM (IST)
- ਅੰਤਿਮ ਪ੍ਰਕਾਸ਼ਨ ਮੌਕੇ ਜ਼ਿਲ੍ਹੇ ਵਿਚ 7 ਲੱਖ 43 ਹਜ਼ਾਰ 377 ਵੋਟਰ - ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ ਵੋਟਰ ਸੂਚੀਆਂ ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਜ਼ਿਲ੍ਹਾ ਤਰਨਤਾਰਨ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਐੱਸਆਈਆਰ ਸਫਲਤਾਪੂਰਵਕ ਮੁਕੰਮਲ ਹੋ ਗਈ ਹੈ ਅਤੇ ਅੰਤਿਮ ਪ੍ਰਕਾਸ਼ਨ ਸਮੇਂ ਜ਼ਿਲ੍ਹੇ ਵਿਚ 7 ਲੱਖ 43 ਹਜ਼ਾਰ 377 ਵੋਟਰ ਹਨ। ਉਨ੍ਹਾਂ ਨੇ ਸੋਮਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਦਾ ਇਕ-ਇਕ ਸੈੱਟ ਅਤੇ ਸੀਡੀ ਵੀ ਪ੍ਰਦਾਨ ਕੀਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਰਾਹੁਲ ਨੇ ਦੱਸਿਆ ਕਿ ਘਰ-ਘਰ ਪੜਾਅ ਵਿਚ 74 ਹਜ਼ਾਰ 192 ਵੋਟਰਾਂ ਦੀ ਪਛਾਣ ਗੈਰ ਹਾਜ਼ਰ, ਸ਼ਿਫਟ, ਡੈੱਡ ਅਤੇ ਡੁਪਲੀਕੇਟ ਵਜੋਂ ਕੀਤੀ ਗਈ ਸੀ ਅਤੇ ਇਸ ਲਈ 13 ਅਗਸਤ ਨੂੰ ਪ੍ਰਕਾਸ਼ਿਤ ਡਰਾਫਟ ਵੋਟਰ ਸੂਚੀ ਵਿਚ 7 ਲੱਖ 3 ਹਜ਼ਾਰ 161 ਵੋਟਰ ਸਨ। ਉਨ੍ਹਾਂ ਦੱਸਿਆ ਕਿ ਦਾਅਵਿਆਂ ਅਤੇ ਇਤਰਾਜ਼ਾਂ ਤੇ ਨੋਟਿਸਾਂ ਦੇ ਪੜਾਅ ਦੌਰਾਨ 4 ਹਜ਼ਾਰ 32 ਵੋਟਰਾਂ ਨੂੰ ਸੂਚੀਆਂ ਵਿੱਚੋਂ ਹਟਾ ਦਿੱਤਾ ਗਿਆ ਸੀ। ਹਾਲਾਂਕਿ, ਇਸ ਪੜਾਅ ਦੌਰਾਨ ਲਗਭਗ 44 ਹਜ਼ਾਰ 248 ਵੋਟਰ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਵਿਸ਼ੇਸ਼ ਗਹਿਰੀ ਸੁਧਾਈ ਐੱਸਆਈਆਰ ਤੋਂ ਪਹਿਲਾਂ ਅਤੇ ਵਿਸ਼ੇਸ਼ ਗਹਿਰੀ ਸੁਧਾਈ ਤੋਂ ਬਾਅਦ ਦੀ ਵੋਟਰ ਸੂਚੀ ਦੀ ਤੁਲਨਾ ਕਰੀਏ ਤਾਂ 33 ਹਜ਼ਾਰ 976 ਵੋਟਰਾਂ ਦਾ ਅੰਤਰ ਹੈ। ਡਿਪਟੀ ਕਮਿਸ਼ਨਰ ਨੇ ਰਾਜਨੀਤਿਕ ਪਾਰਟੀਆਂ ਦੀ ਸਕਾਰਾਤਮਕ ਭੂਮਿਕਾ ਅਤੇ ਉਨ੍ਹਾਂ ਦੇ ਬੂਥ ਲੈਵਲ ਏਜੰਟਾਂ ਦੁਆਰਾ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਗਾਤਾਰ ਸੋਧ ਅਧੀਨ ਨਵੇਂ ਵੋਟਰ ਫਾਰਮ ਉਨ੍ਹਾਂ ਦੇ ਭਰੇ ਜਾ ਸਕਦੇ ਹਨ, ਜੋ ਨਿਰਧਾਰਤ ਸਮੇਂ ਵਿਚ ਯੋਗਤਾ ਪ੍ਰਾਪਤ ਕਰ ਚੁੱਕੇ ਹਨ ਜਾਂ ਯੋਗਤਾ ਪ੍ਰਾਪਤ ਕਰ ਰਹੇ ਹਨ। ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਜ਼ਿਲ੍ਹੇ ਵਿਚ ਵਿਸ਼ੇਸ਼ ਗਹਿਰੀ ਸੁਧਾਈ ਐੱਸਆਈਆਰ ਪ੍ਰਕਿਰਿਆ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੇ ਸਫਲਤਾਪੂਰਵਕ ਸੰਪੂਰਨ ਹੋਣ ’ਤੇ ਵਧਾਈ ਦਿੱਤੀ। ਇਸ ਮੌਕੇ ਤਹਿਸੀਲਦਾਰ ਚੋਣਾਂ ਇੰਦਰਜੀਤ ਸਿੰਘ ਅਤੇ ਚੋਣ ਕਾਨੂੰਗੋ ਦਿਲਬਾਗ ਸਿੰਘ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਗੁਰਭੇਜ ਸਿੰਘ, ਕਾਂਗਰਸ ਤੋਂ ਬਰਕਤ ਸਿੰਘ ਵੋਹਰਾ, ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਤੋਂ ਹੀਰਾ ਸਿੰਘ, ਭਾਰਤੀ ਕਮਿਊਨਿਸਟ ਪਾਰਟੀ ਤੋਂ ਚਰਨ ਸਿੰਘ ਅਤੇ ਆਮ ਆਦਮੀ ਪਾਰਟੀ ਤੋਂ ਮਨਦੀਪ ਸਿੰਘ ਹਾਜ਼ਰ ਸਨ।