ਸਰਕਾਰੀ ਐਲੀਮੈਂਟਰੀ ਸਕੂਲ ਚੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਕਾਰਨ ਕਿਸੇ ਵੇਲੇ ਵੀ ਵਾਪਰ ਸਕਦੈ ਹਾਦਸਾ ਸਰਕਾਰੀ ਐਲੀਮੈਂਟਰੀ ਸਕੂਲ ਚੋਂ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਕਾਰਨ ਕਿਸੇ ਵੇਲੇ ਵੀ ਵਾਪਰ ਸਕਦਾ ਹਾਦਸਾ
Publish Date: Mon, 12 Oct 2026 06:25 PM (IST)
Updated Date: Mon, 12 Oct 2026 06:27 PM (IST)
ਨਰਿੰਦਰ ਸਿੰਘ ਦੋਦੇ•, ਪੰਜਾਬੀ ਜਾਗਰਣ ਸਰਾਏ ਅਮਾਨਤ ਖਾਂ : ਕਸਬਾ ਸਰਾਏ ਅਮਾਨਤ ਖਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ’ਚ ਦੀ ਲੰਘ ਰਹੀਆਂ ਹਾਈ ਵੋਲਟੇਜ ਤਾਰਾਂ ਕਾਰਨ ਕਿਸੇ ਵੇਲੇ ਵੀ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈੱਡ ਟੀਚਰ ਰੁਪਿੰਦਰ ਕੌਰ ਤੇ ਅਧਿਆਪਕ ਮਨਜੀਤ ਸਿੰਘ ਮੀਆਂਪੁਰ ਨੇ ਦੱਸਿਆ ਕਿ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਸਕੂਲ ਦੇ ਵਿੱਚੋਂ 11 ਕੇਵੀ ਹਾਈ ਵੋਲਟੇਜ ਦੀਆਂ ਤਾਰਾਂ ਲੰਘ ਰਹੀਆਂ ਹਨ ਤੇ ਤਾਰਾਂ ਦਾ ਖੰਭਾ ਵੀ ਬਿਲਕੁਲ ਵਿਚਕਾਰ ਗੱਡਿਆ ਹੋਇਆ ਹੈ। ਕਿਸੇ ਵੇਲੇ ਵੀ ਮੌਸਮ ਖ਼ਰਾਬ ਹੋਣ ਜਾਂ ਤੇਜ਼ ਰਫ਼ਤਾਰ ਹਨੇਰੀਆਂ ਕਾਰਨ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਜ਼ਮੀਨ ’ਤੇ ਡਿੱਗ ਸਕਦੀਆਂ ਹਨ। ਜਿਸ ਕਾਰਨ ਹੇਠਾਂ ਖੇਡ ਰਹੇ ਛੋਟੇ-ਛੋਟੇ ਬੱਚਿਆਂ ਨਾਲ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਦਰਖ਼ਾਸਤਾਂ ਦਿੱਤੀਆਂ ਪਰ ਅਧਿਕਾਰੀ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਹੁਣ ਫਿਰ ਸਟਾਫ਼ ਮੈਂਬਰਾਂ ਨੇ ਪਿੰਡ ਦੇ ਮੋਹਤਬਾਰ ਵਿਅਕਤੀਆਂ ਦੀ ਹਾਜ਼ਰੀ ਵਿਚ ਲਿਖਤੀ ਦਰਖ਼ਾਸਤ ਦੇ ਦਿੱਤੀ ਹੈ। ਉਨ੍ਹਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਕੂਲ ਵਿੱਚੋਂ ਲੰਘ ਰਹੀਆਂ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਨੂੰ ਜਲਦੀ ਤੋਂ ਜਲਦੀ ਸਕੂਲ ’ਚੋਂ ਬਾਹਰ ਕੱਢਿਆ ਜਾਵੇ। ਇਸ ਸਬੰਧੀ ਜਦੋਂ ਸਰਾਏ ਅਮਾਨਤ ਖਾਂ ਦੇ ਐੱਸਡੀਓ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਮੰਗਲਵਾਰ ਨੂੰ ਸਵੇਰੇ ਮੌਕਾ ਦੇਖ ਕੇ ਇਸ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ।