ਪਹਿਲ ਦੇ ਆਧਾਰ ’ਤੇ ਹੱਲ ਹੋਣਗੀਆਂ ਵਿਮੁਕਤ ਜਾਤੀਆਂ ਦੀਆਂ ਮੰਗਾਂ : ਸੁਖਬੀਰ ਬਾਦਲ ਪਹਿਲ ਦੇ ਆਧਾਰ ’ਤੇ ਵਿਮੁਕਤ ਜਾਤੀਆਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ : ਸੁਖਬੀਰ ਸਿੰਘ ਬਾਦਲ
Publish Date: Mon, 12 Oct 2026 05:49 PM (IST)
Updated Date: Mon, 12 Oct 2026 05:50 PM (IST)
ਰਾਕੇਸ਼ ਨਈਅਰ•, ਪੰਜਾਬੀ ਜਾਗਰਣ ਚੋਹਲਾ ਸਾਹਿਬ : ਆਲ ਇੰਡੀਆ ਵਿਮੁਕਤ ਜਾਤੀਆਂ ਫੈਡਰੇਸ਼ਨ ਵੱਲੋਂ ਸਾਬਕਾ ਚੇਅਰਮੈਨ ਮੇਜਰ ਸਿੰਘ ਕਲੇਰ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਫੈਡਰੇਸ਼ਨ ਦੇ ਆਗੂਆਂ ਨੇ ਵਿਮੁਕਤ ਜਾਤੀਆਂ ਦੀਆਂ ਮੁੱਖ ਮੰਗਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦੀਆਂ ਅਤੇ ਇਨ੍ਹਾਂ ਨੂੰ ਪਾਰਟੀ ਦੇ ਚੋਣ ਮੈਨੀਫੈਸਟੋ ਵਿਚ ਸ਼ਾਮਿਲ ਕਰਨ ਦੀ ਮੰਗ ਕੀਤੀ। ਇਸ ਮੌਕੇ ਫੈਡਰੇਸ਼ਨ ਦੇ ਆਗੂਆਂ ਨੇ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਅਤੇ ਕਮੇਟੀ ਦੇ ਹੋਰ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਮੇਜਰ ਸਿੰਘ ਕਲੇਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਵਿਮੁਕਤ ਜਾਤੀਆਂ ਨੂੰ ਦਿੱਤਾ ਗਿਆ 2 ਫ਼ੀਸਦੀ ਸਰਵਿਸ ਕੋਟਾ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਸ ਕੋਟੇ ਨੂੰ ਮੁੜ ਲਾਗੂ ਕੀਤਾ ਜਾਵੇ ਅਤੇ ਵਿਮੁਕਤ ਜਾਤੀਆਂ ਦੀਆਂ ਹੋਰ ਪ੍ਰਮੁੱਖ ਮੰਗਾਂ ਨੂੰ ਵੀ ਪਾਰਟੀ ਦੇ ਚੋਣ ਮੈਨੀਫੈਸਟੋ ਵਿਚ ਜਗ੍ਹਾ ਦਿੱਤੀ ਜਾਵੇ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਫੈਡਰੇਸ਼ਨ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਵਿਮੁਕਤ ਜਾਤੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਇਸ ਮੌਕੇ ਪ੍ਰਿੰਸੀਪਲ ਨਿਧਾਨ ਸਿੰਘ ਪਟਿਆਲਾ, ਸੁਰਿੰਦਰਪਾਲ ਫਿਰੋਜ਼ਪੁਰ, ਸਾਵਨ ਸਿੰਘ ਪਠਾਨਕੋਟ, ਵੈਦ ਪ੍ਰਕਾਸ਼ ਪੱਡਾ ਅੰਮ੍ਰਿਤਸਰ, ਵਿਨੋਦ ਕੁਮਾਰ ਟੋਨੀ, ਵਜ਼ੀਰ ਭੁੱਲਰ, ਸੁੱਚਾ ਸਿੰਘ ਚੰਡੀਗੜ੍ਹ, ਮਨਦੀਪ ਸਿੰਘ ਚੰਡੀਗੜ੍ਹ, ਸੁੱਖਾ ਸਿੰਘ ਮਹਿਤਾ, ਵਿਰਸਾ ਸਿੰਘ ਕਰਮੂੰਵਾਲਾ ਤਰਨਤਾਰਨ, ਜਰਨੈਲ ਸਿੰਘ ਸਰਪੰਚ ਖਜਾਲਾ, ਮਹਿੰਦਰ ਸਿੰਘ ਰਾਣੀਵਲਾਹ, ਕਰਨੈਲ ਸਿੰਘ ਕਰਮੂੰਵਾਲਾ, ਹਰਦੇਵ ਸਿੰਘ ਸੰਗਤਪੁਰਾ, ਬਲਵਿੰਦਰ ਸਿੰਘ, ਜੱਜ ਸਿੰਘ ਜਲਾਲਾਬਾਦ, ਗੁਰਮੁਖ ਸਿੰਘ ਫਿਰੋਜ਼ਪੁਰ ਅਤੇ ਰਾਜਬੀਰ ਸਿੰਘ ਜੰਡਿਆਲਾ ਸਮੇਤ ਹੋਰ ਆਗੂ ਮੌਜੂਦ ਸਨ।