ਏਐੱਸਆਈ ਕਤਲ ਮਾਮਲੇ ’ਚ ਦੋ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਏਐੱਸਆਈ ਕਤਲ ਮਾਮਲੇ ’ਚ ਦੋ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ
Publish Date: Mon, 12 Oct 2026 04:44 PM (IST)
Updated Date: Mon, 12 Oct 2026 04:47 PM (IST)
ਥਾਣੇਦਾਰ ਦੇ ਪੁੱਤ ਦੀ ਵਾਇਰਲ ਕਥਿਤ ਆਡੀਓ ਨੇ ਮਾਮਲੇ ਦੀ ਗੰਭੀਰਤਾ ਨੂੰ ਵਧਾਇਆ ਕੇਪੀ ਗਿੱਲ•, ਪੰਜਾਬੀ ਜਾਗਰਣ ਕੈਰੋਂ : ਨੌਸ਼ਹਿਰਾ ਪੰਨੂਆਂ ’ਚ ਪੰਜਾਬ ਪੁਲਿਸ ਕਾਊਂਟਰ ਇੰਟੈਲੀਜੈਂਸ ਦੇ ਏਐੱਸਆਈ ਇਕਬਾਲ ਸਿੰਘ ਦੇ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਦੇ ਮਾਮਲੇ ’ਚ ਥਾਣਾ ਸਰਹਾਲੀ ਦੀ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਤਨੀ ਦਰਸ਼ਨ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦਰਸ਼ਨ ਕੌਰ ਨੇ ਦੱਸਿਆ ਕਿ ਸ਼ਾਮ ਕਰੀਬ ਸਾਢੇ 5 ਵਜੇ ਉਸ ਦਾ ਪਤੀ ਇਕਬਾਲ ਸਿੰਘ, ਜੋ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿਭਾਗ ਮੱਲਾਂਵਾਲਾ, ਜ਼ਿਲ੍ਹਾ ਫਿਰੋਜ਼ਪੁਰ ’ਚ ਤਾਇਨਾਤ ਸੀ ਮੋਟਰਸਾਈਕਲ ’ਤੇ ਆ ਰਿਹਾ ਸੀ ਤੇ ਉਹ ਵੀ ਆਪਣੀ ਐਕਟਿਵਾ ’ਤੇ ਨਾਲ ਹੀ ਚੱਲ ਰਹੀ ਸੀ। ਜਦੋਂ ਉਹ ਨੌਸ਼ਹਿਰਾ ਪੰਨੂਆਂ ਦੇ ਪਟਵਾਰਖਾਨੇ ਸਾਹਮਣੇ ਪਹੁੰਚੇ ਤਾਂ ਪਿੱਛੋਂ ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਆਏ, ਜਿਨ੍ਹਾਂ ਨੇ ਆਉਂਦਿਆਂ ਹੀ ਉਸ ਦੇ ਪਤੀ ਇਕਬਾਲ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ। ਦੋ ਗੋਲੀਆਂ ਉਸ ਦੀ ਛਾਤੀ ’ਚ ਲੱਗੀਆਂ, ਇਕਬਾਲ ਸਿੰਘ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਟਕਰਾ ਕੇ ਡਿੱਗ ਪਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਡੀਐੱਸਪੀ ਪੱਟੀ ਰਵੀਸ਼ੇਰ ਸਿੰਘ ਨੇ ਕਿਹਾ ਕਿ ਮ੍ਰਿਤਕ ਏਐੱਸਆਈ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਰਹਾਲੀ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰਕੇ ਹਮਲਾਵਰਾਂ ਦੀ ਪਛਾਣ ਤੇ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -------------- ਬਾਕਸ- ਪਰਿਵਾਰਾਂ ਤਕ ਪਹੁੰਚੀ ਗੈਂਗਸਟਰਾਂ ਦੀ ਆਪਸੀ ਤਕਰਾਰ! ਮ੍ਰਿਤਕ ਏਐੱਸਆਈ ਦੇ ਪੁੱਤਰ ਨੇ ਆਡੀਓ ਵਾਇਰਲ ਕਰ ਕੇ ਡੋਨੀ ਬੱਲ ਗਰੁੱਪ ਨੂੰ ਧਮਕੀ ਦਿੱਤੀ ਹੈ ਤੇ ਇਕਬਾਲ ਸਿੰਘ ਦੇ ਕਤਲ ਮਗਰੋਂ ਗੈਂਗਸਟਰਾਂ ਵਿਚਾਲੇ ਤਣਾਅ ਵਧਣ ਦੇ ਸੰਕੇਤ ਵੀ ਸਾਹਮਣੇ ਆ ਰਹੇ ਹਨ। ਨੌਸ਼ਹਿਰਾ ਪੰਨੂਆਂ ’ਚ ਏਐੱਸਆਈ ਦੇ ਕਤਲ ਮਗਰੋਂ ਗੈਂਗਸਟਰਾਂ ਵਿਚਾਲੇ ਚੱਲ ਰਹੀ ਕਥਿਤ ਆਪਸੀ ਰੰਜਿਸ਼ ਨੇ ਨਵਾਂ ਮੋੜ ਲੈ ਲਿਆ ਹੈ। ਕਤਲ ਦੀ ਜ਼ਿੰਮੇਵਾਰੀ ਘਣਸ਼ਾਮਪੁਰੀਆ ਗਰੁੱਪ ਵੱਲੋਂ ਲੈਣ ਦੇ ਦਾਅਵੇ ਤੋਂ ਬਾਅਦ ਮ੍ਰਿਤਕ ਏਐੱਸਆਈ ਦੇ ਪੁੱਤਰ ਕੋਮਲਪ੍ਰੀਤ ਸਿੰਘ ਉਰਫ਼ ਕੋਮਲ ਪੰਨੂ ਦੀ ਇਕ ਆਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਦੀ ਗੱਲ ਸਾਹਮਣੇ ਆਈ ਹੈ। ਕੋਮਲ ਪੰਨੂ ਵਲੋਂ ਖੁਦ ਨੂੰ ਪੁਰਤਗਾਲ-ਅਧਾਰਿਤ ਗੈਂਗਸਟਰ ਦੱਸਿਆ ਜਾ ਰਿਹਾ ਹੈ। ਵਾਇਰਲ ਆਡੀਓ ’ਚ ਕੋਮਲ ਪੰਨੂ ਡੋਨੀ ਬੱਲ ਗਰੁੱਪ ਨੂੰ ਸੰਬੋਧਨ ਕਰਦਿਆਂ ਆਪਣੇ ਪਿਤਾ ਦੇ ਕਤਲ ਦਾ ਜ਼ਿਕਰ ਕਰਦਾ ਅਤੇ ਇਸ ਦਾ ਜਵਾਬ ਦੇਣ ਦੀ ਧਮਕੀ ਦਿੰਦਾ ਸੁਣਾਈ ਦੇ ਰਿਹਾ ਹੈ। ਆਡੀਓ ਵਿਚ ਉਹ ਕਹਿੰਦਾ ਹੈ ਕਿ ਉਸ ਦੇ ਪਿਤਾ ਦਾ ਲੰਡਾ ਹਰੀਕੇ ਅਤੇ ਸੱਤਾ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਹਾਲਾਂਕਿ ਉਹ ਉਨ੍ਹਾਂ ਨਾਲ ਆਪਣੇ ਸਬੰਧਾਂ ਦੀ ਗੱਲ ਵੀ ਕਰਦਾ ਹੈ। ਆਡੀਓ ’ਚ ਕੋਮਲ ਪੰਨੂ ਨੇ ਦੋਸ਼ ਲਗਾਇਆ ਕਿ ਪਰਿਵਾਰਾਂ ਨੂੰ ਇਸ ਆਪਸੀ ਜੰਗ ’ਚ ਸ਼ਾਮਿਲ ਕਰਨ ਦੀ ਸ਼ੁਰੂਆਤ ਦੂਜੇ ਪਾਸੇ ਤੋਂ ਕੀਤੀ ਗਈ ਹੈ। ਉਸ ਨੇ ਕਿਹਾ ਕਿ ਪਰਿਵਾਰਾਂ ਤਕ ਪਹੁੰਚੀ ਇਸ ਜੰਗ ਨੂੰ ਖ਼ਤਮ ਕਰਨ ਦਾ ਜਵਾਬ ਵੀ ਉਹ ਦੇਣਗੇ। ਆਡੀਓ ਵਿਚ ਉਸ ਵੱਲੋਂ ਆਪਣੇ ਵਿਰੋਧੀਆਂ ਨੂੰ ਚੁਣੌਤੀ ਦੇਣ ਵਾਲੇ ਸ਼ਬਦ ਵੀ ਵਰਤੇ ਗਏ ਹਨ। ਏਐੱਸਆਈ ਇਕਬਾਲ ਸਿੰਘ ਦੇ ਕਤਲ ਤੋਂ ਬਾਅਦ ਸਾਹਮਣੇ ਆਈ ਇਸ ਆਡੀਓ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਹਾਲਾਂਕਿ, ਵਾਇਰਲ ਆਡੀਓ ਦੀ ਪ੍ਰਮਾਣਿਕਤਾ ਅਤੇ ਇਸ ਵਿਚ ਕੀਤੇ ਗਏ ਦਾਅਵਿਆਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਸ ਘਟਨਾਕ੍ਰਮ ਨਾਲ ਗੈਂਗਸਟਰਾਂ ਦੀ ਆਪਸੀ ਰੰਜਿਸ਼ ਵਿਚ ਪਰਿਵਾਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਖ਼ਦਸ਼ਿਆਂ ਨੂੰ ਲੈ ਕੇ ਚਿੰਤਾ ਵਧ ਰਹੀ ਹੈ।