ਏਸ਼ਿਆਈ ਖੇਡਾਂ ਦੀ ਸੋਨ ਤਮਗਾ ਜੇਤੂ ਹਾਕੀ ਖਿਡਾਰਨ ਬਲਜੀਤ ਕੌਰ ਦਾ ਪਹੂਵਿੰਡ ਪੁੱਜਣ ’ਤੇ ਸਵਾਗਤ ਏਸ਼ਿਆਈ ਖੇਡਾਂ ਦੀ ਸੋਨ ਤਮਗਾ ਜੇਤੂ ਹਾਕੀ ਖਿਡਾਰਨ ਬਲਜੀਤ ਕੌਰ ਦਾ ਪਹੂਵਿੰਡ ਪੁੱਜਣ ’ਤੇ ਸਵਾਗਤ
Publish Date: Sun, 11 Oct 2026 07:01 PM (IST)
Updated Date: Sun, 11 Oct 2026 07:02 PM (IST)
2028 ਦੀਆਂ ਓਲੰਪਿਕ ਖੇਡਾਂ ਲਈ ਭਾਰਤੀ ਟੀਮ ਦੇ ਕੁਆਲੀਫਾਈ ਕਰਨ ’ਤੇ ਵੀ ਦਿੱਤੀ ਵਧਾਈ ਰਾਜਨ ਚੋਪੜਾ•, ਪੰਜਾਬੀ ਜਾਗਰਣ ਭਿੱਖੀਵਿੰਡ : ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੱਕਾ ਕੰਡਿਆਲਾ ਦੀ ਹਾਕੀ ਖਿਡਾਰਨ ਬਲਜੀਤ ਕੌਰ ਵੱਲੋਂ ਜਾਪਾਨ ਵਿਚ ਹੋਈਆਂ ਏਸ਼ਿਆਈ ਖੇਡਾਂ ’ਚ ਸੋਨ ਤਮਗ਼ਾ ਜਿੱਤਣ ਮਗਰੋਂ ਗੁਰਦੁਆਰਾ ਜਨਮ ਅਸਥਾਨ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ, ਪਿੰਡ ਪਹੂਵਿੰਡ ਵਿਖੇ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ ਦੇ ਨੁਮਾਇੰਦਿਆਂ ਅਤੇ ਪੰਜਾਬ ਪੁਲਿਸ ਦੇ ਸਬ-ਡਵੀਜ਼ਨ ਭਿੱਖੀਵਿੰਡ ਦੇ ਡੀਐੱਸਪੀ ਅਤੁਲ ਸੋਨੀ ਸਮੇਤ ਹੋਰ ਸ਼ਖ਼ਸੀਅਤਾਂ ਨੇ ਖਿਡਾਰਨ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਬਲਜੀਤ ਕੌਰ ਦੇ ਨਾਲ ਉਨ੍ਹਾਂ ਦੇ ਕੋਚ ਡੀਐੱਸਪੀ ਸ਼ਰਨਜੀਤ ਸਿੰਘ, ਜੋ ਵਿਜੀਲੈਂਸ ਬਿਊਰੋ ਵਿਚ ਤਾਇਨਾਤ ਹਨ, ਦਾ ਵੀ ਗੁਰੂ ਦੀ ਬਖ਼ਸ਼ਿਸ਼ ਵਜੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਇਸ ਦੌਰਾਨ ਖਿਡਾਰਨ ਦੀ ਖੇਡ ਪ੍ਰਾਪਤੀ ਵਿਚ ਕੋਚ ਦੀ ਭੂਮਿਕਾ ਅਤੇ ਖਿਡਾਰੀਆਂ ਨੂੰ ਸਹੀ ਸੇਧ ਦੇਣ ਦੇ ਮਹੱਤਵ ਦੀ ਵੀ ਸ਼ਲਾਘਾ ਕੀਤੀ ਗਈ। ਇਸ ਮੌਕੇ ਬਲਜੀਤ ਕੌਰ ਨੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸ੍ਰੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਪ੍ਰਭਜੋਤ ਸਿੰਘ ਅਤੇ ਹੋਰ ਪ੍ਰਬੰਧਕਾਂ ਨੇ ਖਿਡਾਰਨ ਦਾ ਸਵਾਗਤ ਕਰਦਿਆਂ ਉਸ ਦੀ ਖੇਡ ਪ੍ਰਾਪਤੀ ਦੀ ਸ਼ਲਾਘਾ ਕੀਤੀ। ਇਸ ਮੌਕੇ ਨਗਰ ਪੰਚਾਇਤ ਭਿੱਖੀਵਿੰਡ ਦੇ ਸੀਨੀਅਰ ਮੀਤ ਪ੍ਰਧਾਨ ਵਿਨੇ ਮਲਹੋਤਰਾ ਨੇ ਬਲਜੀਤ ਕੌਰ ਨੂੰ ਏਸ਼ਿਆਈ ਖੇਡਾਂ ਵਿਚ ਸੋਨ ਤਮਗਾ ਜਿੱਤਣ ਅਤੇ ਭਾਰਤੀ ਹਾਕੀ ਟੀਮ ਦੇ ਸਾਲ 2028 ਵਿਚ ਲਾਸ ਏਂਜਲਸ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨ ’ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬਲਜੀਤ ਕੌਰ ਦੀ ਪ੍ਰਾਪਤੀ ਹੋਰਨਾਂ ਲੜਕੀਆਂ ਲਈ ਪ੍ਰੇਰਨਾ ਸਰੋਤ ਹੈ। ਉਸ ਨੇ ਆਪਣੀ ਮਿਹਨਤ, ਲਗਨ ਅਤੇ ਸਮਰਪਣ ਨਾਲ ਸਾਬਿਤ ਕੀਤਾ ਹੈ ਕਿ ਦ੍ਰਿੜ੍ਹ ਇਰਾਦੇ ਨਾਲ ਕਿਸੇ ਵੀ ਮੰਜ਼ਿਲ ਨੂੰ ਹਾਸਿਲ ਕੀਤਾ ਜਾ ਸਕਦਾ ਹੈ। ਪਿੰਡ ਪਹੂਵਿੰਡ ਦੇ ਸਰਪੰਚ ਜੁਗਰਾਜ ਸਿੰਘ ਨੇ ਕਿਹਾ ਕਿ ਲੜਕੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਮਿਹਨਤ ਦੀ ਭਾਵਨਾ ਪੈਦਾ ਕਰਦੀਆਂ ਹਨ। ਬਲਜੀਤ ਕੌਰ ਵਰਗੀਆਂ ਖਿਡਾਰਨਾਂ ਦੀਆਂ ਪ੍ਰਾਪਤੀਆਂ ਪੇਂਡੂ ਖੇਤਰ ਦੀਆਂ ਹੋਰ ਧੀਆਂ ਨੂੰ ਵੀ ਖੇਡਾਂ ਦੇ ਖੇਤਰ ਵਿਚ ਅੱਗੇ ਵਧਣ ਲਈ ਉਤਸ਼ਾਹਿਤ ਕਰਦੀਆਂ ਹਨ। ਇਸ ਮੌਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਿੱਖੀਵਿੰਡ ਰਜਵੰਤ ਸਿੰਘ ਪਹੂਵਿੰਡ, ਡੀਐੱਸਪੀ ਅਤੁਲ ਸੋਨੀ, ਐੱਸਐੱਚਓ ਹਰਪ੍ਰੀਤ ਸਿੰਘ ਵਿਰਕ, ਐੱਸਐੱਚਓ ਗੁਰਚਰਨ ਸਿੰਘ, ਟਰੇਡ ਵਿੰਗ ਹਲਕਾ ਖੇਮਕਰਨ ਦੇ ਚੇਅਰਮੈਨ ਮਦਨ ਮੋਹਨ ਮੋਂਗਾ ਅਤੇ ਹੋਰ ਪਤਵੰਤੇ ਮੌਜੂਦ ਸਨ।