ਸਰਾਏ ਅਮਾਨਤ ਖਾਂ ਤੋਂ ਢੰਡ ਨੂੰ ਜਾਣ ਵਾਲੀ ਸੜਕ ਬਣੀ ਹਾਦਸਿਆਂ ਦਾ ਕਾਰਨ ਸਰਾਏ ਅਮਾਨਤ ਖਾਂ ਤੋਂ ਢੰਡ ਨੂੰ ਜਾਣ ਵਾਲੀ ਸੜਕ ਬਣੀ ਹਾਦਸਿਆਂ ਦਾ ਕਾਰਨ
Publish Date: Sun, 11 Oct 2026 05:53 PM (IST)
Updated Date: Sun, 11 Oct 2026 05:53 PM (IST)
ਮਿੱਟੀ ਤੇ ਬੱਜਰੀ ਪਾ ਕੇ ਉੱਚਾ ਕਰਨ ਕਾਰਨ ਵਧਿਆ ਹਾਦਸਿਆਂ ਦਾ ਖ਼ਤਰਾ, ਕਈ ਰਾਹਗੀਰ ਜ਼ਖ਼ਮੀ ਨਰਿੰਦਰ ਸਿੰਘ ਦੋਦੇ, •ਪੰਜਾਬੀ ਜਾਗਰਣ ਸਰਾਏ ਅਮਾਨਤ ਖਾਂ : ਕਸਬਾ ਸਰਾਏ ਅਮਾਨਤ ਖਾਂ ਤੋਂ ਢੰਡ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਅਤੇ ਟੁੱਟੀ ਸੜਕ ਵਾਲੀ ਥਾਂ ’ਤੇ ਮਿੱਟੀ ਤੇ ਬੱਜਰੀ ਪਾ ਕੇ ਉੱਚਾ ਕਰਨ ਕਾਰਨ ਸੜਕ ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ। ਇਸ ਕਾਰਨ ਕਈ ਰਾਹਗੀਰ ਹਾਦਸਿਆਂ ਦਾ ਸ਼ਿਕਾਰ ਹੋ ਕੇ ਜ਼ਖ਼ਮੀ ਹੋ ਚੁੱਕੇ ਹਨ। ਬੀਤੀ ਸ਼ਾਮ ਵੀ ਇਕ ਬਜ਼ੁਰਗ ਮੋਟਰਸਾਈਕਲ ਸਵਾਰ ਸੜਕ ’ਤੇ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਛੇਹਰਟਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਰਾਜਵਿੰਦਰ ਸਿੰਘ ਪੰਨੂ ਅਤੇ ਕਿਸਾਨ ਆਗੂ ਦਲਬੀਰ ਸਿੰਘ ਮਾਣਕਪੁਰ ਨੇ ਦੱਸਿਆ ਕਿ ਸਰਾਏ ਅਮਾਨਤ ਖਾਂ ਤੋਂ ਢੰਡ ਨੂੰ ਜਾਣ ਵਾਲੀ ਸੜਕ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 10-15 ਦਿਨਾਂ ਤੋਂ ਚਿੱਟੀ ਖੂਹੀ ਨੇੜੇ ਸੜਕ ਦੀ ਹਾਲਤ ਕਾਫ਼ੀ ਖ਼ਰਾਬ ਹੋਣ ਕਾਰਨ ਸੜਕ ਵਿਭਾਗ ਦੇ ਕੁਝ ਕਰਮਚਾਰੀ ਮੌਕੇ ’ਤੇ ਪਹੁੰਚੇ ਸਨ। ਉਨ੍ਹਾਂ ਵੱਲੋਂ ਸੜਕ ਦੀ ਮੁਰੰਮਤ ਕਰਨ ਦੀ ਬਜਾਏ ਟੁੱਟੀ ਹੋਈ ਥਾਂ ’ਤੇ ਬੱਜਰੀ ਅਤੇ ਮਿੱਟੀ ਪਾ ਦਿੱਤੀ ਗਈ, ਜਿਸ ਕਾਰਨ ਸੜਕ ਦਾ ਉਹ ਹਿੱਸਾ ਬਾਕੀ ਸੜਕ ਦੇ ਮੁਕਾਬਲੇ ਕਾਫ਼ੀ ਉੱਚਾ ਹੋ ਗਿਆ। ਉਨ੍ਹਾਂ ਕਿਹਾ ਕਿ ਸੜਕ ਦੇ ਦੋਵੇਂ ਪਾਸਿਆਂ ਤੋਂ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਉੱਚੇ-ਨੀਵੇਂ ਹਿੱਸੇ ਦਾ ਸਹੀ ਅੰਦਾਜ਼ਾ ਨਹੀਂ ਲੱਗਦਾ, ਜਿਸ ਕਾਰਨ ਮੋਟਰਸਾਈਕਲ ਅਤੇ ਕਾਰ ਸਵਾਰ ਅਚਾਨਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਅਨੁਸਾਰ, ਪਿਛਲੇ ਕੁਝ ਦਿਨਾਂ ਦੌਰਾਨ ਇਸ ਥਾਂ ’ਤੇ ਕਈ ਮੋਟਰਸਾਈਕਲ ਸਵਾਰ ਹਾਦਸਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਇਕ ਬਜ਼ੁਰਗ ਮੋਟਰਸਾਈਕਲ ਸਵਾਰ ਵੀ ਇਸੇ ਥਾਂ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੇ ਸਿਰ ਵਿੱਚੋਂ ਕਾਫ਼ੀ ਖ਼ੂਨ ਵਗਣ ਕਾਰਨ ਉਸ ਨੂੰ ਤੁਰੰਤ ਇਲਾਜ ਲਈ ਛੇਹਰਟਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸ ਮੌਕੇ ਇਕੱਤਰ ਹੋਏ ਲੋਕਾਂ ਨੇ ਸਰਕਾਰ ਅਤੇ ਸਬੰਧਿਤ ਸੜਕ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸੜਕ ਦੀ ਖਸਤਾ ਹਾਲਤ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਲਦੀ ਤੋਂ ਜਲਦੀ ਪੱਕੀ ਮੁਰੰਮਤ ਕਰਵਾਈ ਜਾਵੇ, ਤਾਂ ਜੋ ਹੋਰ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਰਾਹਗੀਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਸਬੰਧੀ ਜਦੋਂ ਸੜਕ ਵਿਭਾਗ ਦੇ ਕਰਮਚਾਰੀਆਂ ਨਾਲ ਫ਼ੋਨ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਵੀ ਅਧਿਕਾਰੀ ਨੇ ਫ਼ੋਨ ਨਹੀਂ ਚੁੱਕਿਆ। ਇਸ ਮੌਕੇ ਰਾਜਵਿੰਦਰ ਸਿੰਘ ਪੰਨੂ, ਗੁਰਬਿੰਦਰ ਸਿੰਘ ਜੰਡ, ਅਕਾਸ਼ਦੀਪ ਸਿੰਘ, ਦੀਪ ਸਿੰਘ, ਸਰਪੰਚ ਸਵਿੰਦਰ ਸਿੰਘ, ਪਰਮਜੀਤ ਸਿੰਘ ਪੰਮਾ, ਕਿਸਾਨ ਆਗੂ ਦਲਬੀਰ ਸਿੰਘ ਮੱਲ੍ਹੀ, ਬਖ਼ਸ਼ੀਸ਼ ਸਿੰਘ ਦੋਧੀ, ਗੁਰਮੀਤ ਸਿੰਘ, ਗੁਰਦਿਆਲ ਸਿੰਘ ਸਮੇਤ ਹੋਰ ਲੋਕ ਹਾਜ਼ਰ ਸਨ।