ਸ੍ਰੀ ਦਰਬਾਰ ਸਾਹਿਬ ਤਰਨਤਾਰਨ ’ਚ ਸ਼ਰਧਾ ਨਾਲ ਮਨਾਈ ਅੱਸੂ ਮਹੀਨੇ ਦੀ ਮੱਸਿਆ ਸ੍ਰੀ ਦਰਬਾਰ ਸਾਹਿਬ ਤਰਨਤਾਰਨ ’ਚ ਸ਼ਰਧਾ ਨਾਲ ਮਨਾਈ ਅੱਸੂ ਮਹੀਨੇ ਦੀ ਮੱਸਿਆ
Publish Date: Sat, 10 Oct 2026 08:18 PM (IST)
Updated Date: Sat, 10 Oct 2026 08:20 PM (IST)
ਦੋਵੇਂ ਦਿਨ ਲੱਖਾਂ ਸ਼ਰਧਾਲੂਆਂ ਨੇ ਭਰੀ ਹਾਜ਼ਰੀ, ਪਵਿੱਤਰ ਸਰੋਵਰ ’ਚ ਕੀਤੇ ਇਸ਼ਨਾਨ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਅੱਸੂ ਮਹੀਨੇ ਦੀ ਚੌਦਸ ਅਤੇ ਮੱਸਿਆ ਦਾ ਦਿਹਾੜਾ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦੋਵੇਂ ਦਿਨ ਲੱਖਾਂ ਦੀ ਗਿਣਤੀ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤ ਗੁਰੂ ਘਰ ਪੁੱਜੀ ਅਤੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ। ਸੰਗਤ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਨਤਮਸਤਕ ਹੋ ਕੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸੀਸ ਨਿਵਾਇਆ, ਉੱਥੇ ਹੀ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਮਨ ਬਿਰਤੀ ਇਕਾਗਰ ਕਰ ਕੇ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ। ਹਜ਼ੂਰੀ ਰਾਗੀ ਜਥਿਆਂ ਨੇ ਸਾਰਾ ਦਿਨ ਗੁਰਬਾਣੀ ਦੇ ਰਸਭਿੰਨੇ ਸ਼ਬਦ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਲੰਗਰ ਹਾਲ ਵਿਖੇ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਦੇ ਰਹੇ। ਦੀਵਾਨ ਹਾਲ ਵਿਖੇ ਚੌਦਸ ਅਤੇ ਮੱਸਿਆ ਦੇ ਦਿਹਾੜਿਆਂ ’ਤੇ ਦਿਨ-ਰਾਤ ਭਾਰੀ ਦੀਵਾਨ ਸਜਿਆ ਜਿਸ ਵਿਚ ਭਾਈ ਸੁਰਜੀਤ ਸਿੰਘ, ਭਾਈ ਗੁਰਪਾਲ ਸਿੰਘ, ਭਾਈ ਸਤਨਾਮ ਸਿੰਘ ਚੰਗਿਆੜਾ, ਭਾਈ ਲਵਪ੍ਰੀਤ ਸਿੰਘ ਬੈਂਕਾ, ਭਾਈ ਸਰਵਣ ਸਿੰਘ ਅਜ਼ਾਦ, ਭਾਈ ਸੁਲਤਾਨ ਸਿੰਘ ਪੰਧੇਰ, ਭਾਈ ਹਰਪ੍ਰੀਤ ਸਿੰਘ ਮੱਤੇਵਾਲ, ਬਾਈ ਸੁਲੱਖਣ ਸਿੰਘ ਰਿਆੜ, ਭਾਈ ਭਗਵੰਤ ਸਿੰਘ ਸੂਰਵਿੰਡ ਅਤੇ ਭਾਈ ਗੁਰਚਰਨ ਸਿੰਘ ਧਾਰੀਵਾਲ ਦੇ ਕਵੀਸ਼ਰੀ ਜਥੇ ਨੇ ਜਿਥੇ ਹਾਜ਼ਰੀ ਭਰੀ। ਉੱਥੇ ਹੀ ਭਾਈ ਸ਼ਰਨਜੀਤ ਸਿੰਘ ਝਬਾਲ, ਭਾਈ ਸਾਹਿਬਪ੍ਰੀਤ ਸਿੰਘ, ਭਾਈ ਸੁਰਜੀਤ ਸਿੰਘ ਕੋਟ ਖਾਲਸਾ, ਭਾਈ ਸਤਪਾਲ ਸਿੰਘ, ਭਾਈ ਅਵਤਾਰ ਸਿੰਘ ਧਾਰੀਵਾਲ, ਭਾਈ ਗੁਰਜੀਤ ਸਿੰਘ ਮਾਣੋਚਾਹਲ, ਭਾਈ ਨਿਰਮਲ ਸਿੰਘ ਜੇਠੂਵਾਲ ਤੇ ਭਾਈ ਗੁਰਨਾਮ ਸਿੰਘ ਮਲੀਆ ਦੇ ਢਾਡੀ ਜਥੇ ਨੇ ਗੁਰੂ ਇਤਿਹਾਸ ਸਰਵਣ ਕਰਵਾ ਕੇ ਸੰਗਤ ਨੂੰ ਨਿਹਾਲ ਕੀਤਾ। ਜਦੋਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਲਖਮੀਰ ਸਿੰਘ ਕੱਕਾ ਕੰਡਿਆਲਾ ਤੇ ਭਾਈ ਦਿਲਬਾਗ ਸਿੰਘ ਸਭਰਾ ਨੇ ਵੀ ਸੰਗਤ ਨਾਲ ਕਥਾ ਵਿਚਾਰਾਂ ਦੀ ਸਾਂਝ ਪਾਈ। ਪਿੰਡਾਂ ਤੇ ਸ਼ਹਿਰ ’ਚ ਕਈ ਥਾਵਾਂ ’ਤੇ ਲੱਗੇ ਗੁਰੂ ਕੇ ਲੰਗਰ ਮੱਸਿਆ ਦੇ ਦਿਹਾੜੇ ’ਤੇ ਗੁਰੂ ਘਰ ਆਉਣ ਵਾਲੀ ਸੰਗਤ ਦੀ ਟਹਿਲ ਸੇਵਾ ਵਾਸਤੇ ਤਰਨਤਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਜਿੱਥੇ ਸ਼ਰਧਾਲੂਆਂ ਨੇ ਗੁਰੂ ਕੇ ਲੰਗਰ ਲਗਾਏ, ਉੱਥੇ ਹੀ ਤਰਨਤਾਰਨ ਵੱਲ ਆਉਂਦੀਆਂ ਸੜਕਾਂ ’ਤੇ ਪੈਂਦੇ ਵੱਖ-ਵੱਖ ਪਿੰਡਾਂ ਦੇ ਸ਼ਰਧਾਲੂਆਂ ਵੱਲੋਂ ਆਪੋ-ਆਪਣੇ ਪਿੰਡਾਂ ਦੇ ਅੱਡਿਆਂ ’ਤੇ ਮਹੀਨਾਵਾਰੀ ਲੰਗਰ ਲਗਾਏ ਤਾਂ ਜੋ ਗੁਰੂ ਘਰ ਜਾਣ ਵਾਲੀ ਸੰਗਤ ਨੂੰ ਲੰਗਰ ਛਕਾਏ ਜਾ ਸਕਣ। ਕਈ ਥਾਵਾਂ ’ਤੇ ਚਾਹ ਦੇ ਲੰਗਰ ਅਤੇ ਛਬੀਲਾਂ ਵੀ ਲਗਾਈਆਂ ਗਈਆਂ। ਚੌਦਸ ਤੇ ਮੱਸਿਆ ਦੇ ਦਿਹਾੜੇ ’ਤੇ ਕੀਤੇ ਜਾਂਦੇ ਹਨ ਵਿਸ਼ੇਸ਼ ਪ੍ਰਬੰਧ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਭਾਈ ਹਰਜਿੰਦਰ ਸਿੰਘ ਪੱਟੀ ਨੇ ਦੱਸਿਆ ਕਿ ਚੌਦਸ ਅਤੇ ਮੱਸਿਆ ਦੇ ਦਿਹਾੜੇ ਦਾ ਤਰਨਤਾਰਨ ਵਿਚ ਖਾਸ ਮਹੱਤਵ ਹੈ। ਦੋਵੇਂ ਦਿਨ ਗੁਰੂ ਘਰ ਵਿਚ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਪਹੁੰਚਦੇ ਹਨ। ਉਨ੍ਹਾਂ ਦੱਸਿਆ ਕਿ ਸੰਗਤ ਦੀ ਵੱਡੀ ਆਮਦ ਦੇ ਚੱਲਦਿਆਂ ਹਰ ਤਰ੍ਹਾਂ ਦੇ ਪ੍ਰਬੰਧ ਵਿਸ਼ੇਸ਼ ਤਰੀਕੇ ਨਾਲ ਕੀਤੇ ਜਾਂਦੇ ਹਨ, ਤਾਂ ਜੋ ਸੰਗਤ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਸਮੂਹ ਸਟਾਫ਼ ਵੱਲੋ ਚੌਦਸ ਅਤੇ ਮੱਸਿਆ ਦੇ ਦਿਹਾੜੇ ’ਤੇ ਪੂਰੀ ਤਨਦੇਹੀ ਨਾਲ ਡਿਊਟੀਆਂ ਨਿਭਾਈਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਦਾ ਤਹਿ ਦਿਲੋਂ ਸਵਾਗਤ ਕੀਤਾ।