ਖਡੂਰ ਸਾਹਿਬ ’ਚ ਭਾਰਤੀ ਕਮਿਊਨਿਸਟ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ ਖਡੂਰ ਸਾਹਿਬ ’ਚ ਭਾਰਤੀ ਕਮਿਊਨਿਸਟ ਪਾਰਟੀ ਨੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕਿਆ
Publish Date: Sat, 10 Oct 2026 06:20 PM (IST)
Updated Date: Sat, 10 Oct 2026 06:23 PM (IST)
ਕੁਲਦੀਪ ਸਿੰਘ ਮਾਨ, •ਪੰਜਾਬੀ ਜਾਗਰਣ ਖਡੂਰ ਸਾਹਿਬ : ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਐੱਸਆਈਆਰ ਦੀ ਆੜ ਹੇਠ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਲੱਖਾਂ ਲੋਕਾਂ ਦੇ ਨਾਂ ਵੋਟਰ ਸੂਚੀਆਂ ਵਿੱਚੋਂ ਕੱਟਣ ਦੇ ਦੋਸ਼ ਲਗਾਉਂਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਸ਼ੁੱਕਰਵਾਰ ਨੂੰ ਖਡੂਰ ਸਾਹਿਬ ਵਿਖੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਪਾਰਟੀ ਵਰਕਰਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ ਅਤੇ ਚੋਣ ਕਮਿਸ਼ਨ ਦੀ ਕਾਰਜ ਪ੍ਰਣਾਲੀ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਦਰਸ਼ਨੀ ਡਿਓੜੀ ਦੇ ਸਾਹਮਣੇ ਸਥਿਤ ਮੁੱਖ ਚੌਕ ਵਿਚ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਪਾਰਟੀ ਦੇ ਸੂਬਾ ਕੌਂਸਲ ਮੈਂਬਰ ਕਾਮਰੇਡ ਗੁਰਦਿਆਲ ਸਿੰਘ ਅਤੇ ਬਲਾਕ ਸਕੱਤਰ ਕਾਮਰੇਡ ਬਲਜੀਤ ਸਿੰਘ ਫਤਿਆਬਾਦ ਨੇ ਕੀਤੀ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਦਵਿੰਦਰ ਸੋਹਲ ਅਤੇ ਜ਼ਿਲ੍ਹਾ ਖ਼ਜ਼ਾਨਚੀ ਕਾਮਰੇਡ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਸੰਬੋਧਨ ਕਰਦਿਆਂ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਸੱਤਾ ’ਤੇ ਕਾਬਜ਼ ਰਹਿਣ ਲਈ ਵੋਟਰ ਸੂਚੀਆਂ ਵਿੱਚੋਂ ਇਕ ਖ਼ਾਸ ਫ਼ਿਰਕੇ ਦੇ ਵੋਟਰਾਂ ਦੇ ਨਾਂ ਕਟਵਾ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਥਿਤ ਫ਼ਾਸ਼ੀਵਾਦੀ ਨੀਤੀਆਂ ਨੂੰ ਕਮਿਊਨਿਸਟ ਪਾਰਟੀਆਂ ਅਤੇ ਦੇਸ਼ ਦੀਆਂ ਹੋਰ ਧਰਮ-ਨਿਰਪੱਖ ਧਿਰਾਂ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੀਆਂ। ਉਨ੍ਹਾਂ ਮੁੱਖ ਚੋਣ ਕਮਿਸ਼ਨਰ ਨੂੰ ਤੁਰੰਤ ਅਹੁਦੇ ਤੋਂ ਫਾਰਗ ਕਰਨ ਅਤੇ ਗ੍ਰਿਫ਼ਤਾਰ ਕਰਨ ਦੀ ਮੰਗ ਵੀ ਕੀਤੀ। ਇਸ ਦੌਰਾਨ ਕਮਿਊਨਿਸਟ ਆਗੂਆਂ ਨੇ ਲਗਾਤਾਰ ਵਧ ਰਹੀ ਮਹਿੰਗਾਈ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕਰਿਆਨੇ ਸਮੇਤ ਵੱਖ-ਵੱਖ ਦੁਕਾਨਾਂ ’ਤੇ ਵਸਤਾਂ ਦੇ ਮਨਮਰਜ਼ੀ ਨਾਲ ਰੇਟ ਵਸੂਲੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਬੰਧਿਤ ਵਿਭਾਗਾਂ ਵੱਲੋਂ ਦੁਕਾਨਾਂ ਦੀ ਜਾਂਚ ਕੀਤੀ ਜਾਵੇ, ਵਸਤਾਂ ਦੀਆਂ ਕੀਮਤਾਂ ’ਤੇ ਨਿਗਰਾਨੀ ਰੱਖੀ ਜਾਵੇ ਅਤੇ ਨਿਰਧਾਰਤ ਕੀਮਤਾਂ ਤੋਂ ਵੱਧ ਰੇਟ ਵਸੂਲਣ ਵਾਲੇ ਦੁਕਾਨਦਾਰਾਂ ਵਿਰੁੱਧ ਬਣਦੀ ਕਾਰਵਾਈ ਕਰਦਿਆਂ ਜੁਰਮਾਨੇ ਕੀਤੇ ਜਾਣ। ਆਗੂਆਂ ਨੇ ਕਿਹਾ ਕਿ ਸਰਕਾਰ ਵਧ ਰਹੀਆਂ ਕੀਮਤਾਂ ’ਤੇ ਕਾਬੂ ਪਾਉਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਵਾਧੇ ਦੀ ਨਿੰਦਾ ਕਰਦਿਆਂ ਤੇਲ ਦੀਆਂ ਕੀਮਤਾਂ ਵਿਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਕਾਮਰੇਡ ਦਰਸ਼ਨ ਸਿੰਘ ਬਿਹਾਰੀਪੁਰ, ਜਗਤਾਰ ਸਿੰਘ ਖਡੂਰ ਸਾਹਿਬ, ਦਲਬੀਰ ਸਿੰਘ ਕੈਰੋਂ, ਸੁਖਦੇਵ ਸਿੰਘ ਭਲਾਈਪੁਰ, ਗੁਰਚਰਨ ਸਿੰਘ ਕੰਡਾ, ਘੁੱਕ ਸਿੰਘ ਵੇਂਈਪੂੰਈ, ਭਗਵੰਤ ਸਿੰਘ ਵੇਂਈਪੂੰਈ, ਮੇਜਰ ਸਿੰਘ ਦਾਰਾਪੁਰ, ਸੁਖਵਿੰਦਰ ਸਿੰਘ ਮੁਗਲਾਣੀ ਅਤੇ ਜਤਿੰਦਰ ਕੁਮਾਰ ਮੁਗਲਾਣੀ ਸਮੇਤ ਹੋਰ ਪਾਰਟੀ ਆਗੂਆਂ ਤੇ ਵਰਕਰਾਂ ਨੇ ਪਾਰਟੀ ਦੇ ਝੰਡੇ ਲੈ ਕੇ ਰੋਸ ਮੁਜ਼ਾਹਰੇ ਵਿਚ ਸ਼ਮੂਲੀਅਤ ਕੀਤੀ।