ਕਿਰਤੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਤਕ ਸੰਘਰਸ਼ ਜਾਰੀ ਰਹੇਗਾ : ਕਾਮਰੇਡ ਆਗੂ ਕਿਰਤੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਤਕ ਸੰਘਰਸ਼ ਜਾਰੀ ਰਹੇਗਾ : ਕਾਮਰੇਡ ਆਗੂ
Publish Date: Sat, 10 Oct 2026 05:16 PM (IST)
Updated Date: Sat, 10 Oct 2026 05:17 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਸੀਟੂ ਪੰਜਾਬ ਦੀ ਜ਼ਿਲ੍ਹਾ ਤਰਨਤਾਰਨ ਇਕਾਈ ਵੱਲੋਂ ਸ਼ਨਿਚਰਵਾਰ ਨੂੰ ਰਾਮਗੜ੍ਹੀਆ ਬੁੰਗਾ, ਤਰਨਤਾਰਨ ਵਿਖੇ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ। ਇਸ ਮੌਕੇ ਸੀਟੂ ਦੇ ਵਰਕਰਾਂ ਦਾ ਵਿਸ਼ਾਲ ਇਕੱਠ ਹੋਇਆ। ਕਨਵੈਨਸ਼ਨ ਦੀ ਸਾਂਝੀ ਪ੍ਰਧਾਨਗੀ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ, ਕਾਮਰੇਡ ਪਾਲ ਸਿੰਘ ਜਾਮਾਰਾਏ, ਕਾਮਰੇਡ ਬਲਦੇਵ ਸਿੰਘ ਗੋਹਲਵੜ, ਕਾਮਰੇਡ ਕਰਮ ਸਿੰਘ ਲਾਲਪੁਰਾ, ਕਾਮਰੇਡ ਅਜਮੇਰ ਸਿੰਘ ਤਰਨਤਾਰਨ, ਕਾਮਰੇਡ ਜਸਵਿੰਦਰ ਸਿੰਘ ਮਾਣੋਚਾਹਲ, ਕਾਮਰੇਡ ਮਹਿੰਦਰ ਸਿੰਘ ਪੱਟੀ, ਕਾਮਰੇਡ ਗੁਰਮੀਤ ਕੌਰ ਰਟੌਲ ਅਤੇ ਕਾਮਰੇਡ ਦਵਿੰਦਰ ਸਿੰਘ ਪੱਖੋਕੇ ਨੇ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਸੀਟੂ ਪੰਜਾਬ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਮਹਾਂ ਸਿੰਘ ਰੋੜੀ, ਸੂਬਾ ਮੀਤ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ, ਮਨਰੇਗਾ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੇ ਸੂਬਾ ਜਨਰਲ ਸਕੱਤਰ ਕਾਮਰੇਡ ਅਮਰਨਾਥ ਕੂਮਕਲਾ ਅਤੇ ਸੀਟੂ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਸੁਖਦੇਵ ਸਿੰਘ ਗੋਹਲਵੜ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਕਿਰਤੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਤਕ ਸੰਘਰਸ਼ ਜਾਰੀ ਰਹੇਗਾ। ਆਗੂਆਂ ਨੇ ਮੰਗ ਕੀਤੀ ਕਿ ਘੱਟੋਂ-ਘੱਟ ਉਜਰਤ 42 ਹਜ਼ਾਰ ਰੁਪਏ ਪ੍ਰਤੀ ਮਹੀਨਾ ਨਿਰਧਾਰਤ ਕੀਤੀ ਜਾਵੇ। ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਮਿਡ-ਡੇ-ਮੀਲ ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਲਗਾਤਾਰ ਵਧ ਰਹੀ ਮਹਿੰਗਾਈ ਨੂੰ ਨੱਥ ਪਾਈ ਜਾਵੇ। ਉਨ੍ਹਾਂ ਕਿਹਾ ਕਿ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਦਿਆਂ ਗਰੀਬ ਪਰਿਵਾਰਾਂ ਨੂੰ ਰਸੋਈ ਵਿਚ ਵਰਤੀਆਂ ਜਾਣ ਵਾਲੀਆਂ 14 ਜ਼ਰੂਰੀ ਵਸਤਾਂ ਅੱਧੇ ਭਾਅ ’ਤੇ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਦੱਸਿਆ ਕਿ 1 ਤੇ 2 ਦਸੰਬਰ ਨੂੰ ਦਿੱਲੀ ਵਿਖੇ ਮਹਾਂ ਪੜਾਅ ਕੀਤਾ ਜਾਵੇਗਾ, ਜਿਸ ਵਿਚ ਪੰਜਾਬ ਵਿੱਚੋਂ 25 ਹਜ਼ਾਰ ਵਰਕਰ ਸ਼ਮੂਲੀਅਤ ਕਰਨਗੇ। ਤਰਨਤਾਰਨ ਜ਼ਿਲ੍ਹੇ ਵਿੱਚੋਂ 200 ਵਰਕਰਾਂ ਨੂੰ ਇਸ ਪੜਾਅ ਵਿਚ ਸ਼ਾਮਿਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਪੁਰਾਣਾ ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ ਅਤੇ ਮਨਰੇਗਾ ਮਜ਼ਦੂਰਾਂ ਨੂੰ ਲੋੜ ਅਨੁਸਾਰ ਕੰਮ ਦਿੱਤਾ ਜਾਵੇ। ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਲਈ ਬੰਦ ਪਏ ਆਨਲਾਈਨ ਪੋਰਟਲ ਨੂੰ ਤੁਰੰਤ ਚਾਲੂ ਕੀਤਾ ਜਾਵੇ। ਉਨ੍ਹਾਂ ਨੇ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਰੱਦ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਪੰਜਾਬ ਦੇ ਸਾਰੇ ਚੌਕੀਦਾਰਾਂ ਨੂੰ ਘੱਟੋਂ-ਘੱਟ ਉਜਰਤ ਦੇ ਘੇਰੇ ਵਿਚ ਲਿਆਉਣ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਬੁਢਾਪਾ, ਵਿਧਵਾ ਅਤੇ ਬੇਸਹਾਰਾ ਵਿਅਕਤੀਆਂ ਦੀ ਪੈਨਸ਼ਨ ਵਧਾ ਕੇ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰਨ ਦੀ ਮੰਗ ਕੀਤੀ ਗਈ। ਕਨਵੈਨਸ਼ਨ ਦੌਰਾਨ ਇਕ ਮਤਾ ਪਾਸ ਕਰਕੇ ਦਿੱਲੀ ਵਿਚ ਸੀਪੀਆਈਐੱਮ ਅਤੇ ਸੀਟੂ ਦੇ ਕੇਂਦਰੀ ਦਫ਼ਤਰਾਂ ਨੂੰ ਪੁਲਿਸ ਵੱਲੋਂ ਘੇਰਨ, ਆਗੂਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਨੂੰ ਵੱਖ-ਵੱਖ ਥਾਣਿਆਂ ਵਿਚ ਰੱਖਣ ਦੀ ਨਿਖੇਧੀ ਕੀਤੀ ਗਈ। ਮਤੇ ਵਿਚ ਕਿਹਾ ਗਿਆ ਕਿ ਦਫ਼ਤਰਾਂ ਨੂੰ ਘੇਰਨਾ ਅਤੇ ਆਗੂਆਂ ਨੂੰ ਗ੍ਰਿਫ਼ਤਾਰ ਕਰਨਾ ਜ਼ਮਹੂਰੀਅਤ ’ਤੇ ਵੱਡਾ ਹਮਲਾ ਹੈ। ਸੀਟੂ ਨੇ ਮੰਗ ਕੀਤੀ ਕਿ ਦਫ਼ਤਰਾਂ ਦਾ ਘਿਰਾਓ ਤੁਰੰਤ ਖ਼ਤਮ ਕੀਤਾ ਜਾਵੇ, ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਫੌਰੀ ਰਿਹਾਅ ਕੀਤਾ ਜਾਵੇ ਅਤੇ ਚੋਣ ਕਮਿਸ਼ਨਰ ਤੁਰੰਤ ਅਸਤੀਫ਼ਾ ਦੇਣ। ਇਸ ਉਪਰੰਤ ਐੱਸਡੀਐੱਮ ਦਫ਼ਤਰ ਦੇ ਸਾਹਮਣੇ ਮੁੱਖ ਚੋਣ ਕਮਿਸ਼ਨਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਮਰੇਡ ਕਰਮ ਸਿੰਘ ਲਾਲਪੁਰਾ, ਕਾਮਰੇਡ ਅਜਮੇਰ ਸਿੰਘ ਤਰਨਤਾਰਨ, ਕਾਮਰੇਡ ਨਰਿੰਦਰ ਸਿੰਘ ਬਘਿਆੜੀ ਅਤੇ ਜਸਵਿੰਦਰ ਸਿੰਘ ਮੀਰਾਂਕੋਟ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਕਾਮਰੇਡ ਜਸਵਿੰਦਰ ਸਿੰਘ ਮਾਣੋਚਾਹਲ ਨੇ ਬਾਖੂਬੀ ਨਿਭਾਈ। ਇਸ ਮੌਕੇ ਕੁਲਵੰਤ ਸਿੰਘ ਛਾਪਾ, ਮਲੂਕ ਸਿੰਘ ਝਬਾਲ, ਪਰਮਜੀਤ ਸਿੰਘ ਕੋਟਲੀ, ਹੁਸਨ ਸਿੰਘ ਦੇਉ, ਮਨਜਿੰਦਰ ਸਿੰਘ, ਅਮਰਜੀਤ ਸਿੰਘ ਗੋਹਲਵੜ, ਕੰਵਲਜੀਤ ਕੌਰ ਕਲਸੀਆਂ ਕਲਾਂ, ਰਣਜੀਤ ਕੌਰ, ਜਸਵਿੰਦਰ ਕੌਰ, ਅੰਗਰੇਜ਼ ਸਿੰਘ, ਅਮਰਜੀਤ ਸਿੰਘ, ਚਰਨ ਕੌਰ, ਜਸਵੰਤ ਕੌਰ ਰਟੌਲ, ਸੁਮਨਪ੍ਰੀਤ ਕੌਰ ਦੇਉ, ਹਰਪ੍ਰੀਤ ਕੌਰ ਪੱਖੋਕੇ, ਰਜਵੰਤ ਕੌਰ ਪੰਡੋਰੀ ਰਣ ਸਿੰਘ, ਪਰਮਜੀਤ ਕੌਰ ਅਤੇ ਗੁਰਜੀਤ ਕੌਰ ਸਮੇਤ ਕਈ ਆਗੂ ਹਾਜ਼ਰ ਸਨ।