ਭਰੇ ਬਾਜ਼ਾਰ ’ਚ ਪਿਸਤੌਲ ਲੈ ਕੇ ਬੂਟਾਂ ਦੀ ਦੁਕਾਨ ’ਚ ਵੜੇ ਦੋ ਮੁੰਡੇ, ਦੁਕਾਨਦਾਰ ਦੀ ਦਲੇਰੀ ਨਾਲ ਇਕ ਕਾਬੂ ਭਰੇ ਬਾਜ਼ਾਰ ’ਚ ਪਿਸਤੌਲ ਲੈ ਕੇ ਬੂਟਾਂ ਦੀ ਦੁਕਾਨ ’ਚ ਵੜੇ ਦੋ ਮੁੰਡੇ, ਦੁਕਾਨਦਾਰ ਦੀ ਦਲੇਰੀ ਨਾਲ ਇਕ ਕਾਬੂ
Publish Date: Fri, 09 Oct 2026 10:23 PM (IST)
Updated Date: Fri, 09 Oct 2026 10:26 PM (IST)
ਪਿਸਤੌਲ ਲੈ ਕੇ ਦੁਕਾਨ ’ਚ ਵੜੇ ਦੋ ਮੁੰਡੇ, ਦੁਕਾਨਦਾਰ ਦੀ ਦਲੇਰੀ ਨਾਲ ਇਕ ਕਾਬੂ ਪਾਣੀ ਦੀ ਬੋਤਲ ਮਾਰ ਕੇ ਹਮਲਾਵਰ ਨੂੰ ਦਬੋਚਿਆ, ਪਿਸਤੌਲ ਵੀ ਖੋਹਿਆ, ਦੂਜੇ ਨੇ ਕੀਤੇ ਦੋ ਫਾਇਰ ਦਿਨ-ਦਿਹਾੜੇ ਵਾਪਰੀ ਘਟਨਾ ਨੇ ਸ਼ਹਿਰ ਦੀ ਸੁਰੱਖਿਆ ’ਤੇ ਖੜ੍ਹੇ ਕੀਤੇ ਸਵਾਲ ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਅੱਡਾ ਬਾਜ਼ਾਰ ਵਿਚ ਸਥਿਤ ਕੁੰਦਨ ਸਿੰਘ ਮਾਰਕੀਟ ਵਿਖੇ ਸ਼ੁੱਕਰਵਾਰ ਸ਼ਾਮ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪਿਸਤੌਲਾਂ ਨਾਲ ਲੈਸ ਦੋ ਅਣਪਛਾਤੇ ਨੌਜਵਾਨ ਇਕ ਬੂਟਾਂ ਦੀ ਦੁਕਾਨ ’ਚ ਦਾਖ਼ਲ ਹੋ ਗਏ। ਹਥਿਆਰਬੰਦ ਨੌਜਵਾਨਾਂ ਦੀ ਇਸ ਹਰਕਤ ਨੇ ਜਿੱਥੇ ਦੁਕਾਨਦਾਰਾਂ ਅਤੇ ਆਸ-ਪਾਸ ਦੇ ਲੋਕਾਂ ਦੇ ਸਾਹ ਸੁਕਾ ਦਿੱਤੇ, ਉੱਥੇ ਹੀ ਬੂਟਾਂ ਦੀ ਦੁਕਾਨ ਕਰਨ ਵਾਲੇ ਗੁਰਦੇਵ ਸਿੰਘ ਨਾਮਕ ਨੌਜਵਾਨ ਨੇ ਦਲੇਰੀ ਦਿਖਾਉਂਦਿਆਂ ਇਕ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਗੁੱਥਾਮੁੱਥਾ ਹੁੰਦਿਆਂ ਉਸ ਦਾ ਪਿਸਤੌਲ ਵੀ ਖੋਹ ਲਿਆ। ਇਸੇ ਦੌਰਾਨ ਦੂਜੇ ਨੌਜਵਾਨ ਵੱਲੋਂ ਦੋ ਗੋਲੀਆਂ ਚਲਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ ਜਿਨ੍ਹਾਂ ਦੀ ਲਪੇਟ ਵਿਚ ਆਉਣ ਤੋਂ ਦੁਕਾਨਦਾਰ ਵਾਲ-ਵਾਲ ਬਚ ਗਿਆ। ਗੁਰਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦੋ ਅਣਪਛਾਤੇ ਨੌਜਵਾਨ ਉਸ ਦੀ ਬੂਟਾਂ ਦੀ ਦੁਕਾਨ ’ਤੇ ਪਹੁੰਚੇ। ਦੋਵੇਂ ਦੁਕਾਨ ਅੰਦਰ ਦਾਖ਼ਲ ਹੋਏ ਅਤੇ ਪਿਸਤੌਲ ਕੱਢ ਲਏ। ਅਚਾਨਕ ਸਾਹਮਣੇ ਆਏ ਹਥਿਆਰਾਂ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਹਾਰਿਆ ਅਤੇ ਮੌਕਾ ਮਿਲਦਿਆਂ ਹੀ ਪਾਣੀ ਵਾਲੀ ਬੋਤਲ ਇਕ ਨੌਜਵਾਨ ਦੇ ਮਾਰੀ। ਇਸ ਮੌਕੇ ਹੋਈ ਖਿੱਚਧੂਹ ਦੌਰਾਨ ਉਸ ਨੇ ਇਕ ਨੌਜਵਾਨ ਨੂੰ ਕਾਬੂ ਕਰਦਿਆਂ ਉਸ ਦਾ ਪਿਸਤੌਲ ਵੀ ਖੋਹ ਲਿਆ। ਰੌਲਾ ਪੈਣ ’ਤੇ ਆਸ-ਪਾਸ ਦੇ ਦੁਕਾਨਦਾਰ ਵੀ ਮੌਕੇ ’ਤੇ ਇਕੱਠੇ ਹੋ ਗਏ। ਉਨ੍ਹਾਂ ਨੇ ਦੁਕਾਨਦਾਰ ਦੀ ਮਦਦ ਨਾਲ ਕਾਬੂ ਕੀਤੇ ਨੌਜਵਾਨ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਫੜੇ ਗਏ ਨੌਜਵਾਨ ਦੀ ਕੁੱਟਮਾਰ ਵੀ ਹੋਈ, ਜਿਸ ਕਾਰਨ ਉਸ ਨੂੰ ਸੱਟਾਂ ਲੱਗੀਆਂ ਅਤੇ ਪੁਲਿਸ ਵੱਲੋਂ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਘਟਨਾ ਦੌਰਾਨ ਦੂਜਾ ਨੌਜਵਾਨ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਫਰਾਰ ਹੋਣ ਤੋਂ ਪਹਿਲਾਂ ਉਸ ਨੇ ਦੋ ਗੋਲੀਆਂ ਚਲਾਈਆਂ। ਭਰੇ ਬਾਜ਼ਾਰ ਅਤੇ ਤੰਗ ਮਾਰਕੀਟ ਵਿਚ ਗੋਲੀਆਂ ਚੱਲਣ ਕਾਰਨ ਲੋਕਾਂ ’ਚ ਭਾਜੜ ਵਰਗਾ ਮਾਹੌਲ ਬਣ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਕਾਬੂ ਕੀਤੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਹਸਪਤਾਲ ਪਹੁੰਚਾਇਆ। ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਦੁਕਾਨਦਾਰ ਨੇ ਦਲੇਰੀ ਦਿਖਾਉਂਦਿਆਂ ਇਕ ਹਥਿਆਰਬੰਦ ਨੌਜਵਾਨ ਨੂੰ ਕਾਬੂ ਕੀਤਾ ਹੈ ਅਤੇ ਉਸ ਦੇ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਉਕਤ ਘਟਨਾ ਦੀ ਸੀਸੀਟੀਵੀ ਵੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਅਤੇ ਘਟਨਾ ਨੂੰ ਲੈ ਕੇ ਲੋਕਾਂ ’ਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਪਿਸਤੌਲ ਲੈ ਕੇ ਪਹੁੰਚੇ ਅਨਸਰਾਂ ਦੀ ਮਨਸ਼ਾ ਕੀ ਸੀ।