ਬੇਕਾਬੂ ਹੋ ਕੇ ਸੜਕ ਕਿਨਾਰੇ ਰੁੱਖ ਨਾਲ ਟਕਰਾਈ ਕਾਰ, ਨੌਜਵਾਨ ਦੀ ਮੌਤ ਬੇਕਾਬੂ ਹੋ ਕੇ ਸੜਕ ਕਿਨਾਰੇ ਰੁੱਖ ਨਾਲ ਟਕਰਾਈ ਹਾਂਡਾ ਅਮੇਜ਼ ਕਾਰ, ਨੌਜਵਾਨ ਦੀ ਮੌਤ
Publish Date: Fri, 09 Oct 2026 08:11 PM (IST)
Updated Date: Fri, 09 Oct 2026 08:11 PM (IST)
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਤਰਨਤਾਰਨ-ਗੋਇੰਦਵਾਲ ਸਾਹਿਬ ਮਾਰਗ ’ਤੇ ਪੈਂਦੇ ਪਿੰਡ ਵੇਂਈਪੂੰਈ ਮੋੜ ’ਤੇ ਸ਼ੁੱਕਰਵਾਰ ਸ਼ਾਮ ਨੂੰ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਰੁੱਖ ਨਾਲ ਜਾ ਟਕਰਾਈ ਜਿਸ ਦੇ ਚੱਲਦਿਆਂ ਕਾਰ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦਿਆਂ ਹੀ ਡੀਐੱਸਪੀ ਗੋਇੰਦਵਾਲ ਸਾਹਿਬ ਹਰਿੰਦਰ ਸਿੰਘ ਤੇ ਚੌਕੀ ਫਤਿਆਬਾਦ ਦੇ ਇੰਚਾਰਜ ਏਐੱਸਆਈ ਬਲਦੇਵ ਸਿੰਘ ਸਮੇਤ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ। ਅੰਮ੍ਰਿਤਸਰ ਤੋਂ ਪੁੱਜੇ ਨੌਜਵਾਨ ਦੇ ਵਾਰਸਾਂ ਨੇ ਹਾਦਸੇ ਸਬੰਧੀ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਸ਼ੂ ਕੁਮਾਰ ਪੁੱਤਰ ਤਰੁਨ ਕੁਮਾਰ ਵਾਸੀ ਜਵਾਹਰ ਨਗਰ ਛੇਹਰਟਾ ਹਾਂਡਾ ਅਮੇਜ਼ ਕਾਰ ਨੰਬਰ ਪੀਬੀ02 ਡੀਯੂ 9214 ’ਤੇ ਸਵਾਰ ਹੋ ਕੇ ਗੋਇੰਦਵਾਲ ਸਾਹਿਬ ਵਲੋਂ ਤਰਨਤਾਰਨ ਵੱਲ ਜਾ ਰਿਹਾ ਸੀ। ਉਕਤ ਕਾਰ ਜਦੋਂ ਵੇਂਈਪੂੰਈ ਮੋੜ ਕੋਲ ਪਹੁੰਚੀ ਤਾਂ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਸੜਕ ਕਿਨਾਰੇ ਰੁੱਖ ਨਾਲ ਜਾ ਟਕਰਾਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਕਾਰ ਦੇ ਪਰਖਚੇ ਉੱਡ ਗਏ, ਜਦੋਂਕਿ ਕਾਰ ਚਲਾ ਰਿਹਾ ਵਿਸ਼ੂ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ। ਉੱਧਰ, ਹਾਦਸੇ ਮੌਕੇ ਇਲਾਕਾ ਨਿਵਾਸੀ ਵੀ ਘਟਨਾ ਸਥਾਨ ’ਤੇ ਪਹੁੰਚ ਗਏ ਅਤੇ ਜ਼ਖ਼ਮੀ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਵਿਸ਼ੂ ਕੁਮਾਰ ਨੇ ਘਟਨਾ ਸਥਾਨ ’ਤੇ ਹੀ ਦਮ ਤੋੜ ਦਿੱਤਾ। ਡੀਐੱਸਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰਨ ’ਤੇ ਉਹ ਘਟਨਾ ਸਥਾਨ ’ਤੇ ਪੁੱਜ ਗਏ ਅਤੇ ਉਨ੍ਹਾਂ ਨੇ ਅਚਾਨਕ ਵਾਪਰੇ ਹਾਦਸੇ ਦੇ ਚੱਲਦਿਆਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਜਿਸ ਕਰਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਪਿਛਲੇ ਦਿਨਾਂ ’ਚ ਤਰਨਤਾਰਨ ਵਿਚ ਕਈ ਹਾਦਸੇ ਵਾਪਰ ਚੁੱਕੇ ਹਨ। ਦੋ ਦਿਨ ਪਹਿਲਾਂ ਹੀ ਤਿੰਨ ਨਾਬਾਲਿਗਾਂ ਦੀ ਭਿਆਨਕ ਸੜਕ ਹਾਦਸੇ ਵਿਚ ਜਾਨ ਚਲੀ ਗਈ ਸੀ।