ਗੁਰਮਤਿ ਸਮਾਗਮ ਦੇ ਦੂਜੇ ਦਿਨ ਸੰਪੂਰਨ ਹੋਇਆ ਬਾਬਾ ਬੁੱਢਾ ਸਾਹਿਬ ਜੀ ਦਾ ਤਿੰਨ ਰੋਜ਼ਾ ਜੋੜ ਮੇਲਾ ਗੁਰਮਤਿ ਸਮਾਗਮ ਦੇ ਦੂਜੇ ਦਿਨ ਸੰਪੂਰਨ ਹੋਇਆ ਬਾਬਾ ਬੁੱਢਾ ਸਾਹਿਬ ਜੀ ਦਾ ਤਿੰਨ ਰੋਜ਼ਾ ਜੋੜ ਮੇਲਾ
Publish Date: Thu, 08 Oct 2026 07:53 PM (IST)
Updated Date: Thu, 08 Oct 2026 07:56 PM (IST)
ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਤਿੰਨ ਦਿਨ ਭਰੀ ਮੇਲੇ ਵਿਚ ਸ਼ਰਧਾ ਨਾਲ ਹਾਜ਼ਰੀ ਪਵਿੱਤਰ ਸਰੋਵਰ ’ਚ ਕੀਤਾ ਇਸ਼ਨਾਨ, ਸਰਬੱਤ ਦੇ ਭਲੇ ਲਈ ਹੋਈ ਅਰਦਾਸ ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਦੇਸ਼-ਵਿਦੇਸ਼ ’ਚ ਮਹੱਤਤਾ ਰੱਖਣ ਵਾਲਾ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਤਿੰਨ ਰੋਜ਼ਾ ਸਲਾਨਾ ਜੋੜ ਮੇਲਾ ਵੀਰਵਾਰ ਨੂੰ ਦੂਜੇ ਦਿਨ ਦੇ ਗੁਰਮਤਿ ਸਮਾਗਮਾਂ ਦੀ ਸਮਾਪਤੀ ਨਾਲ ਸੰਪੂਰਨ ਹੋ ਗਿਆ। ਤਿੰਨ ਦਿਨ ਚੱਲੇ ਇਸ ਮੇਲੇ ਦੌਰਾਨ ਲੱਖਾਂ ਦੀ ਗਿਣਤੀ ’ਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ ਤੇ ਪਰਿਵਾਰਾਂ ਸਮੇਤ ਗੁਰੂ ਘਰ ਨਤਮਸਤਕ ਹੋ ਕੇ ਜਿਥੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਥੇ ਹੀ ਪਵਿੱਤਰ ਸਰੋਵਰ ’ਚ ਇਸ਼ਨਾਨ ਵੀ ਕੀਤੇ। ਦੱਸ ਦਈਏ ਕਿ ਹਰ ਸਾਲ 6, 7 ਤੇ 8 ਅਕਤੂਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਮਨਾਏ ਜਾਣ ਵਾਲੇ ਇਸ ਸਲਾਨਾ ਜੋੜ ਮੇਲੇ ਦੇ ਸਬੰਧ ’ਚ 5 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਆਰੰਭ ਕੀਤੇ ਗਏ ਸਨ। ਜਿਨ੍ਹਾਂ ਦੇ ਭੋਗ 7 ਅਕਤੂਬਰ ਨੂੰ ਪਾਏ ਗਏ। 6 ਅਕਤੂਬਰ ਨੂੰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੇ ਸਬੰਧ ’ਚ ਦੋ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਸਜਾਇਆ ਗਿਆ, ਜੋ ਵੱਖ-ਵੱਖ ਨਗਰਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਇਸ ਨਗਰ ਕੀਰਤਨ ਵਿਚ ਜਿਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਭਰੀ। ਉਥੇ ਹੀ ਸੰਤ ਸਮਾਜ ਸਮੇਤ ਸ਼੍ਰੋਮਣੀ ਕਮੇਟੀ ਦੇ ਚੁਣੇ ਨੁਮਾਇੰਦੇ ਤੇ ਅਧਿਕਾਰੀ ਵੀ ਸ਼ਾਮਿਲ ਹੋਏ। ਇਸੇ ਦਿਨ ਤੋਂ ਹੀ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਤੇ ਕੀਰਤਨੀ ਜਥਿਆਂ ਨੇ ਸੰਗਤ ਨੂੰ ਹਰਿ ਜਸ ਸਰਵਣ ਕਰਵਾਇਆ। ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਗੰਡੀਵਿੰਡ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂੰ ਕਰਵਾਇਆ ਅਤੇ ਸਿੱਖੀ ਜੀਵਨ ’ਚ ਪ੍ਰਵੇਸ਼ ਕਰਨ ਲਈ ਪ੍ਰੇਰਿਤ ਕਰਦਿਆਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਦੀ ਬੇਨਤੀ ਕੀਤੀ। ਜਦੋਂਕਿ ਦੀਵਾਨਾਂ ’ਚ ਵੀ ਪੰਥ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਜਦੋਂਕਿ ਵੀਰਵਾਰ ਨੂੰ ਧਾਰਮਿਕ ਦੀਵਾਨਾਂ ਦੀ ਸਮਾਪਤੀ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਨਕ ਮੀਰੀ-ਪੀਰੀ ਹਾਲ ਵਿਚ ਅੰਮ੍ਰਿਤ ਸੰਚਾਰ ਕਰਵਾਇਆ ਗਿਆ, ਜਿਸ ਵਿਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲਿਆਂ ਨੂੰ ਕਕਾਰ ਵੀ ਭੇਟਾ ਰਹਿਤ ਦਿੱਤੇ ਗਏ। ਮੇਲੇ ਦੇ ਆਖਰੀ ਦਿਨ ਵੀਰਵਾਰ ਨੂੰ ਵੀ ਸਾਰਾ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਪੁੱਜੀ। ਸੰਗਤ ਨੇ ਜਿਥੇ ਗੁਰੂ ਘਰ ਵਿਚ ਸੀਸ ਨਿਵਾਇਆ ਉਥੇ ਹੀ ਮੇਲੇ ਵਿਚ ਲੱਗੇ ਪੰਘੂੜਿਆਂ ਦਾ ਵੀ ਬੱਚਿਆਂ ਤੇ ਨੌਜਵਾਨਾਂ ਨੇ ਖੂਬ ਆਨੰਦ ਮਾਣਿਆ। ਮੇਲੇ ਦੇ ਚੱਲਦਿਆਂ ਸ੍ਰੀ ਗੁਰਦੁਆਰਾ ਸਾਹਿਬ ਦੇ ਆਸ ਪਾਸ ਦੂਰ ਤਕ ਵੱਖ-ਵੱਖ ਸਮਾਨ ਦੀਆਂ ਦੁਕਾਨਾਂ ਸਜੀਆਂ, ਜਿਨ੍ਹਾਂ ਤੋਂ ਸੰਗਤ ਨੇ ਖਰੀਦਦਾਰੀ ਵੀ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਮੇਲ ਵਿਚ ਆਉਣ ਵਾਲੀ ਸੰਗਤ ਦੀ ਰਿਹਾਇਸ਼, ਗੁਰੂ ਕੇ ਲੰਗਰ ਅਤੇ ਪਾਰਕਿੰਗ ਆਦਿ ਦੇ ਪ੍ਰਬੰਧ ਪੁਖਤਾ ਢੰਗ ਨਾਲ ਕੀਤੇ ਗਏ। ਜਦੋਂਕਿ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਮੱਦੇ ਨਜ਼ਰ 600 ਤੋਂ ਵੱਧ ਅਧਿਕਾਰੀ ਤੇ ਕਰਮਚਾਰੀਆਂ ਦੀ ਤਾਇਨਾਤੀ ਮੇਲੇ ਵਿਚ ਕੀਤੀ ਗਈ। ਜਦੋਂਕਿ ਟ੍ਰੈਫਿਕ ਨੂੰ ਸੁਚਾਰੂ ਰੱਖਣ ਦੇ ਲਈ ਵੀ ਟਰੈਫਿਕ ਪੁਲਿਸ ਦੇ ਕਰਮਚਾਰੀ ਚੌਕਸ ਰਹੇ। -------------- ਬਾਕਸ- ਇਨ੍ਹਾਂ ਧਾਰਮਿਕ ਸ਼ਖਸੀਅਤਾਂ ਨੇ ਭਰੀ ਮੇਲੇ ’ਚ ਹਾਜ਼ਰੀ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਸੁਬੇਗ ਸਿੰਘ ਸ੍ਰੀ ਗੋਇੰਦਵਾਲ ਸਾਹਿਬ ਵਾਲੇ, ਬਾਬਾ ਸਤਨਾਮ ਸਿੰਘ ਫਿਰੋਜ਼ਪੁਰ ਵਾਲੇ, ਬਾਬਾ ਹੀਰਾ ਸਿੰਘ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਝੂਲਣੇ ਮਹਿਲ ਵਾਲੇ, ਸੰਤ ਬਾਬਾ ਸੁੱਖਾ ਸਿੰਘ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਬਾਬਾ ਬਲਦੇਵ ਸਿੰਘ, ਬਾਬਾ ਸ਼ਬਦਲ ਸਿੰਘ, ਬਾਬਾ ਭਗਵਾਨ ਸਿੰਘ ਗੰਡੀਵਿੰਡ ਨੇ ਮੇਲੇ ਦੌਰਾਨ ਦੀਵਾਨਾਂ ਵਿਚ ਹਾਜ਼ਰੀ ਭਰੀ। ------------- ਬਾਕਸ- ਇਹ ਸ਼ਖਸੀਅਤਾਂ ਵੀ ਹੋਈਆਂ ਮੇਲੇ ’ਚ ਸ਼ਾਮਿਲ ਇਸ ਮੌਕੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੇ ਮੈਂਬਰ ਮਗਵਿੰਦਰ ਸਿੰਘ ਖਾਪੜਖੇੜੀ, ਸਤਨਾਮ ਸਿੰਘ ਮੀਆਂਪੁਰ, ਬੀਬੀ ਮਨਜੀਤ ਕੌਰ ਬਾਠ ਮੀਆਂਪੁਰ, ਕੰਚਨਪ੍ਰੀਤ ਕੌਰ ਹਲਕਾ ਇੰਚਾਰਜ਼ ਸ਼੍ਰੋਮਣੀ ਅਕਾਲੀ ਦਲ, ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਤੋਂ ਇਲਾਵਾ ਧਰਵਿੰਦਰ ਸਿੰਘ ਮਾਣੋਚਾਹਲ ਮੈਨੇਜਰ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ, ਦਿਲਬਾਗ ਸਿੰਘ ਝਬਾਲ ਮੀਤ ਮੈਨੇਜਰ, ਗੁਰਜੀਤ ਸਿੰਘ ਠੱਠਾ ਮੀਤ ਮੈਨੇਜਰ, ਹਰਜੀਤ ਸਿੰਘ ਦੋਦੇ ਸੁਪਰਵਾਈਜ਼ਰ, ਅਮਰਬੀਰ ਸਿੰਘ ਅਕਾਉਂਟੈਂਟ, ਬਿਕਰਮਜੀਤ ਸਿੰਘ ਰਿਕਾਰਡ ਕੀਪਰ, ਗੁਰਜੀਤ ਸਿੰਘ ਪੰਜਵੜ ਆਦਿ ਸਮੇਤ ਗੁਰਦੁਆਰਾ ਸਾਹਿਬ ਦੇ ਸਮੁੱਚੇ ਸਟਾਫ ਵੀ ਮੌਜੂਦ ਰਿਹਾ।