- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਪੰਚ ਕਤਲ ਕਾਂਡ .... 48 ਘੰਟਿਆਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ

ਹਮਲਾਵਰਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਦੇ ਬਾਵਜੂਦ ਗ੍ਰਿਫ਼ਤਾਰੀ ਤੋਂ ਦੂਰ
ਕੇਪੀ ਗਿੱਲ, ਪੰਜਾਬੀ ਜਾਗਰਣ
ਕੈਰੋਂ : ਪਿੰਡ ਤੂਤ ਦੇ ਆਮ ਆਦਮੀ ਪਾਰਟੀ ਨਾਲ ਸਬੰਧਤ ਮੌਜੂਦਾ ਸਰਪੰਚ ਅਤੇ ਬਲਾਕ ਪ੍ਰਧਾਨ ਅਸ਼ਵਨੀ ਦੇਵਗਨ ਦੇ ਸਨਸਨੀਖੇਜ਼ ਕਤਲ ਨੂੰ 48 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਅਜੇ ਵੀ ਹਮਲਾਵਰਾਂ ਤਕ ਨਹੀਂ ਪਹੁੰਚ ਸਕੇ ਹਨ। ਹਾਲਾਂਕਿ ਪੁਲਿਸ ਵੱਲੋਂ ਤਿੰਨ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਤਲ ਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਵਾਰਦਾਤ ਨਾਲ ਸਬੰਧਤ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ ਪਰ ਹਮਲਾਵਰ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਸਾਹਮਣੇ ਆਈ ਸੀਸੀਟੀਵੀ ਫੁਟੇਜ ਨੇ ਵਾਰਦਾਤ ਦੇ ਪੂਰੇ ਘਟਨਾਕ੍ਰਮ ਦੀ ਤਸਵੀਰ ਹੋਰ ਸਪੱਸ਼ਟ ਕਰ ਦਿੱਤੀ ਹੈ, ਜਿਸ ਵਿਚ ਮੋਟਰਸਾਈਕਲ ਸਵਾਰ ਹਮਲਾਵਰ ਸਰਪੰਚ ਦੀ ਗੱਡੀ ਦਾ ਪਿੱਛਾ ਕਰਦੇ ਹੋਏ ਨਜ਼ਰ ਆ ਰਹੇ ਹਨ।
ਜਾਣਕਾਰੀ ਅਨੁਸਾਰ 6 ਅਕਤੂਬਰ ਦੀ ਸ਼ਾਮ ਅਸ਼ਵਨੀ ਦੇਵਗਨ ਆਪਣੀ ਇਨੋਵਾ ਗੱਡੀ ’ਚ ਸਵਾਰ ਹੋ ਕੇ ਪਿੰਡ ਤੂਤ ਤੋਂ ਭੰਗਾਲਾ ਵੱਲ ਜਾ ਰਹੇ ਸਨ। ਉਹ ਆੜ੍ਹਤ ਦਾ ਕਾਰੋਬਾਰ ਕਰਦੇ ਸਨ ਤੇ ਭੰਗਾਲਾ ’ਚ ਦੂਜਾ ਕੰਡਾ ਚਾਲੂ ਕਰਨ ਲਈ ਜਾ ਰਹੇ ਸਨ। ਗੱਡੀ ਨੂੰ ਉਨ੍ਹਾਂ ਦਾ ਡਰਾਈਵਰ ਚਮਕੌਰ ਸਿੰਘ ਚਲਾ ਰਿਹਾ ਸੀ, ਜਦਕਿ ਅਸ਼ਵਨੀ ਦੇਵਗਨ ਡਰਾਈਵਰ ਦੇ ਨਾਲ ਵਾਲੀ ਸੀਟ ’ਤੇ ਬੈਠੇ ਸਨ।
ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿਚ ਦਿਖਾਈ ਦੇਣ ਵਾਲੇ ਘਟਨਾਕ੍ਰਮ ਮੁਤਾਬਕ ਸਰਪੰਚ ਦੀ ਗੱਡੀ ਜਦੋਂ ਮੋੜ ਤੋਂ ਮੁੜ ਕੇ ਤੂਤ ਅੱਡੇ ਵੱਲ ਚੜ੍ਹ ਰਹੀ ਸੀ ਤਾਂ ਪਿੱਛੋਂ ਮੋਟਰਸਾਈਕਲ ’ਤੇ ਸਵਾਰ ਹਮਲਾਵਰ ਵੀ ਉਸੇ ਮੋੜ ਤੋਂ ਮੁੜ ਕੇ ਗੱਡੀ ਦੇ ਪਿੱਛੇ ਆ ਗਏ। ਗੱਡੀ ਦੇ ਅੱਗੇ ਵਧਦਿਆਂ ਹੀ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੱਡੀ ਦੇ ਬਰਾਬਰ ਆ ਕੇ ਅਸ਼ਵਨੀ ਦੇਵਗਨ ਨੂੰ ਨਿਸ਼ਾਨਾ ਬਣਾਉਂਦਿਆਂ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਸਰਪੰਚ ’ਤੇ ਦਰਜਨ ਦੇ ਕਰੀਬ ਗੋਲੀਆਂ ਚਲਾਈਆਂ। ਅਚਾਨਕ ਹੋਈ ਇਸ ਫਾਇਰਿੰਗ ਨਾਲ ਤੂਤ ਅੱਡੇ ’ਤੇ ਹਫੜਾ-ਦਫੜੀ ਮਚ ਗਈ। ਗੋਲੀਬਾਰੀ ਦੌਰਾਨ ਅਸ਼ਵਨੀ ਦੇਵਗਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਦਕਿ ਉਨ੍ਹਾਂ ਦਾ ਡਰਾਈਵਰ ਚਮਕੌਰ ਸਿੰਘ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ’ਤੇ ਤੇਜ਼ੀ ਨਾਲ ਮੌਕੇ ਤੋਂ ਫ਼ਰਾਰ ਹੋ ਗਏ।
ਵਾਰਦਾਤ ਦੇ ਦੌਰਾਨ ਅਸ਼ਵਨੀ ਦੇਵਗਨ ਦੀ ਗੱਡੀ ਦੀ ਪਿਛਲੀ ਸੀਟ ’ਤੇ ਬੈਠੇ ਉਨ੍ਹਾਂ ਦੇ ਇੱਕ ਸਾਥੀ ਵੱਲੋਂ ਵੀ ਗੱਡੀ ਵਿਚੋਂ ਉਤਰ ਕੇ ਹਮਲਾਵਰਾਂ ਦਾ ਪਿੱਛਾ ਕਰਦਿਆਂ ਜਵਾਬੀ ਫਾਇਰਿੰਗ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਉਦੋਂ ਤੱਕ ਹਮਲਾਵਰ ਮੌਕੇ ਤੋਂ ਦੂਰ ਨਿਕਲ ਚੁੱਕੇ ਸਨ ਅਤੇ ਉਹ ਪੁਲਿਸ ਦੀ ਗ੍ਰਿਫ਼ਤ ਵਿਚ ਨਹੀਂ ਆ ਸਕੇ। ਗੰਭੀਰ ਜ਼ਖ਼ਮੀ ਅਸ਼ਵਨੀ ਦੇਵਗਨ ਅਤੇ ਡਰਾਈਵਰ ਚਮਕੌਰ ਸਿੰਘ ਨੂੰ ਇਲਾਜ ਲਈ ਪੱਟੀ ਦੇ ਸੰਧੂ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿਚ ਡਾਕਟਰਾਂ ਨੇ ਅਸ਼ਵਨੀ ਦੇਵਗਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਏ ਡਰਾਈਵਰ ਚਮਕੌਰ ਸਿੰਘ ਦਾ ਇਲਾਜ ਜਾਰੀ ਰਿਹਾ।
ਘਟਨਾ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ। ਹੁਣ ਤੱਕ ਸਾਹਮਣੇ ਆਈ ਸੀਸੀਟੀਵੀ ਫੁਟੇਜ ਪੁਲਿਸ ਜਾਂਚ ਲਈ ਇੱਕ ਮਹੱਤਵਪੂਰਨ ਕੜੀ ਬਣ ਸਕਦੀ ਹੈ, ਕਿਉਂਕਿ ਇਸ ਵਿਚ ਹਮਲਾਵਰਾਂ ਵੱਲੋਂ ਸਰਪੰਚ ਦੀ ਗੱਡੀ ਦਾ ਪਿੱਛਾ ਕਰਨ ਅਤੇ ਗੱਡੀ ਦੇ ਮੋੜ ਮੁੜਨ ਤੋਂ ਬਾਅਦ ਉਸ ਦੇ ਨੇੜੇ ਪਹੁੰਚਣ ਦਾ ਘਟਨਾਕ੍ਰਮ ਦਿਖਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਇਹ ਪਤਾ ਲਗਾਉਣਾ ਵੀ ਅਹਿਮ ਹੋਵੇਗਾ ਕਿ ਹਮਲਾਵਰ ਤੂਤ ਤੱਕ ਕਿੱਥੋਂ ਆਏ ਅਤੇ ਵਾਰਦਾਤ ਤੋਂ ਬਾਅਦ ਕਿਸ ਰਸਤੇ ਰਾਹੀਂ ਫ਼ਰਾਰ ਹੋਏ। ਹੁਣ ਵਾਰਦਾਤ ਨੂੰ 48 ਘੰਟੇ ਬੀਤ ਚੁੱਕੇ ਹਨ। ਹਮਲਾਵਰਾਂ ਦੀਆਂ ਤਸਵੀਰਾਂ ਅਤੇ ਵਾਰਦਾਤ ਨਾਲ ਸਬੰਧਤ ਸੀਸੀਟੀਵੀ ਫੁਟੇਜ ਸਾਹਮਣੇ ਆਉਣ ਦੇ ਬਾਵਜੂਦ ਤਿੰਨੋਂ ਅਣਪਛਾਤੇ ਹਮਲਾਵਰ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਹਨ। ਇਲਾਕੇ ਦੇ ਲੋਕਾਂ ਵਿਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਦਿਨ-ਦਿਹਾੜੇ ਅੱਡੇ ’ਤੇ ਵਾਪਰੀ ਇੰਨੀ ਗੰਭੀਰ ਵਾਰਦਾਤ ਦੇ ਬਾਵਜੂਦ ਹਮਲਾਵਰ ਆਖ਼ਰ ਕਿੱਥੇ ਗਾਇਬ ਹੋ ਗਏ। ਹੁਣ ਜਾਂਚ ਦੀ ਸਫਲਤਾ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਪੁਲਿਸ ਸੀਸੀਟੀਵੀ ਫੁਟੇਜ, ਹਮਲਾਵਰਾਂ ਦੇ ਰੂਟ, ਮੋਟਰਸਾਈਕਲ ਦੀ ਪਛਾਣ, ਤਕਨੀਕੀ ਸਬੂਤਾਂ ਅਤੇ ਹੋਰ ਜਾਂਚੀ ਕੜੀਆਂ ਨੂੰ ਕਿੰਨੀ ਤੇਜ਼ੀ ਨਾਲ ਜੋੜਦੀ ਹੈ। ਪਰਿਵਾਰ ਅਤੇ ਇਲਾਕਾ ਵਾਸੀ ਹਮਲਾਵਰਾਂ ਦੀ ਜਲਦ ਗ੍ਰਿਫ਼ਤਾਰੀ ਦੀ ਉਡੀਕ ਕਰ ਰਹੇ ਹਨ, ਜਦਕਿ ਪੁਲਿਸ ਲਈ ਹੁਣ ਸਭ ਤੋਂ ਵੱਡੀ ਚੁਣੌਤੀ ਕਤਲ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਤੱਕ ਪਹੁੰਚਣਾ ਅਤੇ ਇਸ ਪਿੱਛੇ ਦੇ ਅਸਲ ਕਾਰਨਾਂ ਨੂੰ ਸਾਹਮਣੇ ਲਿਆਉਣਾ ਹੈ।