1 ਹਜ਼ਾਰ 51 ਲਾਭਪਾਤਰੀਆਂ ਨੂੰ ਵੰਡੇ ਜਾਇਦਾਦ ਦੀ ਮਾਲਕੀ ਵਾਲੇ ਪ੍ਰਾਪਰਟੀ ਕਾਰਡ 1 ਹਜ਼ਾਰ 51 ਲਾਭਪਾਤਰੀਆਂ ਨੂੰ ਵੰਡੇ ਜਾਇਦਾਦ ਦੀ ਮਾਲਕੀ ਵਾਲੇ ਪ੍ਰਾਪਰਟੀ ਕਾਰਡ
Publish Date: Thu, 08 Oct 2026 04:38 PM (IST)
Updated Date: Thu, 08 Oct 2026 04:41 PM (IST)
‘ਮੇਰਾ ਘਰ-ਮੇਰੇ ਨਾਮ’ ਸਕੀਮ ਤਹਿਤ ਜ਼ਿਲ੍ਹੇ ਦੇ ਸਮੂਹ ਹਲਕਿਆਂ ’ਚ ਕਰਵਾਏ ਵਿਸ਼ੇਸ਼ ਸਮਾਗਮ ਸਟਾਫ਼ ਰਿਪੋਰਟਰ•, ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਦੇ ਵਸਨੀਕਾਂ ਨੂੰ ਉਨ੍ਹਾਂ ਦੀ ਜਾਇਦਾਦ ਦੇ ਹੱਕ ਦੇਣ ਲਈ ਸ਼ੁਰੂ ਕੀਤੀ ‘ਮੇਰਾ ਘਰ-ਮੇਰੇ ਨਾਮ’ ਸਕੀਮ ਤਹਿਤ ਵੀਰਵਾਰ ਨੂੰ ਜ਼ਿਲ੍ਹਾ ਤਰਨਤਾਰਨ ਵਿਚ 1 ਹਜ਼ਾਰ 51 ਲਾਭਪਾਤਰੀਆਂ ਨੂੰ ਜਾਇਦਾਦ ਦੀ ਮਾਲਕੀ ਵਾਲੇ ਪ੍ਰਾਪਰਟੀ ਕਾਰਡਾਂ ਦੀ ਵੰਡ ਕੀਤੀ ਗਈ। ਇਸ ਸਬੰਧੀ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਵਿਚ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਸ ਤਹਿਤ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਕੈਰੋਵਾਲ, ਭਿੱਖੀਵਿੰਡ ਦੇ ਪਿੰਡ ਫਰਾਂਦੀਪੁਰ, ਖਡੂਰ ਸਾਹਿਬ ਦੇ ਪਿੰਡ ਖੇਲਾ ਤੇ ਜਾਤੀ ਉਮਰਾ ਅਤੇ ਪੱਟੀ ਦੇ ਪਿੰਡ ਜੱਲੇਵਾਲ ਤੇ ਵਰਾਣਾ ਵਿਖੇ ਲਾਭਪਾਤਰੀਆਂ ਨੂੰ ਪ੍ਰਾਪਰਟੀ ਕਾਰਡਾਂ ਦੀ ਵੰਡ ਕੀਤੀ ਗਈ। ਇਸ ਦੌਰਾਨ ਕੈਰੋਵਾਲ ਵਿਖੇ 236, ਫਰਾਂਦੀਪੁਰ ਵਿਖੇ 93, ਖੇਲਾ ਵਿਖੇ 134, ਜਾਤੀ ਉਮਰਾ ਵਿਖੇ 144, ਜੱਲੇਵਾਲ ਵਿਖੇ 232 ਅਤੇ ਵਰਾਣਾ ਵਿਖੇ 212 ਪ੍ਰਾਪਰਟੀ ਕਾਰਡ ਤਕਸੀਮ ਕੀਤੇ ਗਏ। ਸਮਾਗਮਾਂ ਦੌਰਾਨ ਪ੍ਰਾਪਰਟੀ ਕਾਰਡਾਂ ਦੀ ਵੰਡ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੀਆਂ ਵੱਖ-ਵੱਖ ਸ਼ਖਸੀਅਤਾਂ ਅਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਲਾਭਪਾਤਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਮੇਰਾ ਘਰ-ਮੇਰੇ ਨਾਮ’ ਸਕੀਮ ਦਾ ਮੁੱਖ ਮੰਤਵ ਲਾਲ ਲਕੀਰ ਅੰਦਰ ਰਹਿੰਦੇ ਪੰਜਾਬ ਦੇ ਹਰੇਕ ਯੋਗ ਪਰਿਵਾਰ ਨੂੰ ਆਪਣੇ ਘਰ ਦੀ ਮਾਲਕੀ ਦੇ ਹੱਕ ਦਿਵਾਉਣਾ ਹੈ ਅਤੇ ਇਸ ਦਿਸ਼ਾ ਵਿਚ ਇਹ ਸਕੀਮ ਮੀਲ ਪੱਥਰ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਬਹੁਤ ਸਾਰੇ ਪਰਿਵਾਰ ਦਹਾਕਿਆਂ ਤੋਂ ਲਾਲ ਡੋਰੇ ਅੰਦਰ ਰਹਿ ਰਹੇ ਹਨ, ਜਿਨ੍ਹਾਂ ਕੋਲ ਮਾਲਕੀ ਦਾ ਰਸਮੀ ਰਿਕਾਰਡ ਨਾ ਹੋਣ ਕਰਕੇ ਆਪਣੀ ਜ਼ਿੰਦਗੀ ਵਿਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਇਸ ਸਕੀਮ ਨੇ ਅਜਿਹੀਆਂ ਸਾਰੀਆਂ ਸਮੱਸਿਆਵਾਂ ਦਾ ਜੜ੍ਹੋਂ ਹੱਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਲੋਕ ਪੱਖੀ ਪਹਿਲਕਦਮੀ ਨੇ ਲਾਲ ਲਕੀਰ ਦੇ ਵਸਨੀਕਾਂ ਦੇ ਸਨਮਾਨ ਅਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਲਕੀ ਮਿਲਣ ਨਾਲ ਲੋਕਾਂ ਅੰਦਰ ਆਪਣੇ ਘਰਾਂ ਦੀ ਸੰਭਾਲ, ਸੁਧਾਰ ਅਤੇ ਭਵਿੱਖ ਦੇ ਯੋਜਨਾਬੰਦੀ ਦਾ ਭਰੋਸਾ ਹੋਰ ਵਧੇਗਾ ਅਤੇ ਉਹ ਆਪਣੀਆਂ ਪ੍ਰਾਪਰਟੀਆਂ ਖਰੀਦ-ਵੇਚ ਸਕਣਗੇ, ਜਿਨ੍ਹਾਂ ਦੀਆਂ ਪ੍ਰਾਪਰਟੀਆਂ ਦਾ ਮੁਕੰਮਲ ਵੇਰਵਾ ਹੁਣ ਮਾਲ ਵਿਭਾਗ ਦੇ ਰਿਕਾਰਡ ਵਿਚ ਦਰਜ ਹੋਵੇਗਾ। ਇਸ ਦੌਰਾਨ ਪ੍ਰਾਪਰਟੀ ਕਾਰਡ ਪ੍ਰਾਪਤ ਕਰਨ ਵਾਲੇ ਲਾਭਪਾਤਰੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਮਾਲਕੀ ਦੇ ਦਸਤਾਵੇਜ਼ ਮਿਲਣ ਨਾਲ ਉਨ੍ਹਾਂ ਦੇ ਹੱਕ ਅਤੇ ਸਨਮਾਨ ਨੂੰ ਨਵੀਂ ਮਜ਼ਬੂਤੀ ਮਿਲੀ ਹੈ ਜੋ ਭਵਿੱਖ ਵਿਚ ਉਨ੍ਹਾਂ ਦੀ ਚਹੁੰਮੁਖੀ ਤਰੱਕੀ ਵਿਚ ਵੱਡਮੁਲਾ ਯੋਗਦਾਨ ਪਾਵੇਗੀ।