- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਰਐੱਮਪੀਆਈ ਨੇ ਤਰਨਤਾਰਨ ‘ਚ ਕੇਂਦਰ ਤੇ ਚੋਣ ਕਮਿਸ਼ਨ ਵਿਰੁੱਧ ਕੀਤਾ ਪ੍ਰਦਰਸ਼ਨ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐੱਮਪੀਆਈ ਅਤੇ ਸੀਪੀਆਈਐੱਮਐੱਲ ਲਿਬਰੇਸ਼ਨ ਦੇ ਸੱਦੇ ‘ਤੇ ਆਰਐੱਮਪੀਆਈ ਜ਼ਿਲ੍ਹਾ ਤਰਨਤਾਰਨ ਵੱਲੋਂ ਗਾਂਧੀ ਪਾਰਕ ’ਚ ਵਿਸ਼ਾਲ ਇਕੱਠ ਕਰਕੇ, ਬਾਜ਼ਾਰਾਂ ਵਿਚ ਰੋਸ ਮਾਰਚ ਕਰਕੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਮੰਗ ਕੀਤੀ ਗਈ ਕਿ ਐੱਸਆਈਆਰ ਬਹਾਨੇ ਲੋਕਤੰਤਰ ਦਾ ਕਤਲ ਕਰਨ ਵਾਲੇ ਗਿਆਨੇਸ਼ ਕੁਮਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਦੇਸ਼ ਧਰੋਹ ਦਾ ਪਰਚਾ ਦਰਜ ਕੀਤਾ ਜਾਵੇ।
ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਗਿਆਨੇਸ਼ ਕੁਮਾਰ ਨੇ ਐੱਸਆਈਆਰ ਬਹਾਨੇ 13 ਕਰੋੜ ਵੋਟਰਾਂ ਦੀ ਵੋਟ ਕੱਟ ਕੇ ਲੋਕਤੰਤਰ ਦਾ ਕਤਲ ਕਰ ਦਿੱਤਾ ਹੈ। ਇਸ ਤਰ੍ਹਾਂ ਉਕਤ ਵਿਅਕਤੀ ਖਿਲਾਫ ਦੇਸ਼ ਧ੍ਰੋਹ ਦਾ ਪਰਚਾ ਦਰਜ ਕਰ ਕੇ ਉਸ ਨੂੰ ਅਹੁਦੇ ਤੋਂ ਤੁਰੰਤ ਬਰਖਾਸਤ ਕਰਕੇ ਗ੍ਰਿਫਤਾਰ ਕਰਕੇ ਜੇਲ੍ਹ ਭੇਜਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਚੋਣ ਕਮਿਸ਼ਨ, ਜਿਸ ਨੇ ਹਰ ਕਮਜ਼ੋਰ ਧਿਰ ਦੀ ਗੱਲ ਸੁਨਣੀ ਹੁੰਦੀ ਹੈ, ਉਹ ਕੇਂਦਰ ਸਰਕਾਰ ਦੇ ਗੁਲਾਮ ਵਾਂਗ ਵਿਵਹਾਰ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਕ ਯੋਜਨਾ ਤਹਿਤ ਇਕ ਖਾਸ ਵਿਚਾਰਧਾਰਾ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਹਨ ਤੇ ਫਿਰ ਰੌਲਾ ਪਾਉਣ ‘ਤੇ ਉਨ੍ਹਾਂ ਨੂੰ ਦਸਤਾਵੇਜ਼ ਉਪਲਬਧ ਕਰਵਾ ਕੇ ਵੋਟ ਬਹਾਲ ਕਰਨ ਲਈ ਕਿਹਾ ਜਾ ਰਿਹਾ ਹੈ। ਜਦਕਿ ਸਾਧਾਰਨ ਵੋਟਰ ਜੋ ਰੋਜ਼ੀ-ਰੋਟੀ ਤਕ ਸੀਮਿਤ ਹੈ, ਉਹ ਦਸਤਾਵੇਜ਼ਾਂ ਨੂੰ ਉਪਲਬਧ ਹੀ ਨਹੀਂ ਕਰਵਾ ਸਕਦਾ। ਇਸ ਤਰ੍ਹਾਂ ਉਹ ਵੋਟ ਪ੍ਰੀਕਿਰਿਆ ਤੋਂ ਬਾਹਰ ਹੋ ਰਿਹਾ ਹੈ। ਇਹ ਸਭ ਕੁਝ ਇਕ ਤਰ੍ਹਾਂ ਨਾਲ ਭਾਜਪਾ ਨੂੰ ਲਾਭ ਪਹੁੰਚਾਉਣ ਲਈ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਕੇਂਦਰੀ ਚੋਣ ਕਮਿਸ਼ਨ ਦੀ ਨਿਯੁਕਤੀ ਲਈ ਨਿਯਮ ਬਦਲੇ ਗਏ ਤੇ ਫਿਰ ਉਸ ਨੂੰ ਹਰ ਮਾਮਲੇ ਵਿਚ ਜਵਾਬ ਦੇਹੀ ਤੋਂ ਮੁਕਤ ਕਰ ਦਿੱਤਾ ਗਿਆ। ਇਸ ਤਰ੍ਹਾਂ ਕਰਕੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਸਾਰਾ ਚੋਣ ਸਿਸਟਮ ਹੀ ਹੈਕ ਕਰ ਲਿਆ ਹੈ। ਇਸ ਤੋਂ ਪਹਿਲਾਂ ਵੋਟਿੰਗ ਮਸ਼ੀਨਾਂ ਦਾ ਰਿਕਾਰਡ ਉਪਲਬਧ ਕਰਵਾਉਣ ਤੋਂ ਜਵਾਬ ਦੇ ਕੇ ਵੀ ਭਾਜਪਾ ਨੇ ਆਪਣੇ ਫਾਸ਼ੀਵਾਦੀ ਖਾਸੇ ਨੂੰ ਸਪੱਸ਼ਟ ਕਰ ਦਿੱਤਾ ਹੈ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਚੋਣ ਕਮਿਸ਼ਨ ਦੀ ਕਾਰਵਾਈ ਨਾਲ ਕੇਂਦਰ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਹੈ ਤੇ ਹੁਣ ਸਮਾਂ ਆ ਗਿਆ ਹੈ ਕਿ ਸਮੂਹ ਲੋਕਤੰਤਰ ਪੱਖੀ ਧਿਰਾਂ ਨੂੰ ਚੋਣ ਕਮਿਸ਼ਨ ਦੀਆਂ ਨਾਕਾਮੀਆਂ ਉਜਾਗਰ ਕਰਨ ਲਈ ਘਰ-ਘਰ ਪਹੁੰਚ ਕੇ ਪ੍ਰਚਾਰ ਕਰਨਾ ਚਾਹੀਦਾ ਤਾਂ ਜੋ ਇਸ ਲੋਕਤੰਤਰ ਵਿਰੋਧੀ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਚਲਦਾ ਕੀਤਾ ਜਾ ਸਕੇ।
ਇਸ ਮੌਕੇ ਰੇਸ਼ਮ ਸਿੰਘ ਫੈਲੋਕੇ, ਸੁਲੱਖਣ ਸਿੰਘ ਤੁੜ, ਤਰਲੋਚਨ ਸਿੰਘ ਤਰਨਤਾਰਨ, ਝਿਲਮਲ ਸਿੰਘ ਬਾਣੀਆ, ਨਰਿੰਦਰ ਸਿੰਘ ਰਟੌਲ, ਹਰਜਿੰਦਰ ਸਿੰਘ ਚੂੰਘ, ਦਲਬੀਰ ਸਿੰਘ ਬਾਗੜੀਆਂ, ਸਰਵਣ ਸਿੰਘ ਦੇਉ ਆਦਿ ਹਾਜ਼ਰ ਸਨ।