ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੇ ਦੂਜੇ ਦਿਨ ਦੀਵਾਨ ਹਾਲ ’ਚ ਸਜਿਆ ਵਿਸ਼ਾਲ ਗੁਰਮਤਿ ਸਮਾਗਮ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੇ ਦੂਜੇ ਦਿਨ ਦੀਵਾਨ ਹਾਲ ’ਚ ਸਜਿਆ ਵਿਸ਼ਾਲ ਗੁਰਮਤਿ ਸਮਾਗਮ
Publish Date: Wed, 07 Oct 2026 07:53 PM (IST)
Updated Date: Wed, 07 Oct 2026 07:56 PM (IST)
ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੇ ਦੂਜੇ ਦਿਨ ਦੀਵਾਨ ਹਾਲ ’ਚ ਸਜਿਆ ਵਿਸ਼ਾਲ ਗੁਰਮਤਿ ਸਮਾਗਮ ਲੱਖਾਂ ਦੀ ਗਿਣਤੀ ਵਿਚ ਸੰਗਤ ਹੋਈ ਗੁਰੂ ਘਰ ਨਤਮਸਤਕ, ਝੂਲਿਆਂ ਦਾ ਵੀ ਆਨੰਦ ਮਾਣਿਆ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਵੱਲ ਜਾਂਦੇ ਹਰ ਰਸਤੇ ’ਤੇ ਲੱਗੇ ਵਿਸ਼ਾਲ ਗੁਰੂ ਕੇ ਲੰਗਰ ਦਿਲਬਾਗ ਸਿੰਘ ਝਬਾਲ•, ਪੰਜਾਬੀ ਜਾਗਰਣ ਬੀੜ ਬਾਬਾ ਬੁੱਢਾ ਸਾਹਿਬ : ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਤੇ ਇਤਿਹਾਸਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਚੱਲ ਰਹੇ ਤਿੰਨ ਰੋਜ਼ਾ ਸਾਲਾਨਾ ਜੋੜ ਮੇਲੇ ਦੇ ਦੂਜੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਗੁਰਮਤਿ ਸਮਾਗਮ ਦਾ ਆਯੋਜਨ ਗੁਰੂ ਘਰ ਦੇ ਦੀਵਾਨ ਹਾਲ ਵਿਚ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰਦਿਆਂ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦਾ ਲਾਹਾ ਲਿਆ। ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੁਨਹਿਰੀ ਪਾਲਕੀ ਵਿਚ ਸੁਸ਼ੋਭਿਤ ਕਰਕੇ ਵਿਸ਼ੇਸ਼ ਸਤਿਕਾਰ ਨਾਲ ਦੀਵਾਨ ਹਾਲ ਵਿਖੇ ਲਿਆਂਦਾ ਗਿਆ। ਇਸ ਮੌਕੇ ਸੰਗਤ ਵੱਲੋਂ ਸ੍ਰੀ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਅਤੇ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਫੁੱਲਾਂ ਦੀ ਵਰਖਾ ਕੀਤੀ ਗਈ। ਸਾਰਾ ਦੀਵਾਨ ਹਾਲ ‘ਸਤਿਨਾਮ ਵਾਹਿਗੁਰੂ’ ਦੇ ਜਾਪ ਅਤੇ ਗੁਰਬਾਣੀ ਕੀਰਤਨ ਨਾਲ ਰੂਹਾਨੀ ਰੰਗ ਵਿਚ ਰੰਗਿਆ ਨਜ਼ਰ ਆਇਆ। ਗੁਰਮਤਿ ਸਮਾਗਮ ਦੌਰਾਨ ਵੱਖ-ਵੱਖ ਰਾਗੀ ਜਥਿਆਂ, ਕਥਾਵਾਚਕਾਂ ਅਤੇ ਪ੍ਰਚਾਰਕਾਂ ਵੱਲੋਂ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ ਗਈ। ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਨਿਸ਼ਾਨ ਸਿੰਘ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ, ਉਨ੍ਹਾਂ ਦੀ ਗੁਰੂ ਘਰ ਪ੍ਰਤੀ ਅਟੁੱਟ ਸ਼ਰਧਾ ਅਤੇ ਸਿੱਖ ਇਤਿਹਾਸ ਵਿਚ ਉਨ੍ਹਾਂ ਦੇ ਮਹਾਨ ਯੋਗਦਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਸਿੱਖ ਸੰਗਤ ਲਈ ਸੇਵਾ, ਸਿਮਰਨ, ਨਿਮਰਤਾ ਅਤੇ ਗੁਰੂ ਪ੍ਰਤੀ ਸਮਰਪਣ ਦੀ ਪ੍ਰੇਰਣਾ ਦਾ ਸਰੋਤ ਹੈ। ਸਮਾਗਮ ਵਿਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਸੰਪਰਦਾਇ ਦਲ ਪੰਥ ਬਾਬਾ ਬਿਧੀ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਸਮੇਤ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿੱਖ ਸੰਸਥਾਵਾਂ ਨਾਲ ਸਬੰਧਿਤ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਧਾਰਮਿਕ ਸ਼ਖਸੀਅਤਾਂ ਨੇ ਕਿਹਾ ਕਿ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਸਿੱਖ ਇਤਿਹਾਸ ਦਾ ਅਹਿਮ ਕੇਂਦਰ ਹੈ, ਜਿਥੇ ਹਰ ਸਾਲ ਹੋਣ ਵਾਲੇ ਜੋੜ ਮੇਲੇ ਵਿਚ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ। ਉਨ੍ਹਾਂ ਸੰਗਤ ਨੂੰ ਗੁਰਬਾਣੀ ਨਾਲ ਜੁੜਨ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨ, ਨਾਮ ਸਿਮਰਨ ਅਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਨ ਦੀ ਅਪੀਲ ਕੀਤੀ। ਦੂਜੇ ਦਿਨ ਸਵੇਰ ਤੋਂ ਹੀ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਸੰਗਤ ਦੀ ਆਮਦ ਜਾਰੀ ਰਹੀ। ਦੇਸ਼, ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਦੌਰਾਨ ਗੁਰਬਾਣੀ ਕੀਰਤਨ, ਕਥਾ-ਵਿਚਾਰ ਅਤੇ ਧਾਰਮਿਕ ਸਮਾਗਮਾਂ ਵਿਚ ਸੰਗਤ ਨੇ ਸ਼ਰਧਾ ਨਾਲ ਸ਼ਮੂਲੀਅਤ ਕੀਤੀ। ਜੋੜ ਮੇਲੇ ਦੇ ਦੂਜੇ ਦਿਨ ਕਰਵਾਏ ਗਏ ਗੁਰਮਤਿ ਸਮਾਗਮ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬੀ ਕੰਚਨਪ੍ਰੀਤ ਕੌਰ, ਬਾਬਾ ਅਵਤਾਰ ਸਿੰਘ ਧੱਤਲ, ਬਾਬਾ ਹਰਜਿੰਦਰ ਸਿੰਘ, ਮੀਤ ਸਕੱਤਰ ਗੁਰਨਾਮ ਸਿੰਘ ਕੋਟ, ਸਤਨਾਮ ਸਿੰਘ ਰਿਆੜ, ਇੰਚਾਰਜ ਜਗਦੀਸ਼ ਸਿੰਘ ਬੁੱਟਰ, ਸਾਬਕਾ ਸਕੱਤਰ ਪਰਮਜੀਤ ਸਿੰਘ ਮੁੰਡਾਪਿੰਡ, ਸਾਬਕਾ ਸਕੱਤਰ ਹਰਜੀਤ ਸਿੰਘ ਲਾਲੂ ਘੁੰਮਣ, ਸਰਪੰਚ ਗੁਰਪ੍ਰੀਤ ਸਿੰਘ ਬੱਬੂ ਪਲਾਸੌਰ, ਚੇਅਰਮੈਨ ਗੁਰਬੀਰ ਸਿੰਘ ਝਬਾਲ, ਅਮਰਿੰਦਰ ਸਿੰਘ ਮਾਣਕ, ਸਰਪੰਚ ਮਨਜਿੰਦਰ ਸਿੰਘ ਐਮਾ, ਮੈਨੇਜਰ ਜਗਜੀਤ ਸਿੰਘ ਸਾਗਣਾ, ਡਾਇਰੈਕਟਰ ਦਲਜੀਤ ਸਿੰਘ ਐਮਾ, ਗਿਆਨੀ ਬਲਕਾਰ ਸਿੰਘ ਬਘਿਆੜੀ, ਅਮਰਬੀਰ ਸਿੰਘ ਅਕਾਊਂਟੈਂਟ ਤੋਂ ਇਲਾਵਾ ਹੋਰ ਸ਼ਖਸੀਅਤਾਂ ਨੇ ਵੀ ਮੇਲੇ ਵਿਚ ਸ਼ਮੂਲੀਅਤ ਕੀਤੀ। ------------ ਬਾਕਸ- ਬਾਬਾ ਬੁੱਢਾ ਸਾਹਿਬ ਵੱਲ ਜਾਂਦੇ ਰਸਤਿਆਂ ’ਤੇ ਥਾਂ-ਥਾਂ ਲੱਗੇ ਗੁਰੂ ਕੇ ਲੰਗਰ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਨੂੰ ਲੈ ਕੇ ਸੰਗਤ ਵਿਚ ਭਾਰੀ ਸ਼ਰਧਾ ਤੇ ਉਤਸ਼ਾਹ ਰਹਿੰਦਾ ਹੈ। ਇਸ ਮੇਲੇ ਵਿਚ ਸ਼ਾਮਿਲ ਹੋਣ ਲਈ ਸੰਗਤ ਮਾਲਵਾ ਸਮੇਤ ਪੰਜਾਬ ਦੇ ਹੋਰ ਖੇਤਰਾਂ ਅਤੇ ਵਿਦੇਸ਼ਾਂ ਵਿੱਚੋਂ ਵੀ ਪਹੁੰਚਦੀ ਹੈ। ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵੱਲ ਜਾਂਦੇ ਹਰ ਰਸਤੇ ’ਤੇ ਥਾਂ-ਥਾਂ ’ਤੇ ਗੁਰੂ ਕੇ ਲੰਗਰ ਲਗਾ ਕੇ ਸੰਗਤ ਦੀ ਟਹਿਲ ਸੇਵਾ ਸੇਵਾਦਾਰਾਂ ਵਲੋਂ ਕੀਤੀ ਜਾ ਰਹੀ ਹੈ। ਇਲਾਕੇ ਦੇ ਪਿੰਡਾਂ ਵੱਲੋਂ ਅਨੇਕਾ ਪ੍ਰਕਾਰ ਦੇ ਲੰਗਰ ਲਗਾਏ ਜਾ ਰਹੇ ਹਨ ਅਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਦੇ ਵੀ ਪ੍ਰਬੰਧ ਕੀਤੇ ਗਏ ਹਨ। ਤਰਨਤਾਰਨ ਸ਼ਹਿਰ ਵਿਚ ਵੀ ਕਈ ਥਾਵਾਂ ’ਤੇ ਲੰਗਰ ਲੱਗੇ, ਜਿੱਥੋਂ ਗੁਰੂ ਘਰ ਜਾਣ ਵਾਲੀ ਸੰਗਤ ਨੇ ਲੰਗਰ ਰੂਪੀ ਪ੍ਰਸ਼ਾਦ ਗ੍ਰਹਿਣ ਕੀਤਾ। -------------- ਬਾਕਸ- ਮੇਲੇ ਮੌਕੇ ਸੰਗਤ ਨੇ ਮਾਣਿਆ ਝੂਲਿਆਂ ਦਾ ਆਨੰਦ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਵਿਚ ਆਉਣ ਵਾਲੀ ਸੰਗਤ ਨੇ ਜਿਥੇ ਗੁਰੂ ਘਰ ਅੰਦਰ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਅਤੇ ਧਾਰਮਿਕ ਦੀਵਾਨਾਂ ਵਿਚ ਹਾਜ਼ਰੀ ਭਰੀ। ਉਥੇ ਹੀ ਵੱਖ-ਵੱਖ ਪ੍ਰਕਾਰ ਦੇ ਲੱਗੇ ਝੂਲਿਆਂ ਦਾ ਵੀ ਆਨੰਦ ਮਾਣਿਆ। ਇਨ੍ਹਾਂ ਹੀ ਨਹੀਂ ਸ੍ਰੀ ਗੁਰਦੁਆਰਾ ਸਾਹਿਬ ਦੇ ਆਸ-ਪਾਸ ਕਈ ਕਿਲੋਮੀਟਰ ਤਕ ਸਜੀਆਂ ਵੱਖ-ਵੱਖ ਦੁਕਾਨਾਂ ਤੋਂ ਸੰਗਤ ਨੇ ਖਰੀਦਦਾਰੀ ਵੀ ਕੀਤੀ। ਉਧਰ ਸੁਰੱਖਿਆ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੀ ਮੁੁਸਤੈਦ ਰਿਹਾ। ਚੱਪੇ-ਚੱਪੇ ’ਤੇ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਦੇ ਨਾਲ ਉੱਚ ਅਧਿਕਾਰੀ ਵੀ ਸੁਰੱਖਿਆ ਤੇ ਟਰੈਫਿਕ ਪ੍ਰਬੰਧਾਂ ਦਾ ਜਾਇਜਾ ਲੈਂਦੇ ਰਹੇ।