ਸਵੇਰੇ ਪੰਜੇ ਨਾਲ ਗਏ... ਸ਼ਾਮ ਨੂੰ ਮੁੜ ਚੁੱਕ ਲਿਆ ਝਾੜੂ! ਸਵੇਰੇ ਪੰਜੇ ਨਾਲ ਗਏ...... ਸ਼ਾਮ ਨੂੰ ਫਿਰ ਚੁੱਕ ਲਿਆ ਝਾੜੂ!
Publish Date: Tue, 06 Oct 2026 09:18 PM (IST)
Updated Date: Tue, 06 Oct 2026 09:20 PM (IST)
ਸਿਰੋਪਾ ਪਾ ਕੇ ਕਾਂਗਰਸ ’ਚ ਸ਼ਾਮਲ ਹੋਣ ਦੀਆਂ ਤਸਵੀਰਾਂ ਵਾਇਰਲ ਨੌਜਵਾਨ ਨੇ ਕਿਹਾ, ਮੈਂ ਤਾਂ ਪੱਕਾ ‘ਆਪ’ ਦਾ ਸਮਰਥਕ ਹਾਂ ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ ਹਰੀਕੇ ਪੱਤਣ : ਸਿਆਸੀ ਸਰਗਰਮੀਆਂ ਦੌਰਾਨ ਕਈ ਵਾਰ ਇਕ ਤਸਵੀਰ ਹੀ ਪੂਰੀ ਕਹਾਣੀ ਬਿਆਨ ਕਰਨ ਦਾ ਦਾਅਵਾ ਕਰਨ ਲੱਗ ਪੈਂਦੀ ਹੈ, ਪਰ ਹਰੀਕੇ ਨੇੜਲੇ ਇਕ ਪਿੰਡ ਵਿਚ ਸਿਰੋਪੇ ਨਾਲ ਖਿੱਚੀ ਤਸਵੀਰ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਮਾਮਲਾ ਉਸ ਵੇਲੇ ਚਰਚਾ ਵਿਚ ਆਇਆ ਜਦੋਂ ਮੋਹ-ਮੁਲਾਹਜੇ ਤਹਿਤ ਇਕ ਇਕੱਠ ਵਿਚ ਸ਼ਾਮਲ ਹੋਏ ਇਕ ਨੌਜਵਾਨ ਸਾਗਰ ਪੁੱਤਰ ਹਰਬੰਸ ਸਿੰਘ ਨੂੰ ਹਰਮਿੰਦਰ ਸਿੰਘ ਗਿੱਲ ਵੱਲੋਂ ਸਿਰੋਪਾ ਪਾਇਆ ਗਿਆ ਅਤੇ ਬਾਅਦ ਵਿਚ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦਿਆਂ ਉਸ ਨੂੰ ਕਾਂਗਰਸ ਵਿਚ ਸ਼ਾਮਲ ਹੋਇਆ ਦੱਸਿਆ ਗਿਆ। ਹਾਲਾਂਕਿ ਨੌਜਵਾਨ ਵੱਲੋਂ ਇਸ ਦਾਅਵੇ ਨੂੰ ਸਵੀਕਾਰ ਨਹੀਂ ਕੀਤਾ ਗਿਆ। ਉਸ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਹ ‘ਪੱਕਾ ਆਪ ਦਾ ਸਮਰਥਕ’ ਹੈ ਅਤੇ ਉਸ ਨੂੰ ਕਾਂਗਰਸ ਵਿਚ ਸ਼ਾਮਲ ਹੋਣ ਸਬੰਧੀ ਕੋਈ ਗੱਲ ਨਹੀਂ ਹੋਈ। ਇਸ ਤੋਂ ਬਾਅਦ ਨੌਜਵਾਨ ਵੱਲੋਂ ਆਮ ਆਦਮੀ ਪਾਰਟੀ ਦੇ ਪੱਟੀ ਹਲਕਾ ਇੰਚਾਰਜ ਪਹਿਲਵਾਨ ਜਸਕੰਵਰ ਸਿੰਘ ਜੱਸਾ ਪੱਟੀ ਨਾਲ ਆਪਣੀ ਤਸਵੀਰ ਵੀ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ। ਇਸ ਘਟਨਾਕ੍ਰਮ ਤੋਂ ਬਾਅਦ ਸੋਸ਼ਲ ਮੀਡੀਆ ’ਤੇ ‘ਸਵੇਰੇ ਪੰਜੇ ਨਾਲ ਗਏ, ਸ਼ਾਮ ਨੂੰ ਚੁੱਕ ਲਿਆ ਝਾੜੂ’ ਵਾਲਾ ਤਨਜ਼ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਿਆਸੀ ਹਲਕਿਆਂ ਵਿਚ ਇਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਮਾਮਲੇ ਦਾ ਦਿਲਚਸਪ ਪੱਖ ਇਹ ਹੈ ਕਿ ਟਿਕਟ ਦੀ ਸੰਭਾਵੀ ਦਾਅਵੇਦਾਰੀ ਪ੍ਰਗਟਾਉਂਦਿਆਂ ਪਾਰਟੀ ਅੰਦਰ ਆਪਣਾ ਕੱਦ ਉੱਚਾ ਦਿਖਾਉਣ ਲਈ ਇਕ ਪਾਸੇ ਸਿਰੋਪੇ ਵਾਲੀਆਂ ਤਸਵੀਰਾਂ ਨੂੰ ਸਿਆਸੀ ਸ਼ਮੂਲੀਅਤ ਵਜੋਂ ਪੇਸ਼ ਕੀਤਾ ਗਿਆ, ਜਦਕਿ ਦੂਜੇ ਪਾਸੇ ਸਬੰਧਤ ਨੌਜਵਾਨ ਖੁਦ ਇਸ ਤੋਂ ਇਨਕਾਰ ਕਰ ਰਿਹਾ ਹੈ। ਹੁਣ ਇਹ ਮਾਮਲਾ ਸਿਆਸੀ ਸ਼ਮੂਲੀਅਤ ਨਾਲੋਂ ਵੱਧ ਤਸਵੀਰ ਅਤੇ ਤੱਥ ਵਿਚਲੇ ਫਰਕ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਸਬੰਧੀ ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਦੌਰਾਨ ਉਕਤ ਨੌਜਵਾਨ ਨੇ ਦੱਸਿਆ ਕਿ ਮੇਰੇ ਸਮੇਤ ਹੋਰ ਵੀ ਕਈ ਲੋਕ ਰੌਣਕ ਵਧਾਉਣ ਗਏ ਸਨ, ਜਿਨ੍ਹਾਂ ਨੂੰ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਵਿਚ ਰੱਖਿਆ ਜਾ ਰਿਹਾ ਹੈ। ਸੱਚ ਜੋ ਵੀ ਹੋਵੇ, ਸਿਆਸੀ ਮਾਹਿਰ ਚਲਦੀ-ਫਿਰਦੀ ਵੋਟ ਨੂੰ ਆਪਣੀ ਬਹੁਗਿਣਤੀ ਦਰਸਾ ਕੇ ਪਾਰਟੀ ਟਿਕਟ ਹਾਸਲ ਕਰ ਕੇ ਜਨਤਾ ਦੇ ਵਿਸ਼ਵਾਸ ਨਾਲ ਘਾਤ ਕਰਦੇ ਦਿਖਾਈ ਦਿੰਦੇ ਹੀ ਰਹਿੰਦੇ ਹਨ।