ਸਾਲਾਂ ’ਚ ਸਿਆਸੀ ਆਗੂਆਂ ਦੇ ਕਤਲਾਂ ਨਾਲ ਚਰਚਾ ’ਚ ਰਿਹਾ ਜ਼ਿਲ੍ਹਾ ਤਰਨਤਾਰਨ ਚਾਰ ਸਾਲਾਂ ’ਚ ਸਿਆਸੀ ਆਗੂਆਂ ਦੇ ਕਤਲਾਂ ਨਾਲ ਚਰਚਾ ਵਿਚ ਰਿਹਾ ਜ਼ਿਲ੍ਹਾ ਤਰਨਤਾਰਨ
Publish Date: Tue, 06 Oct 2026 09:12 PM (IST)
Updated Date: Tue, 06 Oct 2026 09:14 PM (IST)
ਲਗਾਤਾਰ ਚੱਲ ਰਹੀ ਖ਼ੂਨੀ ਖੇਡ ਨੇ ਚੁਣੇ ਨੁਮਾਇੰਦਿਆਂ ਦੀ ਸੁਰੱਖਿਆ ਨੂੰ ਲੈ ਕੇ ਖੜ੍ਹੇ ਕੀਤੇ ਸਵਾਲ ਜਸਪਾਲ ਜੱਸੀ/ਕੇਪੀ ਗਿੱਲ, •ਪੰਜਾਬੀ ਜਾਗਰਣ ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਵਿਚ ਕਰੀਬ ਚਾਰ ਸਾਲਾਂ ਦੌਰਾਨ ਸਿਆਸੀ ਤੌਰ ’ਤੇ ਸਰਗਰਮ ਆਗੂਆਂ, ਵਲੰਟੀਅਰਾਂ ਅਤੇ ਪੰਚਾਇਤੀ ਨੁਮਾਇੰਦਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਕਈ ਵੱਡੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਖਾਸ ਤੌਰ ’ਤੇ ਪੱਟੀ, ਤਰਨਤਾਰਨ ਅਤੇ ਖਡੂਰ ਸਾਹਿਬ ਹਲਕਿਆਂ ਵਿਚ ਗੋਲ਼ੀਆਂ ਮਾਰ ਕੇ ਕੀਤੇ ਗਏ ਕਤਲਾਂ ਨੇ ਸਿਆਸੀ ਆਗੂਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਕਈ ਮਾਮਲਿਆਂ ਦੀ ਪੁਲਿਸ ਜਾਂਚ ਵਿਚ ਗੈਂਗਸਟਰਾਂ ਜਾਂ ਵਿਦੇਸ਼ ਬੈਠੇ ਗੈਂਗਸਟਰਾਂ ਨਾਲ ਕਥਿਤ ਸਬੰਧਾਂ ਦੀ ਗੱਲ ਸਾਹਮਣੇ ਆਉਂਦੀ ਰਹੀ ਹੈ। ਉੱਧਰ ਮੰਗਲਵਾਰ ਦੀ ਸ਼ਾਮ ਪਿੰਡ ਤੂਤ ਦੇ ਮੌਜੂਦਾ ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਸ਼ਵਨੀ ਦੇਵਗਨ ਦਾ ਤਾਬੜਤੋੜ ਗੋਲ਼ੀਆਂ ਮਾਰ ਕੇ ਕਤਲ ਇਸ ਲੜੀ ਵਿਚ ਇਕ ਹੋਰ ਵੱਡੀ ਘਟਨਾ ਬਣ ਗਿਆ ਹੈ। ਅਸ਼ਵਨੀ ਦੇਵਗਨ ਆੜ੍ਹਤ ਦਾ ਕੰਮ ਵੀ ਕਰਦੇ ਸਨ, ਜਿਸ ਨੂੰ ਇਨੋਵਾ ਗੱਡੀ ’ਤੇ ਜਾਂਦਿਆਂ ਪਿੰਡ ਦੇ ਅੱਡੇ ’ਤੇ ਕਤਲ ਕਰ ਦਿੱਤਾ ਗਿਆ ਸੋਨੂੰ ਚੀਮਾ ਕਤਲ ਨੇ ਦਿੱਤੀ ਸੀ ਵੱਡੀ ਚਰਚਾ 14 ਜਨਵਰੀ 2023 ਨੂੰ ਝਬਾਲ ਦੇ ਸਰਪੰਚ ਅਵਨ ਕੁਮਾਰ ਉਰਫ਼ ਸੋਨੂੰ ਚੀਮਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਆਪਣੀ ਫਾਰਚੂਨਰ ਕਾਰ ਵਿਚ ਸਵਾਰ ਹੋ ਕੇ ਭਿੱਖੀਵਿੰਡ ਰੋਡ ’ਤੇ ਸਥਿਤ ਇਕ ਸੈਲੂਨ ’ਚ ਵਾਲ ਕਟਵਾਉਣ ਲਈ ਗਏ ਸਨ। ਉੱਥੇ ਉਨ੍ਹਾਂ ਨੂੰ ਗੋਲ਼ੀਆਂ ਦਾ ਨਿਸ਼ਾਨਾ ਬਣਾਇਆ ਗਿਆ। ਸੋਨੂੰ ਚੀਮਾ ਇਲਾਕੇ ਵਿਚ ਵੱਡੇ ਸਿਆਸੀ ਚਿਹਰੇ ਵਜੋਂ ਜਾਣੇ ਜਾਂਦੇ ਰਹੇ ਸਨ ਅਤੇ ਇਲਾਕੇ ਵਿਚ ਉਨ੍ਹਾਂ ਦੀ ਪਕੜ ਦੇ ਚੱਲਦਿਆਂ ਇਸ ਕਤਲ ਨੇ ਵੱਡੀ ਚਰਚਾ ਛੇੜੀ ਸੀ। ਗੋਪੀ ਚੋਹਲਾ ਕਤਲ ਨੇ ਖਡੂਰ ਸਾਹਿਬ ਹਲਕੇ ਨੂੰ ਹਿਲਾਇਆ ਮਾਰਚ 2024 ਨੂੰ ਖਡੂਰ ਸਾਹਿਬ ਹਲਕੇ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਕਰੀਬੀ ‘ਆਪ’ ਵਲੰਟੀਅਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਚੋਹਲਾ ਨੂੰ ਫਤਿਆਬਾਦ ਨੇੜੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲ਼ੀਆਂ ਮਾਰ ਦਿੱਤੀਆਂ ਸਨ। ਗੋਪੀ ਚੋਹਲਾ ਕਾਰ ਰਾਹੀਂ ਸੁਲਤਾਨਪੁਰ ਲੋਧੀ ਅਦਾਲਤ ਵਿਚ ਇਕ ਮਾਮਲੇ ਦੀ ਤਰੀਕ ਭੁਗਤਣ ਲਈ ਜਾ ਰਹੇ ਸਨ। ਫਤਿਆਬਾਦ ਨੇੜੇ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਗੋਲ਼ੀਆਂ ਚਲਾ ਕੇ ਫਰਾਰ ਹੋ ਗਏ। ਗੋਪੀ ਚੋਹਲਾ ਨੂੰ ਲਾਲਪੁਰਾ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਸੀ। ਪੱਟੀ ਹਲਕੇ ’ਚ ਵੀ ਹੋਏ ਲਗਾਤਾਰ ਕਤਲ ਸਤੰਬਰ 2024 ਨੂੰ ਪੱਟੀ ਹਲਕੇ ਦੇ ਪਿੰਡ ਚੌਧਰੀਵਾਲਾ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਬਚਿੱਤਰ ਸਿੰਘ ਉਰਫ ਬਿੱਕਰ ਦੀ ਮੋਟਰਸਾਈਕਲ ਸਵਾਰ ਸ਼ੂਟਰਾਂ ਵੱਲੋਂ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬਚਿੱਤਰ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਮੁੱਢਲੇ ਮੈਂਬਰਾਂ ਵਿੱਚੋਂ ਇਕ ਦੱਸਿਆ ਗਿਆ ਅਤੇ ਉਹ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਮਨਜਿੰਦਰ ਸਿੰਘ ਲਾਲਪੁਰਾ ਦੇ ਕਰੀਬੀ ਸਾਥੀਆਂ ਵਿਚ ਗਿਣੇ ਜਾਂਦੇ ਸਨ। ਰਾਜ ਤਲਵੰਡੀ ਕਤਲ ’ਚ ਵਿਦੇਸ਼ੀ ਗੈਂਗਸਟਰਾਂ ਦੀ ਸਾਜ਼ਿਸ਼ ਦਾ ਦਾਅਵਾ ਸੰਮਤੀ ਚੋਣਾਂ ਦੌਰਾਨ ਪੱਟੀ ਹਲਕੇ ਦੇ ਪਿੰਡ ਤਲਵੰਡੀ ਮੋਹਰ ਸਿੰਘ ਵਿਚ ਮਹਿਲਾ ਸਰਪੰਚ ਰਾਜਵਿੰਦਰ ਕੌਰ ਰਾਜ ਨੂੰ ਨਿਰਵਿਰੋਧ ਚੁਣਵਾਉਣ ਵਿੱਚ ਸਰਗਰਮ ਰਹੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਰਾਜਵਿੰਦਰ ਸਿੰਘ ਉਰਫ਼ ਰਾਜ ਤਲਵੰਡੀ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਦੱਸਿਆ ਗਿਆ ਕਿ ਰਾਜ ਜਦੋਂ ਬੀਡੀਪੀਓ ਦਫ਼ਤਰ ਪੱਟੀ ਤੋਂ ਵਾਪਸ ਪਰਤ ਰਹੇ ਸਨ ਤਾਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ਰੋਕ ਕੇ ਗੋਲ਼ੀਆਂ ਮਾਰ ਦਿੱਤੀਆਂ। ਰਾਜ ਤਲਵੰਡੀ ਨੂੰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਕਰੀਬੀ ਮੰਨਿਆ ਜਾਂਦਾ ਸੀ। 74 ਸਾਲਾ ਸਰਪੰਚ ਪ੍ਰਤਾਪ ਸਿੰਘ ਵੀ ਬਣੇ ਨਿਸ਼ਾਨਾ ਨਵੰਬਰ 2024 ਨੂੰ ਤਰਨਤਾਰਨ ਹਲਕੇ ਦੇ ਪਿੰਡ ਲਾਲੂਘੁੰਮਣ ਦੇ ਨਿਰਵਿਰੋਧ ਸਰਪੰਚ ਚੁਣੇ ਗਏ 74 ਸਾਲਾ ਪ੍ਰਤਾਪ ਸਿੰਘ ਦਾ ਮੋਟਰਸਾਈਕਲ ਸਵਾਰ ਸ਼ੂਟਰਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਵਾਰਦਾਤ ਉਸ ਸਮੇਂ ਹੋਈ ਜਦੋਂ ਉਹ ਇਕ ਸੋਗ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਤੋਂ ਵਾਪਸ ਪਰਤ ਰਹੇ ਸਨ। ਗੋਲ਼ੀਬਾਰੀ ਵਿਚ ਪ੍ਰਤਾਪ ਸਿੰਘ ਦੀ ਮੌਤ ਹੋ ਗਈ ਸੀ, ਜਦੋਂਕਿ ਉਨ੍ਹਾਂ ਦੇ ਨਾਲ ਮੌਜੂਦ ਬੁੱਧ ਸਿੰਘ ਅਤੇ ਭਗਵੰਤ ਸਿੰਘ ਜ਼ਖ਼ਮੀ ਹੋਏ ਸਨ। ਖੇਤੀਬਾੜੀ ਵਿਭਾਗ ਤੋਂ ਸੁਪਰਵਾਈਜ਼ਰ ਵਜੋਂ ਸੇਵਾਮੁਕਤ ਪ੍ਰਤਾਪ ਸਿੰਘ ਨੂੰ ਇਲਾਕੇ ’ਚ ਸਤਿਕਾਰਤ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਸੀ। ਉਹ ਤੱਤਕਾਲੀ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਕਰੀਬੀ ਸਾਥੀਆਂ ਵਿੱਚੋਂ ਵੀ ਦੱਸੇ ਜਾਂਦੇ ਸਨ। 2026 ’ਚ ਵੀ ਨਹੀਂ ਰੁਕੀ ਖ਼ੂਨੀ ਲੜੀ ਜਨਵਰੀ 2026 ਵਿਚ ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਵਲਟੋਹਾ ਦੇ ‘ਆਪ’ ਸਰਪੰਚ ਜਰਮਲ ਸਿੰਘ, ਜਿਨ੍ਹਾਂ ਨੂੰ ਕੁਝ ਵੇਰਵਿਆਂ ਵਿਚ ਜਰਨੈਲ ਸਿੰਘ ਵੀ ਦਰਸਾਇਆ ਗਿਆ ਹੈ, ਦਾ ਅੰਮ੍ਰਿਤਸਰ ਦੇ ਇਕ ਮੈਰਿਜ ਪੈਲੇਸ ਵਿਚ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਹ ਰਿਸ਼ਤੇਦਾਰ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਗਏ ਹੋਏ ਸਨ। ਦੱਸਿਆ ਗਿਆ ਕਿ ਪਿੱਛੋਂ ਆਏ ਦੋ ਹਮਲਾਵਰਾਂ ਨੇ ਉਨ੍ਹਾਂ ਦੇ ਸਿਰ ਵਿਚ ਗੋਲ਼ੀ ਮਾਰੀ ਅਤੇ ਫਰਾਰ ਹੋ ਗਏ। ਠੱਠੀਆਂ ਮਹੰਤਾਂ ਦੇ ਆਪ ਸਰਪੰਚ ਨੂੰ ਵਿਆਹ ਸਮਾਗਮ ’ਚ ਕੀਤਾ ਕਤਲ ਇਸ ਤੋਂ ਬਾਅਦ 18 ਫਰਵਰੀ 2026 ਨੂੰ ਪੱਟੀ ਹਲਕੇ ਦੇ ਪਿੰਡ ਠੱਠੀਆਂ ਮਹੰਤਾਂ ਦੇ ਆਮ ਆਦਮੀ ਪਾਰਟੀ ਨਾਲ ਸਬੰਧਤ ਸਰਪੰਚ ਹਰਬਿੰਦਰ ਸਿੰਘ ਦਾ ਪਿੰਡ ਸ਼ੇਰੋਂ ਵਿਖੇ ਚੱਲ ਰਹੇ ਵਿਆਹ ਸਮਾਗਮ ਦੌਰਾਨ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਵਿਚ ਵੱਡੀ ਗੱਲ ਇਹ ਸਾਹਮਣੇ ਆਈ ਕਿ ਹਮਲਾਵਰਾਂ ਵਲੋਂ ਏਕੇ-47 ਅਸਾਲਟ ਰਾਈਫਲ ਦੀ ਵਰਤੋਂ ਕੀਤੀ ਗਈ। ਚੱਲਦੇ ਵਿਆਹ ਸਮਾਗਮ ਵਿਚ ਜਰਮਲ ਸਿੰਘ ਤੋਂ ਬਾਅਦ ਇਹ ਦੂਜਾ ਕਤਲ ਸੀ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹੁਣ ਤੂਤ ਦੇ ਸਰਪੰਚ ਅਸ਼ਵਨੀ ਦੇਵਗਨ ਦਾ ਕਤਲ ਹੁਣ 6 ਅਕਤੂਬਰ 2026 ਨੂੰ ਪੱਟੀ ਹਲਕੇ ਦੇ ਪਿੰਡ ਤੂਤ ਵਿੱਚ ਅਸ਼ਵਨੀ ਦੇਵਗਨ ਨੂੰ ਗੋਲ਼ੀਆਂ ਮਾਰ ਕੇ ਕਤਲ ਕਰਨ ਦੀ ਘਟਨਾ ਨੇ ਇੱਕ ਵਾਰ ਮੁੜ ਇਲਾਕੇ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਖਾਸ ਗੱਲ ਇਹ ਹੈ ਕਿ ਹਮਲਾਵਰਾਂ ਨੇ ਪਿੰਡ ਦੇ ਅੱਡੇ ’ਤੇ ਉਨ੍ਹਾਂ ਦੀ ਇਨੋਵਾ ਨੂੰ ਨਿਸ਼ਾਨਾ ਬਣਾਇਆ। ਹਮਲੇ ਵਿਚ ਸਰਪੰਚ ਦੀ ਮੌਤ ਹੋ ਗਈ, ਜਦਕਿ ਡਰਾਈਵਰ ਵੀ ਜ਼ਖ਼ਮੀ ਹੋਇਆ ਹੈ। ਲਗਾਤਾਰ ਵਾਪਰ ਰਹੀਆਂ ਘਟਨਾਵਾਂ ਦੀ ਜਾਂਚ ਜਾਰੀ ਇਕ ਤੋਂ ਬਾਅਦ ਇਕ ਸਾਹਮਣੇ ਆ ਰਹੀਆਂ ਇਨ੍ਹਾਂ ਵਾਰਦਾਤਾਂ ਵਿਚ ਇਕ ਸਾਂਝਾ ਪੈਟਰਨ ਨਜ਼ਰ ਆਉਂਦਾ ਹੈ ਕਿ ਮੋਟਰਸਾਈਕਲ ਸਵਾਰ ਸ਼ੂਟਰ, ਦਿਨ-ਦਿਹਾੜੇ ਜਾਂ ਜਨਤਕ ਥਾਵਾਂ ’ਤੇ ਹਮਲੇ ਅਤੇ ਵਾਰਦਾਤ ਤੋਂ ਬਾਅਦ ਹਮਲਾਵਰਾਂ ਦਾ ਫਰਾਰ ਹੋ ਜਾਣਾ। ਕਈ ਮਾਮਲਿਆਂ ਵਿਚ ਪੁਲਿਸ ਜਾਂਚ ਦੌਰਾਨ ਵਿਦੇਸ਼ ਬੈਠੇ ਗੈਂਗਸਟਰਾਂ, ਉਨ੍ਹਾਂ ਦੇ ਸਥਾਨਕ ਨੈੱਟਵਰਕ ਅਤੇ ਸੁਪਾਰੀ ਦੇ ਐਂਗਲ ਦੀ ਗੱਲ ਸਾਹਮਣੇ ਆਉਂਦੀ ਰਹੀ ਹੈ। ਹਾਲਾਂਕਿ ਇਹ ਕਹਿਣਾ ਕਿ ਹਰ ਵਾਰਦਾਤ ਸਿਰਫ਼ ਸਿਆਸੀ ਕਾਰਨ ਕਰਕੇ ਹੀ ਹੋਈ, ਪੁਲਿਸ ਜਾਂਚ ਪੂਰੀ ਹੋਣ ਤੋਂ ਪਹਿਲਾਂ ਠੀਕ ਨਹੀਂ ਹੋਵੇਗਾ। ਕਈ ਮਾਮਲਿਆਂ ਵਿਚ ਨਿੱਜੀ ਰੰਜਿਸ਼, ਪੁਰਾਣੀ ਦੁਸ਼ਮਣੀ, ਅਪਰਾਧਿਕ ਪਿਛੋਕੜ ਅਤੇ ਗੈਂਗਸਟਰ ਨੈੱਟਵਰਕ ਵਰਗੇ ਵੱਖ-ਵੱਖ ਐਂਗਲ ਵੀ ਜਾਂਚ ਦਾ ਹਿੱਸਾ ਰਹੇ ਹਨ। ਪਰ ਵਧੇਰੇ ਮਾਮਲਿਆਂ ਵਿਚ ਇਨ੍ਹਾਂ ਕਤਲਾਂ ਪਿੱਛੇ ਕਥਿਤ ਗੈਂਗਸਟਰ ਕੁਨੈਕਸ਼ਨ ਹੀ ਸਾਹਮਣੇ ਆਉਂਦਾ ਰਿਹਾ ਹੈ। ਚੁਣੇ ਹੋਏ ਨੁਮਾਇੰਦਿਆਂ ਦੀ ਸੁਰੱਖਿਆ ਬਣੀ ਗੰਭੀਰ ਚਿੰਤਾ ਤੂਤ ਦੀ ਤਾਜ਼ਾ ਵਾਰਦਾਤ ਨੇ ਇਕ ਵਾਰ ਮੁੜ ਇਹ ਸਵਾਲ ਜ਼ਰੂਰ ਖੜ੍ਹਾ ਕਰ ਦਿੱਤਾ ਹੈ ਕਿ ਜੇਕਰ ਪਿੰਡਾਂ ਦੇ ਚੁਣੇ ਹੋਏ ਸਰਪੰਚ, ਪਾਰਟੀ ਵਲੰਟੀਅਰ ਅਤੇ ਸਿਆਸੀ ਆਗੂ ਹੀ ਗੈਂਗਸਟਰਾਂ ਜਾਂ ਹਥਿਆਰਬੰਦ ਹਮਲਾਵਰਾਂ ਦੇ ਨਿਸ਼ਾਨੇ ’ਤੇ ਆਉਣ ਲੱਗਣ ਤਾਂ ਆਮ ਲੋਕਾਂ ਦੀ ਸੁਰੱਖਿਆ ਕਿੰਨੀ ਮਜ਼ਬੂਤ ਹੈ। ਹੁਣ ਪੁਲਿਸ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਤੂਤ ਕਤਲ ਦੇ ਹਮਲਾਵਰਾਂ ਨੂੰ ਜਲਦ ਕਾਬੂ ਕਰਨ ਦੇ ਨਾਲ-ਨਾਲ ਇਸ ਗੱਲ ਦਾ ਪਤਾ ਲਗਾਉਣਾ ਹੈ ਕਿ ਇਸ ਕਤਲ ਪਿੱਛੇ ਕਿਸ ਦਾ ਹੱਥ ਸੀ, ਹਮਲੇ ਦਾ ਮਕਸਦ ਕੀ ਸੀ ਅਤੇ ਕੀ ਇਸ ਦੇ ਤਾਰ ਕਿਸੇ ਗੈਂਗਸਟਰ ਨੈੱਟਵਰਕ ਨਾਲ ਜੁੜਦੇ ਹਨ। ਅਸ਼ਵਨੀ ਦੇਵਗਨ ਦੇ ਕਤਲ ਨਾਲ ਤਰਨਤਾਰਨ ਵਿੱਚ ਸਿਆਸੀ ਆਗੂਆਂ ਅਤੇ ਪੰਚਾਇਤੀ ਨੁਮਾਇੰਦਿਆਂ ਦੀ ਸੁਰੱਖਿਆ ਨੂੰ ਲੈ ਕੇ ਇਕ ਵਾਰ ਮੁੜ ਗੰਭੀਰ ਚਰਚਾ ਛਿੜ ਗਈ ਹੈ। ਹਰ ਪਹਿਲੂ ਤੋਂ ਕੀਤੀ ਜਾ ਰਹੀ ਹੈ ਜਾਂਚ : ਐੱਸਪੀ ਇਨਵੈਸਟੀਗੇਸ਼ਨ ਉੱਧਰ ਤਰਨਤਾਰਨ ਦੇ ਐੱਸਪੀ ਇਨਵੈਸਟੀਗੇਸ਼ਨ ਰਿਪੂਤਪਨ ਸਿੰਘ ਨੇ ਦੱਸਿਆ ਕਿ ਅੱਡਾ ਤੂਤ ਵਿਖੇ ਸਰਪੰਚ ਅਸ਼ਵਨੀ ਦੇਵਗਨ ਦੀ ਹੱਤਿਆ ਸਬੰਧੀ ਪਰਿਵਾਰ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਆਧਾਰ ’ਤੇ ਕੇਸ ਦਰਜ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਹਮਲਾਵਰਾਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਵੀ ਖੰਘਾਲੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸੀਸੀਟੀਵੀ ਵਿਚ ਹਮਲਾਵਰਾਂ ਦੀਆਂ ਤਸਵੀਰਾਂ ਮਿਲੀਆਂ ਹਨ, ਜਿਨ੍ਹਾਂ ਨੂੰ ਜਨਤਕ ਕਰ ਕੇ ਲੋਕਾਂ ਕੋਲੋਂ ਪਛਾਣ ਵਾਸਤੇ ਸਹਿਯੋਗ ਵੀ ਮੰਗਿਆ ਜਾ ਰਿਹਾ ਹੈ।