‘ਸਰਪੰਚਾਂ, ਤੈਨੂੰ ਕਿਹਾ ਸੀ ਨਾ 10 ਦਿਨ ਘਰੋਂ ਬਾਹਰ ਨਾ ਨਿਕਲੀਂ’... ਨਹੀਂ ਝੱਲਿਆ ਜਾਂਦਾ ਸੀ ਭਰਾ ਦਾ ਵਿਰਲਾਪ ‘ਸਰਪੰਚਾਂ ਤੈਨੂੰ ਕਿਹਾ ਸੀ ਨਾ ਦਸ ਦਿਨ ਘਰੋਂ ਬਾਹਰ ਨਾ ਨਿਕਲੀਂ’... ਨਹੀਂ ਝੱਲਿਆ ਜਾਂਦਾ ਸੀ ਭਰਾ ਦਾ ਵਿਰਲਾਪ
Publish Date: Tue, 06 Oct 2026 08:57 PM (IST)
Updated Date: Tue, 06 Oct 2026 08:59 PM (IST)
ਸਰਪੰਚ ਅਸ਼ਵਨੀ ਦੇਵਗਨ ਦੇ ਕਤਲ ਤੋਂ ਬਾਅਦ ਹਥਾੜ੍ਹ ਇਲਾਕੇ ’ਚ ਦਹਿਸ਼ਤ ਤੇ ਸੋਗ ਬੱਲੂ ਮਹਿਤਾ/ਕੇਪੀ ਗਿੱਲ•, ਪੰਜਾਬੀ ਜਾਗਰਣ ਪੱਟੀ : ਪੱਟੀ ਹਲਕੇ ਦੇ ਪਿੰਡ ਤੂਤ ਵਿਚ ਆਮ ਆਦਮੀ ਪਾਰਟੀ ਦੇ ਸਰਪੰਚ ਤੇ ਬਲਾਕ ਪ੍ਰਧਾਨ ਅਸ਼ਵਨੀ ਦੇਵਗਨ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਹਥਾੜ੍ਹ ਇਲਾਕੇ ਵਿਚ ਦਹਿਸ਼ਤ ਤੇ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਹਮਲੇ ਵਿਚ ਉਨ੍ਹਾਂ ਦਾ ਡਰਾਈਵਰ ਚਮਕੌਰ ਸਿੰਘ ਵੀ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ। ਸਰਪੰਚ ਦੇ ਕਤਲ ਤੋਂ ਬਾਅਦ ਲੋਕਾਂ ਵਿਚ ਪੁਲਿਸ ਪ੍ਰਸ਼ਾਸਨ ਪ੍ਰਤੀ ਰੋਸ ਵੀ ਦੇਖਣ ਨੂੰ ਮਿਲਿਆ। ਮ੍ਰਿਤਕ ਦੇ ਭਰਾ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਹ ਵਿਰਲਾਪ ਕਰਦਿਆਂ ਕਹਿ ਰਿਹਾ ਸੀ ਕਿ ‘ਸਰਪੰਚਾਂ, ਤੈਨੂੰ ਕਿਹਾ ਸੀ ਨਾ 10 ਦਿਨ ਘਰੋਂ ਬਾਹਰ ਨਾ ਨਿਕਲੀਂ’... ਉੱਧਰ ਹਸਪਤਾਲ ਵਿਚ ਪਰਿਵਾਰ ਨੂੰ ਹੌਸਲਾ ਦੇਣ ਲਈ ਇਲਾਕੇ ਦੇ ਲੋਕਾਂ ਤੋਂ ਇਲਾਵਾ ਵੱਖ-ਵੱਖ ਸਿਆਸੀ ਆਗੂ ਵੀ ਪੁੱਜ ਗਏ। ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਕੰਵਰ ਸਿੰਘ ਜੱਸਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਇਹ ਬੇਹੱਦ ਦੁਖਦਾਈ ਘਟਨਾ ਹੈ ਅਤੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਹ ਦੋਵੇਂ ਦਾਣਾ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਉਣ ਲਈ ਗਏ ਹੋਏ ਸਨ ਅਤੇ ਅਜਿਹੀ ਕਿਸੇ ਘਟਨਾ ਦਾ ਕੋਈ ਅੰਦਾਜ਼ਾ ਨਹੀਂ ਸੀ। ਚਾਰ ਘੰਟਿਆਂ ਬਾਅਦ ਵੀ ਕੋਈ ਵੱਡਾ ਪੁਲਿਸ ਅਧਿਕਾਰੀ ਨਹੀਂ ਪੁੱਜਾ ਘਟਨਾ ਤੋਂ ਕਰੀਬ ਚਾਰ ਘੰਟੇ ਬੀਤਣ ਦੇ ਬਾਵਜੂਦ ਥਾਣਾ ਸਿਟੀ ਪੱਟੀ ਤੇ ਸਦਰ ਦੇ ਥਾਣਾ ਮੁਖੀਆਂ ਤੋਂ ਇਲਾਵਾ ਕੋਈ ਵੱਡਾ ਪੁਲਿਸ ਅਧਿਕਾਰੀ ਮੌਕੇ ’ਤੇ ਨਾ ਪੁੱਜਣ ਕਾਰਨ ਲੋਕਾਂ ਵਿਚ ਨਾਰਾਜ਼ਗੀ ਵੇਖਣ ਨੂੰ ਮਿਲੀ। ਥਾਣਾ ਮੁਖੀ ਵਿਪਨ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਦੇਹ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੱਖੀ ਜਾ ਰਹੀ ਹੈ। ਬੁੱਧਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਜਾਵੇਗੀ। ਪਹਿਲਾਂ ਵੀ ਗੋਲ਼ੀਆਂ ਨਾਲ ਦਹਿਲ ਚੁੱਕਾ ਹੈ ਇਲਾਕਾ ਪਿੰਡ ਤੂਤ ਦੇ ਸਰਪੰਚ ਦੇ ਕਤਲ ਨੇ ਇਲਾਕੇ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਇਲਾਕੇ ਵਿਚ ਗੋਲ਼ੀਬਾਰੀ ਦੀ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਲੋਕ ਗੋਲ਼ੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਕਿ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਦੇ ਬਾਵਜੂਦ ਅਪਰਾਧੀਆਂ ਵਿਚ ਪੁਲਿਸ ਦਾ ਡਰ ਕਿਉਂ ਨਹੀਂ ਬਣ ਰਿਹਾ। ਸਰਪੰਚ ਦਾ ਕਤਲ ਦੁਖਦਾਈ ਤੇ ਚਿੰਤਾਜਨਕ ਘਟਨਾ : ਸੰਧੂ ਗੁਰਮਹਾਵੀਰ ਸਿੰਘ ਸੰਧੂ ਸਰਹਾਲੀ ਨੇ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਪਿੰਡ ਤੂਤ ਵਿਚ ‘ਆਪ’ ਸਰਪੰਚ ਅਸ਼ਵਨੀ ਦੇਵਗਨ ਦੇ ਗੋਲ਼ੀਆਂ ਮਾਰ ਕੇ ਕੀਤੇ ਕਤਲ ਦੀ ਘਟਨਾ ਬੇਹੱਦ ਦੁਖਦਾਈ ਅਤੇ ਚਿੰਤਾਜਨਕ ਹੈ। ਅਜਿਹੀਆਂ ਵਾਰਦਾਤਾਂ ਨੇ ਆਮ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਕੀਤਾ ਹੈ। ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਸਿਆਸੀ ਦਬਾਅ ਤੋਂ ਉੱਪਰ ਉੱਠ ਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣੀ ਚਾਹੀਦੀ ਹੈ। ਹਮਲਾਵਰਾਂ ਦੀ ਤੁਰੰਤ ਪਛਾਣ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿਵਾਈ ਜਾਵੇ। ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਕਰ ਕੇ ਗਈ ਸਰਪੰਚ ਦੀ ਜਾਨ : ਗਿੱਲ ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਰਪੰਚ ਅਸ਼ਵਨੀ ਦੇਵਗਨ ਦਾ ਦਿਨ-ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਹੋਣਾ ਪੰਜਾਬ ਵਿਚ ਵਿਗੜਦੀ ਕਾਨੂੰਨ-ਵਿਵਸਥਾ ਦੀ ਗੰਭੀਰ ਤਸਵੀਰ ਪੇਸ਼ ਕਰਦਾ ਹੈ। ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ। ਜੇਕਰ ਪਿੰਡਾਂ ਵਿਚ ਚੁਣੇ ਹੋਏ ਨੁਮਾਇੰਦੇ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ਬਾਰੇ ਸਵਾਲ ਖੜ੍ਹੇ ਹੋਣਾ ਸੁਭਾਵਿਕ ਹੈ। ਸਰਕਾਰ ਨੂੰ ਸਿਰਫ਼ ਬਿਆਨਬਾਜ਼ੀ ਦੀ ਬਜਾਏ ਠੋਸ ਕਾਰਵਾਈ ਕਰਨੀ ਚਾਹੀਦੀ ਹੈ। ਪੁਲਿਸ ਤੁਰੰਤ ਕਾਤਲਾਂ ਨੂੰ ਗ੍ਰਿਫ਼ਤਾਰ ਕਰੇ, ਸਾਜ਼ਿਸ਼ ਦਾ ਪਤਾ ਲਗਾਏ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਏ। ਸਰਪੰਚ ਦਾ ਕਤਲ ਕਾਨੂੰਨ ਵਿਵਸਥਾ ’ਤੇ ਵੱਡਾ ਸਵਾਲ : ਹਰਪ੍ਰੀਤ ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀਪੀਸੀਸੀ ਦਾ ਕਹਿਣਾ ਹੈ ਕਿ ਅਸ਼ਵਨੀ ਦੇਵਗਨ ਦੇ ਕਤਲ ਦੀ ਘਟਨਾ ਨੇ ਹਰ ਸੰਵੇਦਨਸ਼ੀਲ ਵਿਅਕਤੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪੰਜਾਬ ਵਿਚ ਅਪਰਾਧੀਆਂ ਦੇ ਹੌਸਲੇ ਲਗਾਤਾਰ ਵਧਣੇ ਚਿੰਤਾ ਦਾ ਵਿਸ਼ਾ ਹਨ। ਜਦੋਂ ਇਕ ਚੁਣੇ ਹੋਏ ਸਰਪੰਚ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਹ ਸਰਕਾਰ ਦੀ ਕਾਨੂੰਨ-ਵਿਵਸਥਾ ’ਤੇ ਵੱਡਾ ਸਵਾਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਮਨ-ਕਾਨੂੰਨ ਦੀ ਸਥਿਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਸਰਪੰਚ ਦਾ ਸਰੇਆਮ ਕਤਲ ਮੰਦਭਾਗੀ ਘਟਨਾ : ਸੇਖੋਂ ਹਰਮਨ ਸੇਖੋਂ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਨੇ ਕਿਹਾ ਕਿ ਸਰਪੰਚ ਦੇਵਗਨ ਦਾ ਕਤਲ ਬੇਹੱਦ ਮੰਦਭਾਗੀ ਘਟਨਾ ਹੈ। ਪੰਜਾਬ ਵਿਚ ਲੋਕਾਂ ਅੰਦਰ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਣੀ ਚਾਹੀਦੀ ਹੈ, ਪਰ ਲਗਾਤਾਰ ਵਾਪਰ ਰਹੀਆਂ ਗੋਲ਼ੀਬਾਰੀ ਅਤੇ ਕਤਲ ਦੀਆਂ ਘਟਨਾਵਾਂ ਚਿੰਤਾ ਪੈਦਾ ਕਰ ਰਹੀਆਂ ਹਨ। ਸਰਕਾਰ ਨੂੰ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤਣੀ ਚਾਹੀਦੀ। ਪੁਲਿਸ ਵੱਲੋਂ ਤੇਜ਼ੀ ਨਾਲ ਜਾਂਚ ਕਰ ਕੇ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਵਾਰਦਾਤ ਦੇ ਪਿੱਛੇ ਦੀ ਅਸਲ ਸਾਜ਼ਿਸ਼ ਸਾਹਮਣੇ ਲਿਆਂਦੀ ਜਾਵੇ। ਇਲਾਕੇ ਦੀ ਸੁਰੱਖਿਆ ਨਾਲ ਜੁੜਿਆ ਗੰਭੀਰ ਮਸਲਾ : ਜਸਕਰਨ ਜਸਕਰਨ ਸਿੰਘ ਤੂਤ, ਜ਼ਿਲ੍ਹਾ ਉਪ ਪ੍ਰਧਾਨ ਭਾਜਪਾ ਨੇ ਕਿਹਾ ਕਿ ਮੇਰੇ ਪਿੰਡ ਦੇ ਸਰਪੰਚ ਨੂੰ ਗੋਲ਼ੀਆਂ ਮਾਰ ਕੇ ਕੀਤੇ ਕਤਲ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਸਿਰਫ਼ ਇਕ ਪਰਿਵਾਰ ਨਾਲ ਵਾਪਰੀ ਘਟਨਾ ਨਹੀਂ, ਸਗੋਂ ਇਲਾਕੇ ਦੀ ਸੁਰੱਖਿਆ ਨਾਲ ਜੁੜਿਆ ਗੰਭੀਰ ਮਾਮਲਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪੁਲਿਸ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਦੇ ਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਵਾਏ। ਲੋਕਾਂ ਵਿਚ ਪੈਦਾ ਹੋਏ ਡਰ ਨੂੰ ਦੂਰ ਕਰਨ ਲਈ ਪਿੰਡਾਂ ਵਿਚ ਪੁਲਿਸ ਗਸ਼ਤ ਵਧਾਈ ਜਾਵੇ।