ਖਬਰ ਦਾ ਅਸਰ ; ਸਿਹਤ ਵਿਭਾਗ ਦੀ ਟੀਮ ਨੇ ਅਧਿਕਾਰੀਆਂ ਦੇ ਬਿਆਨ ਕੀਤੇ ਕਲਮਬੱਧ ਓਟ ਸੈਂਟਰਾਂ ਦੀ ਪੜਤਾਲ ਚਾਹ ਦੀਆਂ ਚੁਸਕੀਆਂ ਤਕ ਹੀ ਰਹਿ ਗਈ ਸੀਮਤ !
Publish Date: Mon, 05 Oct 2026 07:51 PM (IST)
Updated Date: Mon, 05 Oct 2026 07:53 PM (IST)
ਕਿਰਪਾਲ ਸਿੰਘ ਰੰਧਾਵਾ, •ਪੰਜਾਬੀ ਜਾਗਰਣ, ਹਰੀਕੇ ਪੱਤਣ ਓਟ ਸੈਂਟਰਾਂ ਦੀ ਜਾਂਚ ਨੂੰ ਲੈ ਕੇ ਪਿਛਲੇ 3 ਹਫ਼ਤਿਆਂ ਤੋਂ ਸਿਹਤ ਵਿਭਾਗ ਵਿਚ ਚੱਲ ਰਹੇ ਘਮਾਸਾਨ ਦਰਮਿਆਨ ਡਾਇਰੈਕਟਰ ਸਿਹਤ ਵਿਭਾਗ ਦੇ ਹੁਕਮਾਂ ’ਤੇ ਜਲੰਧਰ ਤੋਂ ਪਹੁੰਚੀ ਚਾਰ ਮੈਂਬਰੀ ਜਾਂਚ ਟੀਮ ਦੀ ਕਾਰਵਾਈ ਵੀ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ। ਇਸ ਸਬੰਧੀ ਪੰਜਾਬੀ ਜਾਗਰਣ ਅਖ਼ਬਾਰ ਵੱਲੋਂ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ। ਇਸ ਸਬੰਧੀ ਹਰਕਤ ਵਿਚ ਆਏ ਸਿਹਤ ਵਿਭਾਗ ਵੱਲੋਂ ਪਹਿਲਾਂ ਜਾਂਚੇ 4 ਓਟ ਸੈਟਰਾਂ ’ਤੇ ਜਾ ਕੇ ਕੀਤੀ ਜਾਣ ਵਾਲੀ ਪੜਤਾਲ ਦੀ ਉਮੀਦ ਨਾਲ ਤਰਨਤਾਰਨ ਪਹੁੰਚੀ ਟੀਮ ਵੱਲੋਂ ਮੁੱਖ ਤੌਰ ’ਤੇ ਸਬੰਧਿਤ ਅਧਿਕਾਰੀਆਂ ਦੇ ਬਿਆਨ ਹੀ ਕਲਮਬੱਧ ਕਰਨ ਦੀ ਕਾਰਵਾਈ ਕੀਤੀ ਗਈ। ਇਸ ਕਾਰਵਾਈ ਨੂੰ ਦੇਖ ਕੇ ਚਰਚਾ ਛਿੜ ਗਈ ਕਿ ਕਿਤੇ ਓਟ ਸੈਂਟਰਾਂ ਦੀ ਗੰਭੀਰ ਪੜਤਾਲ ‘ਟੀ ਪਾਰਟੀ’ ਤਕ ਹੀ ਤਾਂ ਸੀਮਤ ਨਾ ਰਹਿ ਜਾਵੇ। ਜਲੰਧਰ ਦੇ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਆਈ ਟੀਮ ਜਿਸ ਵਿਚ ਡੀਐੱਮਸੀ ਡਾ. ਜਸਵਿੰਦਰ ਸਿੰਘ, ਡਰੱਗ ਕੰਟਰੋਲਰ ਡਾ. ਅਮਿਤ ਬਾਂਸਲ ਅਤੇ ਮਨੋਰੋਗ ਮਾਹਿਰ ਡਾ. ਅਭੈਰਾਜ ਸ਼ਾਮਿਲ ਸਨ, ਨੇ ਤਰਨਤਾਰਨ ਦੇ ਸਿਵਲ ਸਰਜਨ, ਡੀਐੱਮਸੀ, ਐੱਸਐੱਮਓ ਅਤੇ ਸੈਨੇਟਰੀ ਇੰਸਪੈਕਟਰ ਦੇ ਬਿਆਨ ਦਰਜ ਕੀਤੇ ਜਾਣ ਦੀ ਗੱਲ ਕਹੀ। ਜਦੋਂਕਿ ਅਣਅਧਿਕਾਰਤ ਕਰਮਚਾਰੀਆਂ ਵੱਲੋਂ ਓਟ ਸੈਟਰਾਂ ਦੀ ਜਾਂਚ ਖਿਲਾਫ ਕਾਰਵਾਈ ਬਾਬਤ ਪੁੱਛੇ ਜਾਣ ’ਤੇ ਉਨ੍ਹਾਂ ਨੇ ਡਾਇਰੈਕਟਰ ਸਿਹਤ ਵਿਭਾਗ ਨਾਲ ਰਾਬਤਾ ਕਰਨ ਦੀ ਤਾਕੀਦ ਕੀਤੀ। ਦੱਸਣਯੋਗ ਹੈ ਕਿ ਲੰਘੀ 13 ਸਤੰਬਰ ਤੋਂ ਸੈਨੇਟਰੀ ਇੰਸਪੈਕਟਰ ਤੇ ਬਾਕੀ ਅਮਲੇ ਵੱਲੋਂ ਜ਼ਿਲ੍ਹੇ ਭਰ ਦੇ ਓਟ ਸੈਟਰਾਂ ਦੀ ਜਾਂਚ ਆਰੰਭੀ ਸੀ ਤੇ ਸਿਹਤ ਵਿਭਾਗ ਦੇ ਹੀ ਆਹਲਾ ਅਧਿਕਾਰੀਆਂ ਨੇ ਮੀਡੀਆ ਸਾਹਮਣੇ ਇਸ ਜਾਂਚ ਦਾ ਵਿਰੋਧ ਵੀ ਕੀਤਾ। ਜਾਂਚ ਤੋਂ ਇਕ ਹਫਤੇ ਬਾਅਦ ਸਿਵਲ ਸਰਜਨ ਤਰਨਤਾਰਨ ਨੇ ਜਾਂਚ ਨੂੰ ਜਾਇਜ਼ ਠਹਿਰਾਉਂਦਿਆਂ ਇਹ ਕਹਿ ਕੇ ਪੱਤਰ ਜਾਰੀ ਕੀਤਾ ਕਿ ਚਿਰ ਤੋਂ ਦਵਾਈ ਦਾ ਸੇਵਨ ਕਰ ਰਹੇ ਮਰੀਜ਼ਾਂ ਦੀ ਦਵਾਈ ਘਟਾਉਣ ਲਈ ਸਰਵੇ ਹੈ! ਵੱਡਾ ਸਵਾਲ ਇਹ ਵੀ ਹੈ ਕਿ ਜੇਕਰ ਸਿਵਲ ਸਰਜਨ ਦਵਾਈ ਘਟਾਉਣ ਦੀ ਜ਼ਰੂਰਤ ਸਮਝਦੇ ਸਨ ਤਾਂ ਕਿ ਜ਼ਿਲ੍ਹੇ ਵਿਚ ਯੋਗ ਡਾਕਟਰਾਂ ਦੀ ਘਾਟ ਸੀ? ਜੋ ਇਕ ਸੈਨੇਟਰੀ ਇੰਸਪੈਕਟਰ ਕੋਲੋਂ ਕਰਵਾਈ ਗਈ। ਓਟ ਸੈਂਟਰਾਂ ਦੀ ਜਾਂਚ ਨਾਲ ਜੁੜੇ ਮਾਮਲੇ ਵਿਚ ਪਹਿਲਾਂ ਹੀ ਜਾਂਚ ਦੀ ਪ੍ਰਕਿਰਿਆ ’ਤੇ ਸਵਾਲ ਉੱਠਦੇ ਰਹੇ ਹਨ। ਅਜਿਹੇ ਵਿਚ ਜਲੰਧਰ ਤੋਂ ਆਈ ਚਾਰ ਮੈਂਬਰੀ ਟੀਮ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਸਿਰਫ਼ ਬਿਆਨ ਦਰਜ ਕਰਨ ਦੀ ਬਜਾਏ ਮਾਮਲੇ ਨਾਲ ਜੁੜੇ ਤੱਥਾਂ, ਰਿਕਾਰਡ ਅਤੇ ਕਥਿਤ ਬੇਨਿਯਮੀਆਂ ਦੀ ਡੂੰਘਾਈ ਨਾਲ ਪੜਤਾਲ ਕਰੇਗੀ। ਫਿਲਹਾਲ ਟੀਮ ਦੀ ਕਾਰਵਾਈ ਦਾ ਮੁੱਖ ਹਿੱਸਾ ਬਿਆਨ ਕਲਮਬੱਧ ਕਰਨ ਤਕ ਸੀਮਤ ਰਹਿਣ ਕਾਰਨ ਜਾਂਚ ਦੀ ਦਿਸ਼ਾ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਜਾਂਚ ਟੀਮ ਦੇ ਮੁਖੀ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਟੀਮ ਵੱਲੋਂ ਲੋੜੀਂਦੇ ਬਿਆਨ ਕਲਮਬੱਧ ਕਰ ਲਏ ਗਏ ਹਨ। ਰਿਪੋਰਟ ਤਿਆਰ ਕਰਕੇ ਡਾਇਰੈਕਟਰ ਸਿਹਤ ਵਿਭਾਗ ਨੂੰ ਬੰਦ ਲਿਫ਼ਾਫ਼ੇ ਵਿੱਚ ਸੌਂਪੀ ਜਾਵੇਗੀ।