ਸ੍ਰੀ ਗੁਰੂ ਅੰਗਦ ਦੇਵ ਕਾਲਜ ਯੁਵਕ ਮੇਲੇ ’ਚ ਓਵਰਆਲ ਚੈਂਪੀਅਨ ਜੋਨਲ ਯੁਵਕ ਮੇਲੇ ਵਿਚ ਓਵਰਆਲ ਚੈਂਪੀਅਨ ਟਰਾਫ਼ੀ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ
Publish Date: Mon, 05 Oct 2026 07:22 PM (IST)
Updated Date: Mon, 05 Oct 2026 07:23 PM (IST)
ਕੁਲਦੀਪ ਸਿੰਘ ਮਾਨ, •ਪੰਜਾਬੀ ਜਾਗਰਣ ਖਡੂਰ ਸਾਹਿਬ : ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਯੁਵਕ ਭਲਾਈ ਵਿਭਾਗ ਦੁਆਰਾ ਆਯੋਜਿਤ ਕੀਤੇ ਜਾਂਦੇ ਜੋਨਲ ਯੁਵਕ ਮੇਲੇ ਦੇ ਬੀ-ਡਵੀਜ਼ਨ 2026-27 ਮੁਕਾਬਲਿਆਂ ਵਿਚ ਭਾਗ ਲਿਆ। ਜਿਸ ਵਿੱਚੋਂ ਕਾਲਜ ਦੇ ਵਿਦਿਆਰਥੀਆਂ ਨੇ ਓਵਰਆਲ ਚੈਂਪੀਅਨ ਟਰਾਫ਼ੀ ਜਿੱਤ ਕੇ ਕਾਲਜ ਅਤੇ ਤਰਨਤਾਰਨ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਜਦ ਯੁਵਕ ਭਲਾਈ ਵਿਭਾਗ ਦੀ ਇਹ ਟੀਮ ਜਿੱਤ ਕੇ ਕਾਲਜ ਪਹੁੰਚੀ ਤਾਂ ਚਾਰੇ ਪਾਸੇ ਇਕ ਖ਼ੁਸ਼ੀ ਦੀ ਲਹਿਰ ਚੱਲ ਪਈ। ਇਸ ਸੰਦਰਭ ਵਿਚ ਕਾਲਜ ’ਚ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਕਾਲਜ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਨੇ ਕਾਲਜ ਪ੍ਰਬੰਧਕੀ ਕਮੇਟੀ ਦੇ ਮੁਖੀ ਬਾਬਾ ਸੇਵਾ ਸਿੰਘ ਜੀ, ਕਾਲਜ ਦੇ ਜਰਨਲ ਸਕੱਤਰ ਡਾ. ਕਮਲਜੀਤ ਸਿੰਘ, ਸਮੂਹ ਪ੍ਰੋਫੈਸਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਦੇ ਨਾਲ ਹੀ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਲਈ ਆਪਣੇ ਲੈਕਚਰ ਵਿਚ ਕਿਹਾ ਕਿ ਜ਼ਿੰਦਗੀ ਇਕ ਪਲੇਟਫਾਰਮ ਹੈ, ਜਿਸ ਵਿਚ ਅਨੇਕਾਂ ਇਮਤਿਹਾਨ ਆਉਂਦੇ ਰਹਿੰਦੇ ਹਨ। ਇਸ ਲਈ ਸਾਨੂੰ ਜ਼ਿੰਦਗੀ ਦੇ ਹਰੇਕ ਦਿਨ ਨੂੰ ਇਕ ਇਮਤਿਹਾਨ ਦੀ ਤਰ੍ਹਾਂ ਲੈਣਾ ਚਾਹੀਦਾ ਹੈ। ਵਿਦਿਆਰਥੀ ਜੀਵਨ ਵਿਚ ਕੋਈ ਵੀ ਇਮਤਿਹਾਨ ਸੱਚੀ ਲਗਨ, ਮਿਹਨਤ ਅਤੇ ਸਹੀ ਮਾਰਗਦਰਸ਼ਨ ਸਦਕਾ ਹੀ ਪਾਸ ਹੋ ਸਕਦਾ ਹੈ। ਜਿਸ ਦਾ ਅਮਲੀ ਰੂਪ ਅਤੇ ਅਸਰ ਇਨ੍ਹਾਂ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਵਿੱਚੋਂ ਵੇਖਣ ਨੂੰ ਮਿਲਿਆ। ਉਨ੍ਹਾਂ ਆਪਣੇ ਲੈਕਚਰ ਵਿਚ ਇਹ ਵੀ ਆਖਿਆ ਕਿ ਸਾਡੇ ਕਾਲਜ ਦੇ ਵਿਦਿਆਰਥੀ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਯੁਵਕ ਭਲਾਈ ਦੇ ਪ੍ਰੋਗਰਾਮਾਂ ਵਿਚ ਵੀ ਚੰਗੇ ਕੀਰਤੀਮਾਨ ਸਥਾਪਿਤ ਕਰ ਰਹੇ ਹਨ। ਇਸ ਲਈ ਸਾਡਾ ਮੰਨਣਾ ਹੈ ਕਿ ਇਹ ਵਿਦਿਆਰਥੀ ਰਾਸ਼ਟਰੀ ਤੋਂ ਅੰਤਰਰਾਸ਼ਟਰੀ ਪੱਧਰ ਤਕ ਵੀ ਪਹੁੰਚ ਸਕਦੇ ਹਨ। ਇਸ ਮੌਕੇ ਯੁਵਕ ਭਲਾਈ ਵਿਭਾਗ ਦੇ ਕੋ-ਕੁਆਰਡੀਨੇਟਰ ਪ੍ਰੋਫੈਸਰ ਹਰਦੀਪ ਸਿੰਘ ਨੇ ਆਪਣੇ ਲੈਕਚਰ ਵਿਚ ਜੋਨਲ ਯੁਵਕ ਮੇਲੇ ਦੀ ਵਿਸਤ੍ਰਿਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੇ ਪੇਟਿੰਗ, ਕਾਰਟੂਨਿੰਗ, ਕੋਲਾਜ ਮੇਕਿੰਗ, ਡੀਬੇਟ ਅੰਗਰੇਜ਼ੀ, ਲੋਕ ਗੀਤ, ਡੀਬੇਟ ਪੰਜਾਬੀ, ਵਾਰ, ਕਵੀਸ਼ਰੀ, ਕਵਿਤਾ, ਫੁੱਲਕਾਰੀ, ਲੁੱਡੀ ਵਿੱਚੋਂ ਪਹਿਲੀ ਪੁਜੀਸ਼ਨ ਐਲੋਕੇਸ਼ਨ, ਭੰਗੜਾ, ਰੰਗੋਲੀ, ਪਲੇਅ, ਕੁਇੰਜ਼ ਵਿੱਚੋਂ ਦੂਜੀ ਪੁਜੀਸ਼ਨ ਲੋਕ ਸਾਜ਼, ਫ਼ੈਸੀ ਡਰੈੱਸ, ਮਿਮਿਕਰੀ, ਗਰੁੱਪ ਸ਼ਬਦ, ਪੋਸਟਰ ਮੇਕਿੰਗ, ਕਲੇਅ ਮੋਡਲਿੰਗ, ਵਿੱਚੋਂ ਤੀਜੀ ਪੁਜੀਸ਼ਨ ਹਾਸਿਲ ਕੀਤੀ। ਐਨੀ ਵੱਡੀ ਪੱਧਰ ਦੇ ਪ੍ਰਾਪਤੀਆਂ ਦੇ ਆਉਣ ਨਾਲ ਯੁਵਕ ਭਲਾਈ ਵਿਭਾਗ ਦੀਆਂ ਪ੍ਰਾਪਤੀਆਂ ਦੇ ਇਤਿਹਾਸ ਵਿਚ ਇਕ ਵੱਡਾ ਮੀਲ ਪੱਥਰ ਸਥਾਪਿਤ ਹੋਇਆ। ਇਸ ਸਮੇਂ ਯੁਵਕ ਭਲਾਈ ਵਿਭਾਗ ਦੇ ਕੋਆਡੀਨੇਟਰ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੁਆਰਾ ਕਰਵਾਏ ਗਏ ਯੂਥ ਫੈਸਟੀਵਲ ਦੇ ਬੀ-ਜੋਨ ਵਿਚ ਕੁੱਲ 17 ਕਾਲਜਾਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚੋਂ ਸਾਡੇ ਕਾਲਜ ਨੇ 25 ਮੁਕਾਬਲਿਆਂ ਵਿਚ ਭਾਗ ਲਿਆ। ਜਿਸ ਦੌਰਾਨ 22 ਮੁਕਾਬਲਿਆਂ ਵਿੱਚੋਂ ਜਿੱਤ ਪ੍ਰਾਪਤ ਕਰਕੇ ਓਵਰਆਲ ਚੈਂਪੀਅਨ ਟਰਾਫ਼ੀ ਹਾਸਿਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਮੂਹ ਪ੍ਰਤੀਯੋਗਤਾਵਾਂ ਨਾਲ ਸਬੰਧਿਤ ਸਮੂਹ ਪ੍ਰੋਫੈਸਰ ਦਾ ਖਾਸ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰੋਫੈਸਰ ਰੋਹਿਤ ਸ਼ਰਮਾ, ਡਾ. ਰਮਨਦੀਪ ਕੌਰ, ਡਾ. ਜਗਜੀਤ ਕੌਰ, ਪ੍ਰੋਫੈਸਰ ਹਰਦੀਪ ਸਿੰਘ, ਪ੍ਰੋਫੈਸਰ ਹਰਦੇਵ ਸਿੰਘ, ਪ੍ਰੋਫੈਸਰ ਲਵਪ੍ਰੀਤ ਸਿੰਘ, ਭਵਨੇਸ਼ ਕੁਮਾਰ, ਡਾ. ਜਤਿੰਦਰ ਕੌਰ, ਪ੍ਰੋਫੈਸਰ ਮਨਪ੍ਰੀਤ ਕੌਰ, ਪ੍ਰੋਫੈਸਰ ਦਿਲਪ੍ਰੀਤ ਕੌਰ, ਪ੍ਰੋਫੈਸਰ ਵੀਰੋ, ਪ੍ਰੋਫੈਸਰ ਇਸ਼ੂ ਅਤੇ ਸਮੂਹ ਪ੍ਰੋਫੈਸਰ ਅਤੇ ਵਿਦਿਆਰਥੀ ਹਾਜ਼ਰ ਸਨ।