ਝੋਨੇ ਦੀ ਖਰੀਦ ’ਚ ਦੇਰੀ ਕਾਰਨ ਪਰੇਸ਼ਾਨ ਕਿਸਾਨ ਝੋਨੇ ਦੀ ਖਰੀਦ ’ਚ ਦੇਰੀ ਕਾਰਨ ਵਪਾਰੀਆਂ ਹੱਥੋਂ ਲੁੱਟੇ ਜਾ ਰਹੇ ਕਿਸਾਨ
Publish Date: Mon, 05 Oct 2026 07:11 PM (IST)
Updated Date: Mon, 05 Oct 2026 07:14 PM (IST)
ਕਿਰਪਾਲ ਸਿੰਘ ਰੰਧਾਵਾ, •ਪੰਜਾਬੀ ਜਾਗਰਣ ਹਰੀਕੇ ਪੱਤਣ : ਝੋਨੇ ਦੀ ਸਰਕਾਰੀ ਖਰੀਦ ਵਿਚ ਦੇਰੀ ਕਾਰਨ ਕਿਸਾਨਾਂ ਨੂੰ ਮੰਡੀਆਂ ਵਿਚ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵਪਾਰੀਆਂ ਵੱਲੋਂ ਉਨ੍ਹਾਂ ਦੀ ਮਜ਼ਬੂਰੀ ਦਾ ਕਥਿਤ ਲਾਹਾ ਲੈਣ ਲਈ ਘੱਟ ਰੇਟ ’ਤੇ ਫ਼ਸਲ ਖਰੀਦ ਰਹੇ ਹਨ। ਮੰਡੀਆਂ ਵਿਚ ਝੋਨੇ ਦੇ ਅੰਬਾਰ ਲੱਗੇ ਹੋਣ ਦੇ ਬਾਵਜੂਦ ਸਰਕਾਰੀ ਖਰੀਦ ਅਤੇ ਲਿਫਟਿੰਗ ਦੀ ਰਫ਼ਤਾਰ ਸੁਸਤ ਹੋਣ ਕਾਰਨ ਕਿਸਾਨ ਆਪਣੀ ਫ਼ਸਲ ਨੂੰ ਲੈ ਕੇ ਚਿੰਤਤ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਥੇਦਾਰ ਸੁਖਵਿੰਦਰ ਸਿੰਘ ਸਭਰਾ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਕਿਸਾਨ ਮੰਡੀਆਂ ਵਿਚ ਰੁਲ ਰਿਹਾ ਹੈ, ਪਰ ਸਰਕਾਰ ਕਿਤੇ ਨਜ਼ਰ ਨਹੀਂ ਆ ਰਹੀ। ਸਭਰਾ ਨੇ ਕਿਹਾ ਕਿ ਕਿਸਾਨ ਵੱਡੀ ਮਿਹਨਤ ਅਤੇ ਖਰਚੇ ਨਾਲ ਝੋਨੇ ਦੀ ਫ਼ਸਲ ਤਿਆਰ ਕਰਕੇ ਮੰਡੀ ਵਿਚ ਲੈ ਕੇ ਆਇਆ ਹੈ, ਪਰ ਖਰੀਦ ਪ੍ਰਬੰਧਾਂ ਦੀ ਮੱਠੀ ਰਫ਼ਤਾਰ ਉਸ ਲਈ ਨਵੀਂ ਮੁਸੀਬਤ ਬਣ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਖਰੀਦ ਸਮੇਂ ਸਿਰ ਅਤੇ ਨਿਰਵਿਘਨ ਢੰਗ ਨਾਲ ਨਾ ਹੋਈ ਤਾਂ ਕਿਸਾਨਾਂ ਨੂੰ ਆਪਣੀ ਫ਼ਸਲ ਘੱਟ ਭਾਅ ’ਤੇ ਵਪਾਰੀਆਂ ਨੂੰ ਵੇਚਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਝੋਨੇ ਦੀ ਖ਼ਰੀਦ ਦਾ ਮਸਲਾ ਕਿਸਾਨਾਂ ਲਈ ਚਿੰਤਾ ਬਣਿਆ ਹੋਇਆ ਹੈ, ਉਥੇ ਹੀ ਅਗਲੀ ਫ਼ਸਲ ਲਈ ਲੋੜੀਂਦੀ ਡੀਏਪੀ ਖਾਦ ਦੀ ਭਾਰੀ ਕਿੱਲਤ ਨੇ ਵੀ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਖਾਦ ਨਾਲ ਕਥਿਤ ਟੈਗਿੰਗ ਦੀ ਨੀਤੀ ਕਾਰਨ ਕਿਸਾਨਾਂ ਨੂੰ ਹੋਰ ਸਮਾਨ ਖਰੀਦਣ ਲਈ ਮਜ਼ਬੂਰ ਕੀਤੇ ਜਾਣ ’ਤੇ ਵੀ ਉਨ੍ਹਾਂ ਇਤਰਾਜ਼ ਜਤਾਇਆ। ਸਭਰਾ ਨੇ ਚੇਤਾਵਨੀ ਦਿੱਤੀ ਕਿ ਝੋਨੇ ਦੀ ਖਰੀਦ ਵਿਚ ਤੇਜ਼ੀ ਲਿਆਉਣ, ਕਿਸਾਨਾਂ ਨੂੰ ਪੂਰਾ ਭਾਅ ਦਿਵਾਉਣ ਅਤੇ ਡੀਏਪੀ ਦੀ ਕਿੱਲਤ ਦੂਰ ਕਰਨ ਸਮੇਤ ਟੈਗਿੰਗ ਨੀਤੀ ਖ਼ਿਲਾਫ਼ ਜਥੇਬੰਦੀ ਵੱਲੋਂ ਵੱਡੇ ਸੰਘਰਸ਼ ਉਲੀਕੇ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਨਾਲ ਕਿਸੇ ਵੀ ਪੱਧਰ ’ਤੇ ਸਮਝੌਤਾ ਨਹੀਂ ਕੀਤਾ ਜਾਵੇਗਾ।