ਖੱਬੀਆਂ ਪਾਰਟੀਆਂ ਨੇ ਮੁੱਖ ਚੋਣ ਕਮਿਸ਼ਨਰ ਦੀ ਸਾੜਿਆ ਪੁਤਲਾ ਖੱਬੀਆਂ ਪਾਰਟੀਆਂ ਨੇ ਮੁੱਖ ਚੋਣ ਕਮਿਸ਼ਨਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ
Publish Date: Mon, 05 Oct 2026 06:06 PM (IST)
Updated Date: Mon, 05 Oct 2026 06:08 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਲੋਂ ਕਥਿਤ ਤੌਰ ‘ਤੇ ਐੱਸਆਈਆਰ ਦੀ ਆੜ ਹੇਠ ਵੋਟਰ ਸੂਚੀਆਂ ਦੀ ਸੁਧਾਈ ਦੇ ਨਾ ’ਤੇ ਲੱਖਾਂ ਲੋਕਾਂ ਦੇ ਨਾਮ ਵੋਟਰ ਸੂਚੀਆਂ ਵਿੱਚੋਂ ਗਾਇਬ ਕੀਤੇ ਗਏ ਹਨ। ਜਿਸ ਦੇ ਤਹਿਤ ਖੱਬੀਆਂ ਪਾਰਟੀਆਂ ਦੇ ਵਰਕਰਾਂ ਨੇ ਰਾਮਗੜ੍ਹੀਆ ਬੂੰਗੇ ਵਿਚ ਇਕੱਤਰ ਹੋਣ ਉਪਰੰਤ ਰੋਸ ਮੁਜ਼ਾਹਰਾ ਕੀਤਾ ਹੈ। ਇਹ ਜਾਣਕਾਰੀ ਸੀਪੀਆਈਐੱਮ, ਸੀਪੀਆਈ ਅਤੇ ਸੀਪੀਆਈਐੱਮਐੱਲ ਦੇ ਆਗੂਆਂ ਕ੍ਰਮਵਾਰ ਕਾਮਰੇਡ ਹੀਰਾ ਸਿੰਘ ਕੰਡਿਆਂ ਵਾਲੇ, ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਕਾਮਰੇਡ ਪਾਲ ਸਿੰਘ ਜਾਮਾਰਾਏ, ਕਾਮਰੇਡ ਦਵਿੰਦਰ ਸੋਹਲ, ਕਾਮਰੇਡ ਤਾਰਾ ਸਿੰਘ ਖਹਿਰਾ, ਕਾਮਰੇਡ ਗੁਰਪ੍ਰੀਤ ਸਿੰਘ ਗੰਡੀਵਿੰਡ, ਕਾਮਰੇਡ ਦਲਵਿੰਦਰ ਸਿੰਘ ਨੌਸ਼ਹਿਰਾ ਪੰਨੂਆਂ, ਕਾਮਰੇਡ ਤਰਸੇਮ ਸਿੰਘ ਢੋਟੀਆਂ ਨੇ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਦਿੱਤੀ। ਹੱਥਾਂ ਵਿਚ ਲਾਲ ਝੰਡੇ ਲੈ ਕੇ ਸ਼ਹਿਰ ਦੇ ਬਜ਼ਾਰਾਂ ਵਿਚ ਰੋਸ ਮੁਜ਼ਾਹਰਾ ਕਰਦੇ ਹੋਏ ਸਥਾਨਕ ਬੌਹੜੀ ਚੌਕ ਵਿਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਰਥੀ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ’ਤੇ ਵੋਟਰ ਸੂਚੀਆਂ ਵਿੱਚੋਂ ਖਾਸ ਫਿਰਕੇ ਦੇ ਨਾਮ ਗਾਇਬ ਕਰਨ ਵਾਲੇ ਮੁੱਖ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਤੁਰੰਤ ਬਰਤਰਫ਼ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਦੇਸ਼ ਦੇ ਵੱਖ-ਵੱਖ ਪੰਜ ਸੂਬਿਆਂ ਵਿਚ ਹੋਈਆਂ ਚੋਣਾਂ ਤੋਂ ਪਹਿਲਾਂ ਲੱਖਾਂ ਲੋਕਾਂ ਦੇ ਨਾਮ ਵੋਟਰ ਸੂਚੀਆਂ ਵਿੱਚੋਂ ਕੱਟ ਕੇ ਭਾਰਤੀ ਜਨਤਾ ਪਾਰਟੀ ਨੂੰ ਰਾਜਨੀਤਿਕ ਫਾਇਦਾ ਪਹੁੰਚਾਉਣ ਦੀ ਭੂਮਿਕਾ ਦੀ ਉੱਚ ਪੱਧਰੀ ਨਿਰਪੱਖ ਪੜਤਾਲ ਕਰਵਾਈ ਜਾਵੇ। ਆਗੂਆਂ ਨੇ ਕਿਹਾ ਕਿ ਪੱਛਮੀ ਬੰਗਾਲ ਸਮੇਤ ਪੰਜ ਸੂਬਿਆਂ ਦੀਆਂ ਚੋਣਾਂ ਦੁਬਾਰਾ ਕਰਵਾ ਕੇ ਦੇਸ਼ ਦੇ ਲੋਕਾਂ ਦੇ ਮਨ ਵਿਚ ਚੋਣ ਕਮਿਸ਼ਨਰ ਖਿਲਾਫ਼ ਪੈਦਾ ਹੋਈ ਬੇਵਿਸ਼ਵਾਸੀ ਨੂੰ ਖ਼ਤਮ ਕਰਕੇ ਲੋਕਤੰਤਰ ਵਿਚ ਵਿਸ਼ਵਾਸ ਬਹਾਲ ਕੀਤਾ ਜਾਵੇ। ਕਮਿਊਨਿਸਟ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕੀਤੇ ਬੇਤਹਾਸ਼ਾ ਵਾਧੇ ਦੀ ਜ਼ੋਰਦਾਰ ਨਿੰਦਾ ਕਰਦਿਆਂ ਤੇਲ ਕੀਮਤਾਂ ਵਿਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਐਡਵੋਕੇਟ ਸਟਾਲਨਜੀਤ ਸਿੰਘ, ਬਲਵਿੰਦਰ ਸਿੰਘ ਗੋਹਲਵੜ, ਸੀਮਾ ਸੋਹਲ, ਸੁਖਦੇਵ ਸਿੰਘ ਚਾਹਲ, ਰਾਜਗੋਬਿੰਦ ਸਿੰਘ ਜਮਾਲਪੁਰ, ਦਿਆਲ ਸਿੰਘ ਜੋਧਪੁਰ, ਗੁਰਦਿਆਲ ਸਿੰਘ, ਬਲਜਿੰਦਰ ਸਿੰਘ ਪਲਾਸੌਰ, ਕਰਮ ਸਿੰਘ ਲਾਲਪੁਰ, ਪ੍ਰਿੰਸੀਪਲ ਦਲਬੀਰ ਸਿੰਘ ਦਿਓਲ, ਸਾਹਿਬ ਸਿੰਘ, ਰਾਕੇਸ਼ ਕੁਮਾਰ ਮਲਹੋਤਰਾ, ਕਰਮ ਸਿੰਘ ਝਬਾਲ, ਕਾਮਰੇਡ ਚਰਨ ਸਿੰਘ, ਮਾਸਟਰ ਜਸਵਿੰਦਰ ਸਿੰਘ ਮਾਣੋਚਾਹਲ, ਨਰਿੰਦਰ ਬੇਦੀ, ਜਗਤਾਰ ਸਿੰਘ ਪੱਖੋਕੇ, ਲਖਬੀਰ ਸਿੰਘ ਦਬੁਰਜ਼ੀ, ਬਲਦੇਵ ਸਿੰਘ ਗੋਹਲਵੜ, ਸਰਵਨ ਸਿੰਘ ਜਰਮਸਤਪੁਰ ਆਦਿ ਆਗੂਆਂ ਨੇ ਭਰਵੀਂ ਸ਼ਮੂਲੀਅਤ ਕੀਤੀ।