ਬਲਜੀਤ ਕੌਰ ਨੇ ਪੰਜਾਬ ਤੇ ਦੇਸ਼ ਦਾ ਨਾਮ ਕੀਤਾ ਰੌਸ਼ਨ : ਸੰਧੂ ਏਸ਼ਿਆਈ ਖੇਡਾਂ ’ਚ ਸੋਨ ਤਗ਼ਮਾ ਜਿੱਤਣ ਵਾਲੀ ਬਲਜੀਤ ਕੌਰ ਨੇ ਪੰਜਾਬ ਤੇ ਦੇਸ਼ ਦਾ ਨਾਮ ਕੀਤਾ ਰੌਸ਼ਨ : ਸੰਧੂ
Publish Date: Mon, 05 Oct 2026 05:56 PM (IST)
Updated Date: Mon, 05 Oct 2026 05:59 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਦੇ ਪਿੰਡ ਕੱਕਾ ਕੰਡਿਆਲਾ ਦੀ ਮਾਣਮੱਤੀ ਧੀ ਬਲਜੀਤ ਕੌਰ ਨੇ ਏਸ਼ਿਆਈ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗ਼ਮਾ ਜਿੱਤ ਕੇ ਨਾ ਸਿਰਫ਼ ਆਪਣੇ ਪਿੰਡ ਅਤੇ ਜ਼ਿਲ੍ਹੇ ਦਾ, ਸਗੋਂ ਪੂਰੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਬਲਜੀਤ ਕੌਰ ਦੀ ਇਸ ਇਤਿਹਾਸਕ ਅਤੇ ਮਾਣਮੱਤੀ ਪ੍ਰਾਪਤੀ ’ਤੇ ਇਲਾਕੇ ਵਿਚ ਖੁਸ਼ੀ ਅਤੇ ਮਾਣ ਦਾ ਮਾਹੌਲ ਹੈ। ਇਸ ਮਾਣਮੱਤੀ ਉਪਲਬਧੀ ਲਈ ਬਲਜੀਤ ਕੌਰ ਨੂੰ ਦਿਲੋਂ ਵਧਾਈ ਦੇਣ ਅਤੇ ਸਨਮਾਨਿਤ ਕਰਨ ਲਈ ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਇੰਚਾਰਜ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਆਪਣੇ ਸਾਥੀਆਂ ਸਮੇਤ ਪਿੰਡ ਕੱਕਾ ਕੰਡਿਆਲਾ ਵਿਖੇ ਬਲਜੀਤ ਕੌਰ ਦੇ ਨਿਵਾਸ ਸਥਾਨ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਬਲਜੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਇਸ ਸ਼ਾਨਦਾਰ ਪ੍ਰਾਪਤੀ ਲਈ ਸਨਮਾਨਿਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਭੁੱਲਰ, ਜ਼ਿਲ੍ਹਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸ਼ਿੰਦਬਾਦ, ਐੱਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਵੀ ਮੌਜੂਦ ਰਹੇ। ਇਸ ਮੌਕੇ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਬਲਜੀਤ ਕੌਰ ਨੇ ਆਪਣੀ ਕਠਿਨ ਮਿਹਨਤ, ਲਗਨ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦੇ ਨਾਲ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੀਆਂ ਧੀਆਂ ਕਿਸੇ ਵੀ ਖੇਤਰ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਬਲਜੀਤ ਕੌਰ ਦੀ ਇਹ ਜਿੱਤ ਸਿਰਫ਼ ਇਕ ਖਿਡਾਰਨ ਦੀ ਜਿੱਤ ਨਹੀਂ, ਬਲਕਿ ਹਰ ਉਸ ਧੀ ਦੀ ਜਿੱਤ ਹੈ ਜੋ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ। ਸੰਧੂ ਨੇ ਕਿਹਾ ਕਿ ਤੁਹਾਡੀ ਮਿਹਨਤ, ਲਗਨ ਅਤੇ ਕਾਮਯਾਬੀ ਪੰਜਾਬ ਦੀਆਂ ਧੀਆਂ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਬਣੇਗੀ। ਪੰਜਾਬ ਨੂੰ ਤੁਹਾਡੇ ’ਤੇ ਮਾਣ ਹੈ। ਪੰਜਾਬ ਦੀ ਮਿੱਟੀ ਦੀ ਮਹਿਕ ਅਤੇ ਧੀ ਦੀ ਮਿਹਨਤ ਨੇ ਅੱਜ ਏਸ਼ੀਆ ਦੇ ਮੰਚ ’ਤੇ ਦੇਸ਼ ਦਾ ਤਿਰੰਗਾ ਲਹਿਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਦਾ ਇਕ ਬਿਹਤਰੀਨ ਸਾਧਨ ਹਨ। ਬਲਜੀਤ ਕੌਰ ਵਰਗੀਆਂ ਹੋਣਹਾਰ ਖਿਡਾਰਨਾਂ ਦੀਆਂ ਪ੍ਰਾਪਤੀਆਂ ਨੌਜਵਾਨਾਂ ਨੂੰ ਖੇਡਾਂ ਵੱਲ ਆਉਣ ਅਤੇ ਆਪਣੇ ਦੇਸ਼ ਲਈ ਕੁਝ ਵਿਲੱਖਣ ਕਰਨ ਵਾਸਤੇ ਉਤਸ਼ਾਹਿਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੀ ਮਿੱਟੀ ਵਿੱਚੋਂ ਉੱਠ ਕੇ ਅੰਤਰਰਾਸ਼ਟਰੀ ਮੰਚ ’ਤੇ ਆਪਣੀ ਪਛਾਣ ਬਣਾਉਣ ਵਾਲੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਹਰਜੀਤ ਸਿੰਘ ਸੰਧੂ ਨੇ ਬਲਜੀਤ ਕੌਰ ਦੇ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਧੀ ਦੀ ਇਸ ਕਾਮਯਾਬੀ ਪਿੱਛੇ ਪਰਿਵਾਰ ਦੀ ਹੌਸਲਾ-ਅਫ਼ਜ਼ਾਈ, ਤਿਆਗ ਅਤੇ ਸਹਿਯੋਗ ਦੀ ਵੀ ਵੱਡੀ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਲਜੀਤ ਕੌਰ ਨੇ ਆਪਣੇ ਪਰਿਵਾਰ ਦੇ ਨਾਲ-ਨਾਲ ਪਿੰਡ ਕੱਕਾ ਕੰਡਿਆਲਾ ਅਤੇ ਤਰਨਤਾਰਨ ਦਾ ਸਿਰ ਵੀ ਮਾਣ ਨਾਲ ਉੱਚਾ ਕੀਤਾ ਹੈ। ਇਸ ਮੌਕੇ ਉਨ੍ਹਾਂ ਬਲਜੀਤ ਕੌਰ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਪੰਜਾਬ ਅਤੇ ਭਾਰਤ ਦਾ ਨਾਮ ਵਿਸ਼ਵ ਪੱਧਰ ’ਤੇ ਰੌਸ਼ਨ ਕਰਦੀ ਰਹੇ। ਉਨ੍ਹਾਂ ਕਿਹਾ ਕਿ ਬਲਜੀਤ ਕੌਰ ਦੀ ਪ੍ਰਾਪਤੀ ਸਾਡੇ ਸਾਰਿਆਂ ਲਈ ਮਾਣ ਦਾ ਵਿਸ਼ਾ ਹੈ ਅਤੇ ਉਸ ਦੀ ਇਹ ਜਿੱਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਿਹਨਤ, ਹੌਸਲੇ ਅਤੇ ਦੇਸ਼ ਪ੍ਰਤੀ ਸਮਰਪਣ ਦਾ ਸੰਦੇਸ਼ ਦਿੰਦੀ ਰਹੇਗੀ। ਅੰਤ ਵਿਚ ਹਰਜੀਤ ਸਿੰਘ ਸੰਧੂ ਨੇ ਇਕ ਵਾਰ ਫਿਰ ਬਲਜੀਤ ਕੌਰ ਨੂੰ ਏਸ਼ਿਆਈ ਖੇਡਾਂ ਵਿਚ ਸੋਨ ਤਗ਼ਮਾ ਜਿੱਤਣ ’ਤੇ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇਹ ਸੋਨ ਤਗ਼ਮਾ ਸਿਰਫ਼ ਬਲਜੀਤ ਕੌਰ ਦੇ ਗਲੇ ਦੀ ਸ਼ਾਨ ਨਹੀਂ, ਸਗੋਂ ਪੰਜਾਬ ਦੀ ਮਿੱਟੀ, ਪੰਜਾਬ ਦੀਆਂ ਧੀਆਂ ਅਤੇ ਪੂਰੇ ਦੇਸ਼ ਦੇ ਮਾਣ ਦਾ ਪ੍ਰਤੀਕ ਹੈ। ਇਸ ਮੌਕੇ ਵੱਖ ਵੱਖ-ਵੱਖ ਸਮਾਜਿਕ ਲੋਕਾਂ ਤੋਂ ਇਲਾਵਾ ਮੇਜਰ ਸਿੰਘ, ਜਸਵਿੰਦਰ ਮਸੀਹ, ਅਮਾਨਤ ਮਸੀਹ ਅਤੇ ਹੋਰ ਮੋਹਤਬਰ ਲੋਕ ਹਾਜ਼ਰ ਸਨ।