ਆਰਐੱਮਪੀਆਈ ਅਤੇ ਸੀਪੀਆਈਐੱਮਐੱਲ ਲਿਬਰੇਸ਼ਨ ਰੋਸ ਮੁਜ਼ਾਹਰਾ ਭਲਕੇ ਆਰਐੱਮਪੀਆਈ ਅਤੇ ਸੀਪੀਆਈਐੱਮਐੱਲ ਲਿਬਰੇਸ਼ਨ ਭਲਕੇ ਕਰੇਗੀ ਰੋਸ ਮੁਜਾਹਰਾ
Publish Date: Mon, 05 Oct 2026 04:52 PM (IST)
Updated Date: Mon, 05 Oct 2026 04:56 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਆਰਐੱਮਪੀਆਈ ਤੇ ਸੀਪੀਆਈਐੱਮਐੱਲ ਲਿਬ੍ਰੇਸ਼ਨ ਵਲੋਂ 7 ਅਕਤੂਬਰ ਨੂੰ ਜ਼ਿਲ੍ਹਾ ਕੇਂਦਰ ਤਰਨਤਾਰਨ ਤੇ ਭਰਵਾਂ ਇਕੱਠ ਕਰਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਹ ਫੈਸਲਾ ਆਰਐੱਮਪੀਆਈ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰੇਤ ਦੇ ਮੈਂਬਰ ਦਰਸ਼ਨ ਨਾਹਰ ਨੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੇ ਗੈਰ-ਕਾਨੂੰਨੀ ਕਾਰਿਆਂ ਰਾਹੀਂ ਲੋਕ-ਰਾਜੀ ਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਤਬਾਹ ਕਰਨ ਵਾਲੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਤੁਰੰਤ ਬਰਖਾਸਤ ਕਰਕੇ ਫੌਰੀ ਤੌਰ ’ਤੇ ਗ੍ਰਿਫਤਾਰ ਕਰੇ। ਉਨ੍ਹਾਂ ਕੀਤੀ ਜਾ ਰਹੀ ਵੋਟ ਸੂਚੀਆਂ ਦੀ ਡੂੰਘਾਈ ਨਾਲ ਵਿਸ਼ੇਸ਼ ਸੁਧਾਈ ਐੱਸਆਈਆਰ ਪੰਜਾਬ ਸਮੇਤ ਸਾਰੇ ਦੇਸ਼ ਚ ਫੌਰੀ ਬੰਦ ਕੀਤੇ ਜਾਣ ਦੀ ਵੀ ਮੰਗ ਕੀਤੀ। ਐੱਸਆਈਆਰ ਤਹਿਤ ਕੱਟੀਆਂ 13 ਕਰੋੜ ਤੋਂ ਵੱਧ ਵੋਟਾਂ ਬਹਾਲ ਕੀਤੇ ਜਾਣ, ਐੱਸਆਈਆਰ ਤੋਂ ਪਿੱਛੋਂ ਹੋਈਆਂ ਸਾਰੀਆਂ ਚੋਣਾਂ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਅੱਗੇ ਤੋਂ ਈਵੀਐੱਮ ਦੀ ਬਜਾਏ ਬੈਲਟ ਪੇਪਰ ਨਾਲ ਵੋਟਾਂ ਪਵਾਉਣ ਲਈ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਹੈ ਕਿ ਦੇਸ਼ ਦੀ ਚੋਣ ਪ੍ਰਣਾਲੀ ਨੂੰ ਅਪੰਗ ਬਣਾਉਣ ਦੇ ਅਸਲ ਦੋਸ਼ੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਹੁਦੇ ਤੇ ਬਣੇ ਰਹਿਣ ਦਾ ਨੈਤਿਕ ਹੱਕ ਗਵਾ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਫੌਰੀ ਅਸਤੀਫਾ ਦੇ ਦੇਣਾ ਚਾਹੀਦਾ ਹੈ। ਆਗੂਆਂ ਨੇ ਉਪਰੋਕਤ ਮੰਗਾਂ ਲਈ ਜੰਤਰ-ਮੰਤਰ, ਨਵੀਂ ਦਿੱਲੀ ਵਿਖੇ ਸੰਵਿਧਾਨਕ ਦਾਇਰੇ ਚ ਸ਼ਾਂਤਮਈ ਲੋਕਾਂ ਤੇ ਜਬਰ ਢਾਹੁਣ ਦੀ ਵੀ ਕਰੜੀ ਨਿਖੇਧੀ ਕੀਤੀ। ਪਾਰਟੀ ਦੇ ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲਾ ਨੇ ਦੱਸਿਆ ਤੇ ਦੋਵਾਂ ਪਾਰਟੀਆਂ ਨੂੰ ਸੂਬਾ ਕਮੇਟੀ ਦੇ ਸੱਦੇ ’ਤੇ 7 ਅਕਤੂਬਰ ਨੂੰ ਮਜ਼ਦੂਰਾਂ, ਕਿਸਾਨਾਂ ਅਤੇ ਆਮ ਵਰਗ ਨੂੰ ਗਾਂਧੀ ਪਾਰਕ ਵਿਖੇ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਹਰਜਿੰਦਰ ਸਿੰਘ ਚੂੰਘ, ਜਰਨੈਲ ਸਿੰਘ ਰਸੂਲਪੁਰ, ਬਲਦੇਵ ਸਿੰਘ ਭੈਲ, ਜਸਬੀਰ ਸਿੰਘ ਵੈਰੋਵਾਲ, ਦਲਬੀਰ ਸਿੰਘ ਬਾਗੜੀਆਂ, ਸੁਰਿੰਦਰ ਸਿੰਘ ਚੱਕ ਆਦਿ ਹਾਜ਼ਰ ਸਨ।