ਹਰੀਕੇ ’ਚ ਸਮਾਰਟ ਮੀਟਰ ਲਗਾਉਣ ਆਏ ਬਿਜਲੀ ਕਾਮੇ ਬੇਰੰਗ ਪਰਤੇ ਹਰੀਕੇ ’ਚ ਸਮਾਰਟ ਮੀਟਰ ਲਗਾਉਣ ਆਏ ਬਿਜਲੀ ਕਾਮੇ ਬੇਰੰਗ ਪਰਤੇ
Publish Date: Mon, 05 Oct 2026 04:49 PM (IST)
Updated Date: Mon, 05 Oct 2026 04:53 PM (IST)
ਕਿਰਪਾਲ ਸਿੰਘ ਰੰਧਾਵਾ, •ਪੰਜਾਬੀ ਜਾਗਰਣ ਹਰੀਕੇ ਪੱਤਣ : ਹਰੀਕੇ ਪਿੰਡ ਵਿਚ ਸਮਾਰਟ ਮੀਟਰ ਲਗਾਉਣ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੀਤਾ ਜਾ ਰਿਹਾ ਵਿਰੋਧ ਵੀਰਵਾਰ ਨੂੰ ਉਸ ਸਮੇਂ ਮੁੜ ਸਾਹਮਣੇ ਆਇਆ, ਜਦੋਂ ਪਾਵਰਕਾਮ ਦੇ ਬਿਜਲੀ ਕਾਮੇ ਸਮਾਰਟ ਮੀਟਰ ਲਗਾਉਣ ਲਈ ਪਹੁੰਚੇ। ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਨੂੰ ਇਸ ਦੀ ਸੂਚਨਾ ਮਿਲਦਿਆਂ ਹੀ ਕਿਸਾਨ ਤੇ ਮਜ਼ਦੂਰ ਮੌਕੇ ’ਤੇ ਇਕੱਠੇ ਹੋ ਗਏ ਅਤੇ ਮੀਟਰ ਲਗਾਉਣ ਦੀ ਕਾਰਵਾਈ ਦਾ ਜ਼ੋਰਦਾਰ ਵਿਰੋਧ ਕੀਤਾ। ਭਾਰੀ ਵਿਰੋਧ ਦੇ ਚਲਦਿਆਂ ਬਿਜਲੀ ਕਾਮਿਆਂ ਨੂੰ ਬਿਨ੍ਹਾਂ ਮੀਟਰ ਲਗਾਏ ਹੀ ਬੇਰੰਗ ਪਰਤਣਾ ਪਿਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਹਰੀਕੇ ਇਕਾਈ ਦੇ ਪ੍ਰਧਾਨ ਅਵਤਾਰ ਸਿੰਘ ਕਾਲਾ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ-ਮਜ਼ਦੂਰਾਂ ਨੇ ਪਾਵਰਕਾਮ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਮਾਰਟ ਮੀਟਰ ਲਗਾਉਣ ਦੀ ਕਾਰਵਾਈ ’ਤੇ ਇਤਰਾਜ਼ ਜਤਾਇਆ। ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਚਿੱਪ ਵਾਲੇ ਮੀਟਰਾਂ ਦੇ ਮਾਮਲੇ ਵਿਚ ਪਹਿਲਾਂ ਹੀ ਵਿਰੋਧ ਦਾ ਫੈਸਲਾ ਕੀਤਾ ਹੋਇਆ ਹੈ ਅਤੇ ਇਸ ਫੈਸਲੇ ਮੁਤਾਬਿਕ ਇਲਾਕੇ ਵਿਚ ਸਮਾਰਟ ਮੀਟਰ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਅਵਤਾਰ ਸਿੰਘ ਕਾਲਾ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲੋਕਾਂ ਦੇ ਹੱਕਾਂ ਨਾਲ ਸਬੰਧਿਤ ਮਸਲਿਆਂ ’ਤੇ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਰਟ ਮੀਟਰਾਂ ਸਬੰਧੀ ਜਥੇਬੰਦੀ ਦਾ ਪੱਖ ਸਪੱਸ਼ਟ ਹੈ ਅਤੇ ਜੇਕਰ ਪਾਵਰਕਾਮ ਵੱਲੋਂ ਮੁੜ ਮੀਟਰ ਲਗਾਉਣ ਲਈ ਟੀਮਾਂ ਭੇਜੀਆਂ ਜਾਂਦੀਆਂ ਹਨ, ਤਾਂ ਉਨ੍ਹਾਂ ਦਾ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਤੇ ਮਜ਼ਦੂਰ ਹਾਜ਼ਰ ਸਨ। ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ ਗਿੱਲ, ਬਾਬਾ ਬਲਵਿੰਦਰ ਸਿੰਘ, ਗੁਰਦੀਪ ਸਿੰਘ, ਗੁਰਜੰਟ ਸਿੰਘ, ਸੋਨੀ ਵਾਂਦਰ, ਸੁਖਦੇਵ ਸਿੰਘ, ਮਨਜੀਤ ਸਿੰਘ, ਬਲਕਾਰ ਸਿੰਘ, ਜਗਤਾਰ ਸਿੰਘ, ਹਰਨਾਮ ਸਿੰਘ, ਬਿਕਰਮਜੀਤ ਸਿੰਘ, ਸਵਰਨ ਸਿੰਘ, ਬਲਵੰਤ ਸਿੰਘ, ਸਰਵਨ ਸਿੰਘ, ਖਜਾਨ ਸਿੰਘ, ਰਜਿੰਦਰ ਸਿੰਘ, ਨਿਸ਼ਾਨ ਸਿੰਘ ਆਦਿ ਕਿਸਾਨ ਹਾਜ਼ਰ ਸਨ।