ਖੇਡਾਂ ’ਚ ਐਲੀਮੈਂਟਰੀ ਸਕੂਲ ਠਰੂ ਦੇ ਖਿਡਾਰੀ ਛਾਏ ਸੈਂਟਰ ਪੱਧਰੀ ਖੇਡਾਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਠਰੂ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ
Publish Date: Mon, 05 Oct 2026 04:48 PM (IST)
Updated Date: Mon, 05 Oct 2026 04:50 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਨੂਰਦੀ ਦੇ ਨਿਯਮਾਂ ਅਧੀਨ ਸੈਂਟਰ ਹੈੱਡ ਟੀਚਰ ਨੂਰਦੀ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਨੂਰਦੀ ਵਿਖੇ ਕਰਵਾਈਆਂ ਗਈਆਂ ਸੈਂਟਰ ਪੱਧਰੀ ਖੇਡਾਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਠਰੂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ਵਿਚ ਕਈ ਪਹਿਲੇ ਅਤੇ ਦੂਸਰੇ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਐਥਲੈਟਿਕਸ ਮੁਕਾਬਲਿਆਂ ਵਿਚ ਅਭਿਜੋਤ ਸਰੋਏ ਨੇ 100 ਮੀਟਰ ਅਤੇ 600 ਮੀਟਰ ਦੌੜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਅਨਹਦਪ੍ਰੀਤ ਕੌਰ ਨੇ 100 ਮੀਟਰ, 400 ਮੀਟਰ ਅਤੇ ਲੰਬੀ ਛਾਲ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਰਤਾਜ ਸਿੰਘ ਨੇ 200 ਮੀਟਰ ਦੌੜ ਵਿਚ ਪਹਿਲਾ ਸਥਾਨ ਅਤੇ ਵੀਰਾਂ ਕੌਰ ਨੇ 600 ਮੀਟਰ ਦੌੜ ਵਿਚ ਪਹਿਲਾ ਅਤੇ 200 ਮੀਟਰ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅਰਮਾਨਪ੍ਰੀਤ ਸਿੰਘ ਨੇ 400 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਸ਼ਾਟ ਪੁੱਟ ਮੁਕਾਬਲੇ ਵਿਚ ਸੁਮਨਦੀਪ ਸਿੰਘ ਅਤੇ ਮਹਿਮਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀ ਦੇ ਵੱਖ-ਵੱਖ ਭਾਰ ਵਰਗਾਂ ਵਿਚ ਵੀ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। 25 ਕਿਲੋ ਭਾਰ ਵਰਗ ਵਿਚ ਹਰਨਵ ਸਿੰਘ ਰੰਧਾਵਾ, 28 ਕਿਲੋ ਵਿਚ ਸਰਤਾਜ ਸਿੰਘ, 30 ਕਿਲੋ ਵਿਚ ਉਂਕਾਰ ਸਿੰਘ ਅਤੇ 32 ਕਿਲੋ ਭਾਰ ਵਰਗ ਵਿਚ ਅਭਿਸ਼ੇਕ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ’ਤੇ ਸਕੂਲ ਦੇ ਹੈੱਡ ਟੀਚਰ ਗੁਰਲਵਦੀਪ ਸਿੰਘ ਨੇ ਸਮੂਹ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਮਿਹਨਤ, ਲਗਨ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਦਾ ਨਤੀਜਾ ਹੈ। ਖਿਡਾਰੀਆਂ ਦੀ ਤਿਆਰੀ ਅਤੇ ਮਾਰਗਦਰਸ਼ਨ ਵਿਚ ਇੰਚਾਰਜ ਅਧਿਆਪਕ ਸਰਬਜੀਤ ਕੌਰ, ਮਨਿੰਦਰ ਕੌਰ, ਸ਼ੰਕਰ ਕੁਮਾਰ ਅਤੇ ਸਤਿੰਦਰ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਕੂਲ ਸਟਾਫ਼ ਅਤੇ ਸਮੂਹ ਵਿਦਿਆਰਥੀਆਂ ਵੱਲੋਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਅਗਲੇ ਪੱਧਰ ਦੇ ਮੁਕਾਬਲਿਆਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।