ਪੈਨਸ਼ਨਰਾਂ ਨੇ ਕੀਤਾ ਵਿਚਾਰ=ਵਟਾਂਦਰਾ ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Mon, 05 Oct 2026 04:47 PM (IST)
Updated Date: Mon, 05 Oct 2026 04:50 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਤਰਨਤਾਰਨ ਦੀ ਮਹੀਨਾਵਾਰ ਮੀਟਿੰਗ ਅਜੀਤ ਸਿੰਘ ਫ਼ਤਿਹਚੱਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਖਡੂਰ ਸਾਹਿਬ, ਤਰਨਤਾਰਨ, ਪੱਟੀ ਅਤੇ ਭਿੱਖੀਵਿੰਡ ਨਾਲ ਸਬੰਧਿਤ 90 ਤੋਂ ਵੱਧ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੀ ਕਾਰਵਾਈ ਆਰੰਭ ਕਰਦਿਆਂ ਜਨਰਲ ਸਕੱਤਰ ਮਨਜੀਤ ਸਿੰਘ ਖਡੂਰ ਸਾਹਿਬ ਨੇ ਹਾਜ਼ਰ ਪੈਨਸ਼ਨਰਾਂ ਨੂੰ ‘ਜੀ ਆਇਆਂ’ ਆਖਿਆ ਅਤੇ ਮੀਟਿੰਗ ਦਾ ਏਜੰਡਾ ਸਾਂਝਾ ਕੀਤਾ। ਇਸ ਉਪਰੰਤ ਹਾਜ਼ਰ ਪੈਨਸ਼ਨਰਾਂ ਵੱਲੋਂ ਪੱਟੀ ਤਹਿਸੀਲ ਨਾਲ ਸਬਧਿਤ ਸਵ. ਪੈਨਸ਼ਨਰ ਸਾਥੀ ਮਹਿੰਦਰ ਸਿੰਘ ਅਤੇ ਬਲਰਾਜ ਕ੍ਰਿਸ਼ਨ ਬਧਵਾਰ ਦੋਵੇਂ ਸੇਵਾ ਮੁਕਤ ਬਲਾਕ ਸਿੱਖਿਆ ਅਫ਼ਸਰ, ਪ੍ਰੇਮ ਪਾਲ ਸ਼ਰਮਾ ਸੇਵਾ ਮੁਕਤ ਮੁੱਖ ਅਧਿਆਪਕ ਅਤੇ ਗੋਪਾਲ ਸਿੰਘ ਠੱਕਰਪੁਰਾ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਬੁਲਾਰਿਆਂ ਸ਼ਮੀਰ ਸਿੰਘ ਲਾਲਪੁਰਾ, ਜਗਤਾਰ ਸਿੰਘ ਸਰਹਾਲੀ, ਕਾਨੂੰਨੀ ਸਲਾਹਕਾਰ ਬਲਵਿੰਦਰ ਕੁਮਾਰ ਕਪੂਰ, ਡਿਪਟੀ ਜਨਰਲ ਸਕੱਤਰ ਡਾ. ਵਿਜੇ ਕੁਮਾਰ ਵਿਨਾਇਕ, ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੀਂਹ, ਇੰਜੀਨੀਅਰ ਵਿਜੇ ਕੁਮਾਰ ਸ਼ਰਮਾ, ਅਰਜਨ ਸਿੰਘ, ਸਰਵਣ ਸਿੰਘ ਰਸੂਲਪੁਰ ਅਤੇ ਸਵਰਨ ਸਿੰਘ ਗੋਇੰਦਵਾਲ ਆਦਿ ਨੇ ਪੈਨਸ਼ਨਰਾਂ ਅਤੇ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਵਿਚਕਾਰ ਹੋਈ ਮੀਟਿੰਗ ਸਬੰਧੀ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਕਿਹਾ ਕਿ ਭਾਵੇਂ ਸਰਕਾਰ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਨਾਲ 18 ਸਤੰਬਰ ਨੂੰ ਹੋਈ ਮੀਟਿੰਗ ਰਾਹੀਂ ‘ਡੈੱਡਲਾਕ’ ਤੋੜਨ ਵਿਚ ਕੁਝ ਹੱਦ ਤਕ ਸਫ਼ਲ ਰਹੀ ਹੈ, ਪਰ ਤੈਅਸ਼ੁਦਾ ਏਜੰਡੇ ਅਨੁਸਾਰ ਪੈਨਸ਼ਨਰਾਂ ਨੂੰ ਕੋਈ ਠੋਸ ਨਿਆਂ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਹ ਕੋਈ ਅੰਤਿਮ ਜਾਂ ਨਿਰਣਾਇਕ ਫ਼ੈਸਲਾ ਨਹੀਂ ਹੈ। ਸਾਂਝੀ ਤਾਲਮੇਲ ਕਮੇਟੀ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਅਦਾਲਤ ਦਾ ਅੰਤਿਮ ਫ਼ੈਸਲਾ ਹੀ ਪ੍ਰਵਾਨ ਕੀਤਾ ਜਾਵੇਗਾ ਅਤੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਾਲ ਪੇਸ਼ ਕੀਤੇ ਬਜਟ ਵਿਚ ਮੁਲਾਜ਼ਮਾਂ ਲਈ ਕੋਈ ਵਿਸ਼ੇਸ਼ ਰਾਸ਼ੀ ਨਾ ਰੱਖੇ ਜਾਣ ਕਾਰਨ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵਿਚ ਰੋਸ ਹੈ। ਬੁਲਾਰਿਆਂ ਨੇ ਸਰਕਾਰ ਤੋਂ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਮੰਗ ਕੀਤੀ। ਮੀਟਿੰਗ ਦੇ ਅਖੀਰ ਵਿਚ ਪ੍ਰਧਾਨ ਅਜੀਤ ਸਿੰਘ ਫ਼ਤਿਹਚੱਕ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਜੇਤੂ ਰਹੇ 74 ਸਾਲਾ ਮੀਤ ਪ੍ਰਧਾਨ ਸਰਬਜੀਤ ਸਿੰਘ ਸ਼ੀਂਹ ਅਤੇ ਸਟੇਟ ਪੱਧਰੀ ਮੁਕਾਬਲਿਆਂ ਵਿਚ ਬੈਡਮਿੰਟਨ ਤੇ ਹੈਮਰ ਥਰੋਅ ਵਿਚ ਦੋ ਸੋਨ ਤਮਗੇ ਜਿੱਤਣ ਵਾਲੇ ਪੱਟੀ ਤਹਿਸੀਲ ਇਕਾਈ ਦੇ ਮੀਤ ਪ੍ਰਧਾਨ ਇੰਜੀਨੀਅਰ ਵਿਜੇ ਕੁਮਾਰ ਸ਼ਰਮਾ ਨੂੰ ਵਧਾਈ ਦਿੱਤੀ। ਉਨ੍ਹਾਂ ਨੂੰ ਪੈਨਸ਼ਨਰਾਂ ਲਈ ਪ੍ਰੇਰਨਾ ਸਰੋਤ ਦੱਸਦਿਆਂ ਸਨਮਾਨਿਤ ਵੀ ਕੀਤਾ ਗਿਆ। ਪ੍ਰਧਾਨ ਅਜੀਤ ਸਿੰਘ ਫ਼ਤਿਹਚੱਕ ਨੇ ਕਿਹਾ ਕਿ 18 ਫ਼ੀਸਦੀ ਵਿੱਚੋਂ 8 ਫ਼ੀਸਦੀ ਡੀਏ ਦੇਣ ਨਾਲ ਪੈਨਸ਼ਨਰ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਪੈਨਸ਼ਨਰ ਆਪਣੇ ਹੱਕਾਂ ਅਤੇ ਨਿਆਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਦੇ ਬਰਾਬਰ ਮਹਿੰਗਾਈ ਭੱਤਾ, ਤਨਖ਼ਾਹ ਕਮਿਸ਼ਨ ਦੀ ਰਿਪੋਰਟ ਅਨੁਸਾਰ 2.59 ਦੇ ਗੁਣਾਂਕ ਨਾਲ ਪੈਨਸ਼ਨ ਵਿਚ ਵਾਧਾ ਅਤੇ ਡੀਏ ਦੀਆਂ ਬਕਾਇਆ ਕਿਸ਼ਤਾਂ ਸਮੇਤ ਅਦਾਇਗੀ ਦੀ ਮੰਗ ਨੂੰ ਲੈ ਕੇ ਸੰਘਰਸ਼ ਜਾਰੀ ਰਹੇਗਾ। ਮੀਟਿੰਗ ਵਿਚ ਸਰਪ੍ਰਸਤ ਸੁਰਜੀਤ ਸਿੰਘ, ਨਰਿੰਦਰ ਸਿੰਘ, ਪੱਟੀ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁੱਖਾ ਸਿੰਘ, ਖ਼ਜ਼ਾਨਚੀ ਕੁਲਦੀਪ ਸਿੰਘ, ਕੁਲਵੰਤ ਸਿੰਘ, ਡਿਪਟੀ ਪ੍ਰੈੱਸ ਸਕੱਤਰ ਹਰਸੁਖਦੇਵ ਸਿੰਘ, ਚਰਨਜੀਤ ਸਿੰਘ, ਤਰਸੇਮ ਸਿੰਘ, ਬਲਵੰਤ ਸਿੰਘ, ਭੁਪਿੰਦਰ ਸਿੰਘ, ਦਿਲਬਾਗ ਸਿੰਘ, ਅਵਤਾਰ ਸਿੰਘ, ਸੁੱਖਾ ਸਿੰਘ, ਬਲਜੀਤ ਸਿੰਘ, ਹਰਭਜਨ ਸਿੰਘ, ਲਾਲ ਸਿੰਘ, ਪ੍ਰੇਮ ਪ੍ਰਕਾਸ਼, ਬਲਰਾਮ ਕੁਮਾਰ, ਰਾਜੀਵ ਕੁਮਾਰ ਚੌਧਰੀ, ਤਹਿਸੀਲ ਪ੍ਰਧਾਨ ਸੁਰਿੰਦਰ ਸਿੰਘ, ਪਤਵੰਤ ਕੌਰ, ਮਨਜੀਤ ਕੌਰ, ਜਗੀਰ ਕੌਰ, ਹਰਿੰਦਰ ਕੌਰ ਆਦਿ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।