ਪਿੰਡ ਕੱਕਾ ਕੰਡਿਆਲਾ ’ਚ ਸ਼ਰਧਾ ਨਾਲ ਮਨਾਇਆ ਸਾਲਾਨਾ ਜੋੜ ਮੇਲਾ ਪਿੰਡ ਕੱਕਾ ਕੰਡਿਆਲਾ ’ਚ ਸ਼ਰਧਾ ਨਾਲ ਮਨਾਇਆ ਗਿਆ ਸਲਾਨਾ ਜੋੜ ਮੇਲਾ
Publish Date: Sun, 04 Oct 2026 06:59 PM (IST)
Updated Date: Sun, 04 Oct 2026 07:02 PM (IST)
ਸਟਾਫ ਰਿਪੋਰਟਰ,• ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਪਿੰਡ ਕੱਕਾ ਕੰਡਿਆਲਾ ਵਿਖੇ ਧੰਨ-ਧੰਨ ਬਾਬਾ ਬਿਸ਼ਨ ਦਾਸ ਜੀ ਅਤੇ ਧੰਨ-ਧੰਨ ਬਾਬਾ ਸੇਵਾਦਾਸ ਜੀ ਦੇ ਅਸਥਾਨਾਂ ’ਤੇ ਪਿੰਡ ਦੇ ਚੜ੍ਹਦੇ ਪਾਸੇ ਸਮੂਹ ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਜੋੜ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮੇਲੇ ਸਬੰਧੀ ਪਹਿਲਾਂ ਤੋਂ ਹੀ ਪਿੰਡ ਅਤੇ ਇਲਾਕੇ ਵਿਚ ਸੰਗਤਾਂ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਸਨ। ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ’ਚ ਸੰਗਤ ਨੇ ਸ਼ਮੂਲੀਅਤ ਕਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਖੁੱਲ੍ਹੇ ਪੰਡਾਲ ਵਿਚ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਭਾਈ ਸਾਹਿਬ, ਭਾਈ ਦਵਿੰਦਰ ਸਿੰਘ ਬਟਾਲੇ ਵਾਲੇ ਹਜ਼ੂਰੀ ਰਾਗੀ, ਕਵੀਸ਼ਰ ਜਥਾ ਭਾਈ ਕੇਵਲ ਸਿੰਘ, ਮਹਿਤਾ ਸੋਹੀ ਭਰਾਵਾਂ ਅਤੇ ਢਾਡੀ ਜਥਾ ਭਾਈ ਬਲਬੀਰ ਸਿੰਘ ਪਾਰਸ ਵੱਲੋਂ ਗੁਰਬਾਣੀ, ਕਵੀਸ਼ਰੀ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ ਗਿਆ। ਧਾਰਮਿਕ ਦੀਵਾਨ ਦੌਰਾਨ ਸੰਗਤਾਂ ਨੇ ਪੂਰੀ ਸ਼ਰਧਾ ਨਾਲ ਗੁਰੂ ਜੱਸ ਸਰਵਣ ਕੀਤਾ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੁੜਨ ਦਾ ਉਪਰਾਲਾ ਕੀਤਾ। ਪੰਡਾਲ ਵਿਚ ਬੈਠੀ ਸੰਗਤ ਵੱਲੋਂ ਧਾਰਮਿਕ ਜਥਿਆਂ ਦੀਆਂ ਵਾਰਾਂ ਅਤੇ ਕੀਰਤਨ ਦਾ ਆਨੰਦ ਮਾਣਿਆ ਗਿਆ। ਸਮੁੱਚਾ ਮਾਹੌਲ ਗੁਰਬਾਣੀ ਅਤੇ ਗੁਰੂ ਜੱਸ ਨਾਲ ਰੂਹਾਨੀਅਤ ਭਰਿਆ ਹੋਇਆ ਨਜ਼ਰ ਆਇਆ। ਮੇਲੇ ਦੌਰਾਨ ਬੱਚਿਆਂ ਵਿਚ ਵੀ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ। ਪਿੰਡ ਵਾਸੀਆਂ ਅਤੇ ਦੂਰ-ਦੁਰਾਡੇ ਤੋਂ ਪੁੱਜੀਆਂ ਸੰਗਤਾਂ ਨੇ ਧਾਰਮਿਕ ਸਮਾਗਮ ਦੌਰਾਨ ਗੁਰਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕੀਤਾ। ਜਿਨ੍ਹਾਂ ਗੁਰਸਿੱਖ ਪਰਿਵਾਰਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਕਰਵਾਏ ਗਏ ਸਨ, ਉਨ੍ਹਾਂ ਨੂੰ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੰਗਤਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁੱਚਾ ਸਿੰਘ ਕੱਕਾ ਕੰਡਿਆਲਾ ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜੋੜ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਮੇਲੇ ਦਾ ਮੁੱਖ ਮੰਤਵ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਾ ਅਤੇ ਧਾਰਮਿਕ ਪਰੰਪਰਾਵਾਂ ਨੂੰ ਅੱਗੇ ਤੋਰਨਾ ਹੈ। ਸਮਾਗਮ ਦੌਰਾਨ ਸੰਗਤਾਂ ਲਈ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਵੱਖ-ਵੱਖ ਸੇਵਾਦਾਰਾਂ ਵੱਲੋਂ ਲੰਗਰ ਅਤੇ ਛਬੀਲ ਦੀ ਸੇਵਾ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ। -- ਖਿਡਾਰਨ ਬਲਜੀਤ ਕੌਰ ਦਾ ਕੀਤਾ ਵਿਸ਼ੇਸ਼ ਸਨਮਾਨ ਇਸ ਜੋੜ ਮੇਲੇ ਦੀ ਇਕ ਹੋਰ ਵਿਸ਼ੇਸ਼ ਖਿੱਚ ਏਸ਼ਿਆਈ ਖੇਡਾਂ ਵਿਚ ਭਾਰਤੀ ਮਹਿਲਾ ਹਾਕੀ ਟੀਮ ਲਈ ਸੋਨ ਤਗਮਾ ਜਿੱਤ ਕੇ ਪਰਤੀ ਪਿੰਡ ਕੱਕਾ ਕੰਡਿਆਲਾ ਦੀ ਹੋਣਹਾਰ ਖਿਡਾਰਨ ਬਲਜੀਤ ਕੌਰ ਦੀ ਮੇਲੇ ਵਿਚ ਸ਼ਮੂਲੀਅਤ ਰਹੀ। ਬਲਜੀਤ ਕੌਰ ਨੇ ਪਿੰਡ ਪਹੁੰਚ ਕੇ ਜੋੜ ਮੇਲੇ ਵਿਚ ਆਪਣੀ ਹਾਜ਼ਰੀ ਲਗਵਾਈ ਅਤੇ ਗੁਰੂ ਘਰ ਵਿਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਬਲਜੀਤ ਕੌਰ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਅਤੇ ਸੰਗਤ ਨੇ ਉਸ ਦੀ ਸ਼ਾਨਦਾਰ ਖੇਡ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਲਜੀਤ ਕੌਰ ਨੇ ਅੰਤਰਰਾਸ਼ਟਰੀ ਪੱਧਰ ’ਤੇ ਸੋਨ ਤਗਮਾ ਜਿੱਤ ਕੇ ਆਪਣੇ ਪਰਿਵਾਰ ਦੇ ਨਾਲ-ਨਾਲ ਪਿੰਡ ਅਤੇ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਬੰਧਕਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਲਜੀਤ ਕੌਰ ਦੀ ਇਹ ਪ੍ਰਾਪਤੀ ਪਿੰਡ ਲਈ ਮਾਣ ਵਾਲੀ ਗੱਲ ਹੈ। ਉਸ ਨੇ ਆਪਣੀ ਮਿਹਨਤ, ਲਗਨ ਅਤੇ ਹੌਸਲੇ ਨਾਲ ਨੌਜਵਾਨਾਂ, ਖਾਸ ਕਰਕੇ ਲੜਕੀਆਂ ਲਈ ਨਵੀਂ ਪ੍ਰੇਰਣਾ ਪੈਦਾ ਕੀਤੀ ਹੈ। ਸਾਨੂੰ ਆਸ ਹੈ ਕਿ ਉਹ ਭਵਿੱਖ ਵਿਚ ਵੀ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਦੀ ਰਹੇਗੀ।