ਤੇਲ ਦੀਆਂ ਕੀਮਤਾਂ ’ਚ ਕੀਤਾ ਵਾਧਾ ਵਾਪਸ ਲਵੇ ਕੇਂਦਰ ਸਰਕਾਰ : ਐੱਸਕੇਐੱਮ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤਾ ਬੇਤਹਾਸ਼ਾ ਵਾਧਾ ਵਾਪਸ ਲਵੇ ਸਰਕਾਰ : ਐੱਸਕੇਐੱਮ
Publish Date: Sun, 04 Oct 2026 06:51 PM (IST)
Updated Date: Sun, 04 Oct 2026 06:53 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸ਼ੇਰੋਂ ਖੰਡ ਮਿੱਲ ਦੀ ਜ਼ਮੀਨ ਦੀ ਮਾਲਕੀ ਤਬਦੀਲ ਕਰਨ ਦੇ ਖਿਲਾਫ਼ ਅਤੇ ਖੰਡ ਮਿੱਲ ਮੁੜ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ 21 ਮਈ ਤੋਂ ਲਗਾਏ ਪੱਕੇ ਮੋਰਚੇ ਦੇ 137ਵੇਂ ਦਿਨ ਐਤਵਾਰ ਨੂੰ ਕਿਸਾਨ ਆਗੂਆਂ ਤਰਸੇਮ ਸਿੰਘ ਲੁਹਾਰ, ਨਛੱਤਰ ਸਿੰਘ ਪੰਨੂ, ਰਾਜਗੋਬਿੰਦ ਸਿੰਘ ਜਮਾਲਪੁਰ, ਜੱਸਾ ਸਿੰਘ ਕੱਦਗਿੱਲ, ਹਰਭਜਨ ਸਿੰਘ ਚੂਸਲੇਵੜ੍ਹ, ਇੰਦਰਜੀਤ ਸਿੰਘ ਮਰਹਾਣਾ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੂੰਜੀਪਤੀਆਂ ਦੇ ਹਿੱਤ ਪੂਰਨ ਲਈ ਵਾਰ-ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕਰਕੇ ਦੇਸ਼ ਦੇ ਆਮ ਲੋਕਾਂ ਦੀਆਂ ਜੇਬਾਂ ’ਤੇ ਬੇਤਹਾਸ਼ਾ ਬੋਝ ਪਾ ਰਹੀ ਹੈ। ਜਿਸ ਨਾਲ ਮਹਿੰਗਾਈ ਦੀ ਚੱਕੀ ਵਿਚ ਪੀਸੇ ਜਾ ਰਹੇ ਆਮ ਲੋਕਾਂ ਦਾ ਜੀਵਨ ਹੋਰ ਦੁੱਬਰ ਹੋ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾੜੀ ਦੀ ਮੁੱਖ ਫਸਲ ਕਣਕ ਦੇ ਰੇਟ ਵਿਚ ਤਾਂ ਮਹਿਜ਼ 25 ਰੁਪਏ ਪ੍ਰਤੀ ਕੁਇੰਟਲ ਵਾਧੇ ਦਾ ਐਲਾਨ ਕੀਤਾ ਹੈ, ਪਰ ਪੈਟਰੋਲ ਦੀ ਕੀਮਤ ਵਿਚ ਪ੍ਰਤੀ ਲੀਟਰ 5 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 3 ਰੁਪਏ ਪ੍ਰਤੀ ਵਾਧਾ ਚੁੱਪ-ਚੁਪੀਤੇ ਕਰ ਦਿੱਤਾ ਹੈ। ਜਿਸ ਨਾਲ ਖੇਤੀ ਦੇ ਲਾਗਤ ਖਰਚਿਆਂ ਵਿਚ ਹੋਰ ਵਾਧਾ ਹੋਵੇਗਾ ਅਤੇ ਪਹਿਲਾਂ ਤੋਂ ਮਾੜੀ ਆਰਥਿਕਤਾ ਦਾ ਝੰਬਿਆ ਦੇਸ਼ ਦਾ ਕਿਸਾਨ ਅਤੇ ਬਾਕੀ ਮਿਹਨਤਕਸ਼ ਤਬਕਾ ਆਰਥਿਕ ਤੌਰ ’ਤੇ ਹੋਰ ਕਮਜ਼ੋਰ ਹੋ ਜਾਵੇਗਾ। ਇਸ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤਾ ਵਾਧਾ ਤੁਰੰਤ ਵਾਪਸ ਲਿਆ ਜਾਵੇ। ਕਿਸਾਨ ਆਗੂਆਂ ਨੇ ਮਾਨ ਸਰਕਾਰ ਕੋਲੋਂ ਮੰਗ ਕੀਤੀ ਕਿ ਮੰਡੀਆਂ ਵਿਚ ਝੋਨੇ ਦੀ ਆਮਦ ਦੇ ਮੱਦੇ ਨਜ਼ਰ ਸਰਕਾਰੀ ਖਰੀਦ ਏਜੰਸੀਆਂ ਨੂੰ ਤੁਰੰਤ ਦਾਣਾ ਮੰਡੀਆਂ ਵਿਚ ਭੇਜਿਆ ਜਾਵੇ, ਤਾਂ ਜੋ ਕਿਸਾਨ ਨੂੰ ਝੋਨੇ ਦੀ ਫ਼ਸਲ ਦਾ ਸਹੀ ਮੁੱਲ ਮਿਲ ਸਕੇ। ਇਸ ਮੌਕੇ ਦਵਿੰਦਰ ਸਿੰਘ ਸ਼ੇਰੋਂ, ਸੁਖਬਾਜ ਸਿੰਘ ਸਿੱਧੂ, ਜਸਬੀਰ ਸਿੰਘ ਨਿੱਝਰਪੁਰ, ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਦੇ ਆਗੂ ਸੂਬੇਦਾਰ ਜਸਪਾਲ ਸਿੰਘ ਤੁੜ, ਕਾਮਰੇਡ ਚਰਨ ਸਿੰਘ ਤਰਨਤਾਰਨ, ਗੁਰਮੇਜ ਸਿੰਘ ਗੋਰਖਾ, ਲਖਬੀਰ ਸਿੰਘ, ਗੁਰਸਾਹਿਬ ਸਿੰਘ ਸਰਾਲੀ ਮੰਡ, ਪਾਲ ਸਿੰਘ, ਬਾਜ ਸਿੰਘ, ਕਰਮਜੀਤ ਸਿੰਘ ਬਾਹਮਣੀਵਾਲ ਆਦਿ ਆਗੂ ਹਾਜ਼ਰ ਹੋਏ।