ਸੋਨ ਤਗਮਾ ਜੇਤੂ ਬਲਜੀਤ ਕੌਰ ਦਾ ਜੱਦੀ ਪਿੰਡ ਕੱਕਾ ਕੰਡਿਆਲਾ ਪਹੁੰਚਣ ’ਤੇ ਭਰਵਾਂ ਸਵਾਗਤ ਸੋਨ ਤਗਮਾ ਜੇਤੂ ਬਲਜੀਤ ਕੌਰ ਦਾ ਜੱਦੀ ਪਿੰਡ ਕੱਕਾ ਕੰਡਿਆਲਾ ਪਹੁੰਚਣ ’ਤੇ ਭਰਵਾਂ ਸਵਾਗਤ
Publish Date: Sun, 04 Oct 2026 06:27 PM (IST)
Updated Date: Sun, 04 Oct 2026 06:29 PM (IST)
ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਏਸ਼ਿਆਈ ਖੇਡਾਂ ਵਿਚ ਚੀਨ ਨੂੰ ਫਾਈਨਲ ਵਿਚ ਹਰਾ ਕੇ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦਾ ਹਿੱਸਾ ਰਹੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੱਕਾ ਕੰਡਿਆਲਾ ਦੀ ਹੋਣਹਾਰ ਖਿਡਾਰਨ ਬਲਜੀਤ ਕੌਰ ਦੇ ਐਤਵਾਰ ਨੂੰ ਆਪਣੇ ਜੱਦੀ ਪਿੰਡ ਪਹੁੰਚਣ ’ਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਅਤੇ ਨਿੱਘਾ ਸਵਾਗਤ ਕੀਤਾ ਗਿਆ। ਸੋਨ ਤਗਮਾ ਜਿੱਤ ਕੇ ਪਿੰਡ ਪਰਤੀ ਆਪਣੀ ਧੀ ਦੇ ਸਵਾਗਤ ਲਈ ਸਮੁੱਚਾ ਪਿੰਡ ਉਤਸ਼ਾਹ ਨਾਲ ਇਕੱਠਾ ਹੋਇਆ ਨਜ਼ਰ ਆਇਆ ਅਤੇ ਪਿੰਡ ਦੀਆਂ ਗਲੀਆਂ ਵਿਚ ਜਸ਼ਨ ਦਾ ਮਾਹੌਲ ਬਣਿਆ ਰਿਹਾ। ਤਰਨਤਾਰਨ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਅਗਵਾਈ ਹੇਠ ਪਿੰਡ ਦੇ ਆਗੂਆਂ ਵੱਲੋਂ ਬਲਜੀਤ ਕੌਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਵੀ ਆਪਣੀ ਇਸ ਹੋਣਹਾਰ ਧੀ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਉਸ ਦੀ ਕਾਮਯਾਬੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਬਲਜੀਤ ਕੌਰ ਦੇ ਪਿੰਡ ਪਹੁੰਚਣ ’ਤੇ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਅਤੇ ਔਰਤਾਂ ਸਮੇਤ ਹਰ ਵਰਗ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਬਲਜੀਤ ਕੌਰ ਨੂੰ ਖੁੱਲ੍ਹੀ ਜੀਪ ਵਿਚ ਪਿੰਡ ਦੀਆਂ ਗਲੀਆਂ ਵਿੱਚੋਂ ਲੰਘਾਇਆ ਗਿਆ। ਇਸ ਦੌਰਾਨ ਉਸ ਦੇ ਨਾਲ ਉਸ ਦੇ ਕੋਚ, ਪਰਿਵਾਰਕ ਮੈਂਬਰ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ। ਪਿੰਡ ਦੀਆਂ ਗਲੀਆਂ ਵਿੱਚੋਂ ਲੰਘਣ ਦੌਰਾਨ ਥਾਂ-ਥਾਂ ’ਤੇ ਲੋਕਾਂ ਨੇ ਫੁੱਲਾਂ ਦੇ ਹਾਰ ਪਾ ਕੇ ਅਤੇ ਸਿਰੋਪਾਓ ਭੇਟ ਕਰਕੇ ਬਲਜੀਤ ਕੌਰ ਦਾ ਸਨਮਾਨ ਕੀਤਾ। ਲੋਕ ਆਪਣੀ ਧੀ ਦੀ ਇਸ ਵੱਡੀ ਪ੍ਰਾਪਤੀ ਨੂੰ ਲੈ ਕੇ ਮਾਣ ਮਹਿਸੂਸ ਕਰ ਰਹੇ ਸਨ ਅਤੇ ਦਿਲ ਖੋਲ੍ਹ ਕੇ ਉਸ ਨੂੰ ਵਧਾਈਆਂ ਦੇ ਰਹੇ ਸਨ। ਇਸ ਮੌਕੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਬਲਜੀਤ ਕੌਰ ਨੂੰ ਸਨਮਾਨਿਤ ਕਰਦਿਆਂ ਉਸ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬਲਜੀਤ ਕੌਰ ਨੇ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਪਰਿਵਾਰ, ਪਿੰਡ ਅਤੇ ਪੂਰੇ ਤਰਨਤਾਰਨ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬਲਜੀਤ ਕੌਰ ਦੀ ਇਹ ਪ੍ਰਾਪਤੀ ਇਲਾਕੇ ਦੇ ਨੌਜਵਾਨਾਂ ਅਤੇ ਖਾਸ ਕਰਕੇ ਲੜਕੀਆਂ ਲਈ ਪ੍ਰੇਰਣਾ ਦਾ ਸਰੋਤ ਹੈ। ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਖੇਡ ਨੀਤੀ ਤਹਿਤ ਮੁੱਖ ਮੰਤਰੀ ਵੱਲੋਂ ਬਲਜੀਤ ਕੌਰ ਨੂੰ ਇਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਮਿਹਨਤ ਅਤੇ ਪ੍ਰਾਪਤੀਆਂ ਨੂੰ ਉਤਸ਼ਾਹਿਤ ਕਰਨ ਨਾਲ ਪੰਜਾਬ ਦੇ ਹੋਰ ਨੌਜਵਾਨ ਵੀ ਖੇਡਾਂ ਦੇ ਖੇਤਰ ਵਿਚ ਅੱਗੇ ਆਉਣ ਲਈ ਪ੍ਰੇਰਿਤ ਹੋਣਗੇ। ਸਵਾਗਤ ਦੌਰਾਨ ਪਿੰਡ ਦੀਆਂ ਗਲੀਆਂ ਕਿਸੇ ਤਿਉਹਾਰ ਵਾਂਗ ਨਜ਼ਰ ਆ ਰਹੀਆਂ ਸਨ। ਬਲਜੀਤ ਕੌਰ ਦੇ ਸਵਾਗਤ ਲਈ ਲੋਕ ਪਹਿਲਾਂ ਤੋਂ ਹੀ ਰਸਤਿਆਂ ’ਤੇ ਖੜ੍ਹੇ ਸਨ। ਜਿਵੇਂ ਹੀ ਖੁੱਲ੍ਹੀ ਜੀਪ ਉਨ੍ਹਾਂ ਦੇ ਨੇੜੇ ਪਹੁੰਚਦੀ, ਲੋਕ ਫੁੱਲਾਂ ਦੇ ਹਾਰ ਪਾ ਕੇ ਉਸ ਦਾ ਸਵਾਗਤ ਕਰਦੇ ਅਤੇ ਵਧਾਈ ਦਿੰਦੇ। ਕਈ ਥਾਵਾਂ ’ਤੇ ਲੋਕਾਂ ਵੱਲੋਂ ਸਿਰੋਪਾਓ ਭੇਟ ਕਰਕੇ ਵੀ ਉਸ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਜੀਤ ਕੌਰ ਦੇ ਪਿਤਾ ਲਖਵਿੰਦਰ ਸਿੰਘ, ਭਰਾ ਦਿਲਸ਼ੇਰ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੋਚ ਦਾ ਵੀ ਪਿੰਡ ਵਾਸੀਆਂ ਵੱਲੋਂ ਸਨਮਾਨ ਕੀਤਾ ਗਿਆ। ਲੋਕਾਂ ਦਾ ਕਹਿਣਾ ਸੀ ਕਿ ਬਲਜੀਤ ਕੌਰ ਦੀ ਇਸ ਕਾਮਯਾਬੀ ਨੇ ਪਿੰਡ ਕੱਕਾ ਕੰਡਿਆਲਾ ਨੂੰ ਮਾਣ ਬਖ਼ਸ਼ਿਆ ਹੈ। ਉਸ ਦੀ ਪ੍ਰਾਪਤੀ ਨਾਲ ਨਾ ਸਿਰਫ਼ ਪਰਿਵਾਰ ਸਗੋਂ ਪੂਰੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਬਲਜੀਤ ਕੌਰ ਨੇ ਆਪਣੀ ਮਿਹਨਤ, ਲਗਨ ਅਤੇ ਖੇਡ ਪ੍ਰਤੀ ਸਮਰਪਣ ਨਾਲ ਇਹ ਮੁਕਾਮ ਹਾਸਿਲ ਕੀਤਾ ਹੈ। ਉਸ ਦੀ ਕਾਮਯਾਬੀ ਇਹ ਸੰਦੇਸ਼ ਵੀ ਦਿੰਦੀ ਹੈ ਕਿ ਜੇਕਰ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਆਪਣੇ ਟੀਚੇ ਵੱਲ ਵਧਿਆ ਜਾਵੇ, ਤਾਂ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣਾ ਅਤੇ ਆਪਣੇ ਇਲਾਕੇ ਦਾ ਨਾਂ ਰੌਸ਼ਨ ਕਰਨਾ ਕੋਈ ਵੱਡੀ ਗੱਲ ਨਹੀਂ। ਬਲਜੀਤ ਕੌਰ ਨੇ ਇਸ ਮੌਕੇ ਕਿਹਾ ਕਿ ਉਸ ਨੂੰ ਇਸ ਗੱਲ ਦੀ ਪੂਰੀ ਖੁਸ਼ੀ ਹੈ ਕਿ ਪਿੰਡ ਦੀ ਪੰਚਾਇਤ ਤੇ ਹੋਰ ਇਲਾਕਾ ਵਾਸੀ ਉਸ ਨੂੰ ਏਅਰਪੋਰਟ ਤੋਂ ਲੈਣ ਪਹੁੰਚੇ ਤੇ ਪਿੰਡ ਵਿਚ ਇਨ੍ਹਾਂ ਮਾਣ ਸਨਮਾਨ ਦਿੱਤਾ। ਉਸਨੇ ਦੱਸਿਆ ਕਿ ਚੀਨ ਨਾਲ ਬਹੁਤ ਫਸਵਾਂ ਮੁਕਾਬਲਾ ਸੀ ਅਤੇ ਅਖੀਰ 1982 ਦੇ 44 ਸਾਲ ਬਾਅਦ ਇਹ ਜਿੱਤ ਮਿਲੀ ਹੈ। ਉਸਨੇ ਆਪਣੇ ਕੋਚਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੀਮਤ ਆਰਥਿਕ ਸਰੋਤਾਂ ਦੇ ਚੱਲਦਿਆਂ ਉਸ ਨੂੰ ਹਾਕੀ ਤੇ ਹੋਰ ਸਮਾਨ ਪ੍ਰਦਾਨ ਕਰਵਾਇਆ ਤੇ ਅੱਜ ਉਹ ਇਹ ਮੁਕਾਮ ਹਾਸਿਲ ਕਰਨ ਦੇ ਕਾਬਲ ਬਣ ਸਕੀ ਹੈ।