ਪੈਨਸ਼ਨਰ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਸੰਗਰੂਰ ’ਚ ਰੋਸ ਪ੍ਰਦਰਸ਼ਨ 10 ਨੂੰ ਪੈਨਸ਼ਨਰ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ 10 ਦੀ ਸੰਗਰੂਰ ਰੈਲੀ ’ਚ ਵੱਧ-ਚੜ੍ਹ ਕੇ ਸ਼ਾਮਿਲ ਹੋਵਾਂਗੇ : ਕੱਲਾ, ਸ਼ਰਮਾ
Publish Date: Sun, 04 Oct 2026 06:12 PM (IST)
Updated Date: Sun, 04 Oct 2026 06:14 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੈਨਸ਼ਨਰ ਐਂਡ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਗਾਂਧੀ ਪਾਰਕ ਤਰਨਤਾਰਨ ਵਿਖੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਕੱਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨਾਲ ਸਬੰਧਿਤ ਵੱਖ-ਵੱਖ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਸਤਪਾਲ ਸ਼ਰਮਾ ਪੱਟੀ ਨੇ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਪ੍ਰਤੀ ਵਿਰੋਧੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਪੈਨਸ਼ਨਰਾਂ ਨੂੰ ਬਣਦਾ ਡੀਏ ਨਹੀਂ ਦਿੱਤਾ ਜਾ ਰਿਹਾ। ਸਰਕਾਰ 8 ਫ਼ੀਸਦੀ ਡੀਏ ਦੇ ਕੇ ਪੈਨਸ਼ਨਰ ਅਤੇ ਮੁਲਾਜ਼ਮ ਵਰਗ ਨੂੰ ਸ਼ਾਂਤ ਕਰਨਾ ਚਾਹੁੰਦੀ ਹੈ, ਪਰ ਜਦੋਂ ਤਕ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ, ਇਹ ਵਰਗ ਸੰਤੁਸ਼ਟ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਅਤੇ ਸਾਂਝਾ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਵੱਲੋਂ ਜੋ ਵੀ ਸੰਘਰਸ਼ ਉਲੀਕਿਆ ਜਾਵੇਗਾ, ਜ਼ਿਲ੍ਹਾ ਤਰਨਤਾਰਨ ਦੇ ਪੈਨਸ਼ਨਰ ਉਸ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨਗੇ। ਉਨ੍ਹਾਂ ਸਮੂਹ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਵਿਚ ਵੱਡੀ ਗਿਣਤੀ ’ਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਕੱਲਾ ਨੇ ਕਿਹਾ ਕਿ ਪੰਜਾਬ ਸਰਕਾਰ ਪੈਨਸ਼ਨਰ ਵਰਗ ਨੂੰ ਜਾਣ-ਬੁੱਝ ਕੇ ਪਰੇਸ਼ਾਨ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। ਉਨ੍ਹਾਂ ਕਿਹਾ ਕਿ 2.59 ਦਾ ਫੈਕਟਰ ਲਾਗੂ ਕਰਨ ਦੀ ਬਜਾਏ ਇਸ ਵਿਚ ਕਟੌਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਾਈਫ ਸਰਟੀਫਿਕੇਟ ਨੂੰ ਡਿਜ਼ੀਟਲ ਕਰਨ ਦੇ ਨਾਂ ’ਤੇ ਵੀ ਬਜ਼ੁਰਗਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਵਾਰ ਬਜ਼ੁਰਗਾਂ ਦੀਆਂ ਪੈਨਸ਼ਨਾਂ ਸਮੇਂ ਸਿਰ ਬੈਂਕ ਖਾਤਿਆਂ ਵਿਚ ਨਹੀਂ ਆਉਂਦੀਆਂ, ਜਿਸ ਕਾਰਨ ਉਨ੍ਹਾਂ ਨੂੰ ਬੈਂਕਾਂ ਦੇ ਗੇੜੇ ਮਾਰਨੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕਈ ਵਾਅਦੇ ਹਾਲੇ ਤਕ ਪੂਰੇ ਨਹੀਂ ਕੀਤੇ ਗਏ। ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਅਤੇ ਠੇਕਾ ਪ੍ਰਣਾਲੀ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਹੈ। ਉਨ੍ਹਾਂ ਪੰਜਾਬ ਵਿਚ ਵਧ ਰਹੀਆਂ ਨਸ਼ਿਆਂ ਦੀਆਂ ਘਟਨਾਵਾਂ, ਲੁੱਟਾਂ-ਖੋਹਾਂ ਅਤੇ ਕਤਲਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ ਵੀ ਚਿੰਤਾਜਨਕ ਬਣੀ ਹੋਈ ਹੈ। ਮੀਟਿੰਗ ਨੂੰ ਸ਼ਿੰਗਾਰਾ ਸਿੰਘ ਘੜਕਾ, ਪ੍ਰਿੰਸੀਪਲ ਕਸ਼ਮੀਰ ਸਿੰਘ ਚੋਹਲਾ, ਸੁਖਦੇਵ ਸਿੰਘ ਮਰਾਣਾ, ਅਸ਼ਵਨੀ ਕੁਮਾਰ ਸੈਣੀ, ਸੁਖਦੇਵ ਸਿੰਘ ਬਾਗੜੀਆਂ, ਦਵਿੰਦਰ ਸਿੰਘ ਬਿੱਟੂ, ਬਲਦੇਵ ਸਿੰਘ ਕੈਸ਼ੀਅਰ ਅਤੇ ਤਜਿੰਦਰ ਸਿੰਘ ਕੱਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਬਹੁਤ ਹੀ ਹਰਮਨ ਪਿਆਰੇ ਪੈਨਸ਼ਨਰ ਆਗੂ ਪ੍ਰੇਮਪਾਲ ਸ਼ਰਮਾ ਪੱਟੀ, ਕੁਲਦੀਪ ਸਿੰਘ ਜਲਾਲਾਬਾਦ ਅਤੇ ਅਮਰੀਕ ਸਿੰਘ ਬਾਗੜੀਆਂ ਨੂੰ ਮੀਟਿੰਗ ਵਿਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿਚ ਦਲਬੀਰ ਸਿੰਘ ਚੋਹਲਾ, ਮਹਿੰਦਰ ਸਿੰਘ ਢੋਟੀਆ, ਕਸ਼ਮੀਰ ਸਿੰਘ, ਰਜਿੰਦਰ ਸਿੰਘ ਜੰਡ, ਗੁਰਮੀਤ ਸਿੰਘ ਮਾਨ, ਜਸਵੰਤ ਸਿੰਘ ਤਰਨਤਾਰਨ, ਅਵਤਾਰ ਸਿੰਘ, ਮੀਰ ਮਸੀਹ, ਹਰਭਜਨ ਸਿੰਘ ਕੈਰੋਂ, ਅਜੀਤ ਸਿੰਘ, ਗੁਰਨਾਮ ਸਿੰਘ ਚੋਹਲਾ, ਹਰਭਜਨ ਸਿੰਘ ਰੋਡਵੇਜ਼, ਭੁਪਿੰਦਰ ਸਿੰਘ, ਹਰਬੰਸ ਸਿੰਘ, ਜਸਵਿੰਦਰ ਸਿੰਘ, ਗਿਆਨ ਸਿੰਘ ਮੋਹਨਪੁਰਾ, ਸੋਮਨਾਥ, ਗੁਰਪ੍ਰੀਤ ਸਿੰਘ, ਕੇਵਲ ਸਿੰਘ, ਬਲਬੀਰ ਸਿੰਘ ਵਰਪਾਲ, ਅਮਰਜੀਤ ਸਿੰਘ, ਸੁਖਦੇਵ ਸਿੰਘ, ਗੁਰਮੀਤ ਸਿੰਘ, ਸਤਵੰਤ ਕੌਰ, ਮਨਮੋਹਨ ਸਿੰਘ, ਅਵਤਾਰ ਸਿੰਘ ਚੋਹਲਾ ਸਾਹਿਬ, ਰਜਿੰਦਰ ਸਿੰਘ ਕੱਲਾ, ਨਿਰੰਜਨ ਸਿੰਘ, ਅਵਤਾਰ ਸਿੰਘ ਵਾਟਰ ਸਪਲਾਈ, ਸਰਬਜੀਤ ਸਿੰਘ ਕੱਚਾ-ਪੱਕਾ, ਮੀਨਾਕਸ਼ੀ ਸ਼ਰਮਾ, ਸ਼ਕਤੀ ਸ਼ਰਮਾ, ਮਨਜੀਤ ਸਿੰਘ ਸਭਰਾ, ਲਖਵਿੰਦਰ ਸਿੰਘ, ਰਸ਼ਪਾਲ ਸਿੰਘ, ਦਵਿੰਦਰ ਸਿੰਘ, ਸਿਮਰਜੀਤ ਕੌਰ ਆਦਿ ਹਾਜ਼ਰ ਸਨ। ਮੀਟਿੰਗ ਦੇ ਅਖੀਰ ਵਿਚ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਕੱਲਾ ਨੇ ਮੀਟਿੰਗ ਵਿਚ ਪਹੁੰਚੇ ਸਮੂਹ ਪੈਨਸ਼ਨਰ ਸਾਥੀਆਂ ਦਾ ਧੰਨਵਾਦ ਕੀਤਾ। ਇਸ ਉਪਰੰਤ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਨੂੰ ਕਾਮਯਾਬ ਕਰਨ ਲਈ ਵੱਖ-ਵੱਖ ਡਿਊਟੀਆਂ ਦੀ ਵੰਡ ਕੀਤੀ ਗਈ, ਜਿਸ ਨੂੰ ਹਾਜ਼ਰ ਸਮੂਹ ਮੈਂਬਰਾਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ।