ਵਾਲੀਬਾਲ ਦੇ ਪੁਰਾਣੇ ਧੁਰੰਧਰ ਜ਼ਿਲ੍ਹੇ ਦੀ ਕਰਨਗੇ ਨੁਮਾਇੰਦਗੀ ਵਾਲੀਬਾਲ ਦੇ ਪੁਰਾਣੇ ਧੁਰੰਧਰ ਮੁੜ ਮੈਦਾਨ ’ਚ, ਤਰਨਤਾਰਨ ਦੀ ਕਰਨਗੇ ਨੁਮਾਇੰਦਗੀ
Publish Date: Sun, 04 Oct 2026 05:30 PM (IST)
Updated Date: Sun, 04 Oct 2026 05:31 PM (IST)
ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਚੱਲ ਰਹੇ ਮੁਕਾਬਲਿਆਂ ਦੌਰਾਨ ਜ਼ਿਲ੍ਹਾ ਤਰਨਤਾਰਨ ਦੇ ਸੀਨੀਅਰ ਵਾਲੀਬਾਲ ਖਿਡਾਰੀਆਂ ਦੇ ਉਮਰ ਵਰਗ 51 ਤੋਂ 60 ਸਾਲ ਦੇ ਖਿਡਾਰੀਆਂ ਨੂੰ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਵੱਲੋਂ ਵਿਸ਼ੇਸ਼ ਸੱਦਾ ਦਿੱਤਾ ਗਿਆ। ਇਸ ਮੌਕੇ ਆਪਣੇ ਸਮੇਂ ਦੇ ਨਾਮਵਰ ਵਾਲੀਬਾਲ ਖਿਡਾਰੀਆਂ ਨੇ ਸ਼ਿਰਕਤ ਕਰ ਕੇ ਨੌਜਵਾਨ ਖਿਡਾਰੀਆਂ ਦਾ ਹੌਸਲਾ ਵਧਾਇਆ। ਇਨ੍ਹਾਂ ਸੀਨੀਅਰ ਖਿਡਾਰੀਆਂ ਵਿਚ ਸੈਂਟਰ ਹੈੱਡ ਟੀਚਰ ਗੁਰਵਿੰਦਰ ਸਿੰਘ ਬੱਬੂ, ਜਿਨ੍ਹਾਂ ਨੂੰ ਖੇਡ ਜਗਤ ਵਿਚ ਪਿਆਰ ਨਾਲ ਬੱਬੂ ਭਾਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇੰਸਪੈਕਟਰ ਪੰਜਾਬ ਪੁਲਿਸ ਬਹਾਲ ਸਿੰਘ, ਸਬ-ਇੰਸਪੈਕਟਰ ਜਤਿੰਦਰ ਸਿੰਘ, ਜਿਨ੍ਹਾਂ ਨੂੰ ਕ੍ਰਮਵਾਰ ਬਹਾਲ ਭਾਜੀ ਅਤੇ ਸਾਬੀ ਭਾਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਸ਼ਾਮਿਲ ਸਨ। ਇਸ ਤੋਂ ਇਲਾਵਾ ਰਜਿੰਦਰ ਕੁਮਾਰ ਡਾਕਟਰ, ਰਣਜੀਤ ਸਿੰਘ ਰਾਣਾ ਭਾਜੀ, ਮਾੜੀ ਗੌੜ ਸਿੰਘ, ਤਰਲੋਚਨ ਸਿੰਘ ਝਬਾਲੀਆ, ਐੱਸਡੀਓ ਗੁਰਮੀਤ ਸਿੰਘ, ਮਾਸਟਰ ਮਨੋਹਰ ਸਿੰਘ ਅਤੇ ਪੰਚਾਇਤ ਮੈਂਬਰ ਗੁਰਿੰਦਰ ਸਿੰਘ ਦਦੇਹਰ ਸਾਹਿਬ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸੀਨੀਅਰ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ ਨੇ ਕਿਹਾ ਕਿ ਸੀਨੀਅਰ ਖਿਡਾਰੀ ਸਾਡੇ ਖੇਡ ਵਿਰਸੇ ਦਾ ਅਹਿਮ ਹਿੱਸਾ ਹਨ। ਇਨ੍ਹਾਂ ਖਿਡਾਰੀਆਂ ਨੇ ਆਪਣੇ ਸਮੇਂ ਵਿਚ ਵਾਲੀਬਾਲ ਦੇ ਖੇਤਰ ਵਿਚ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਅੱਜ ਵੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਸਰੋਤ ਹਨ। ਇਸ ਮੌਕੇ ਕੋਚ ਦਵਿੰਦਰ ਸਿੰਘ, ਕੋਚ ਰਾਜਾ ਪੱਟੀ, ਮਾਸਟਰ ਗੁਰਪ੍ਰੀਤ ਸਿੰਘ ਲਾਲਪੁਰ, ਮਾਸਟਰ ਗੁਰਬੀਰ ਸਿੰਘ ਦਦੇਹਰ ਸਾਹਿਬ, ਅਮਰਦੀਪ ਸਿੰਘ, ਕੁਲਵਿੰਦਰ ਸਿੰਘ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਵਰਗਾਂ ਦੇ ਨੌਜਵਾਨ ਖਿਡਾਰੀ ਮੌਜੂਦ ਸਨ। ਸਮੂਹ ਖਿਡਾਰੀਆਂ ਵੱਲੋਂ ਸੀਨੀਅਰ ਵਾਲੀਬਾਲ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਸੀਨੀਅਰ ਖਿਡਾਰੀਆਂ ਨੇ ਜ਼ਿਲ੍ਹਾ ਖੇਡ ਅਫ਼ਸਰ ਸਤਵੰਤ ਕੌਰ, ਸਮੂਹ ਕੋਚਾਂ ਅਤੇ ਜ਼ਿਲ੍ਹੇ ਦੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਅਤੇ ਪਿਆਰ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜੁੜੀ ਨਵੀਂ ਪੀੜ੍ਹੀ ਨੂੰ ਅੱਗੇ ਵਧਦਾ ਦੇਖ ਕੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋ ਰਹੀ ਹੈ।