ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਕੀਤਾ ਵਿਚਾਰ-ਵਟਾਂਦਰਾ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦਾ ਹੋਇਆ ਡੈਲੀਗੇਟ ਇਜਲਾਸ
Publish Date: Sun, 04 Oct 2026 04:33 PM (IST)
Updated Date: Sun, 04 Oct 2026 04:35 PM (IST)
ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਹਿਸੀਲ ਖਡੂਰ ਸਾਹਿਬ ਦੇ ਪਿੰਡ ਜਾਮਾਰਾਏ ਇਕਾਈ ਦਾ ਡੈਲੀਗੇਟ ਇਜਲਾਸ ਪਿੰਡ ਜਾਮਾਰਾਏ ਵਿਖੇ ਜਗੀਰ ਸਿੰਘ ਜਾਮਾਰਾਏ ਦੀ ਪ੍ਰਧਾਨਗੀ ਹੇਠ ਹੋਇਆ। ਇਸ ਮੌਕੇ ਜ਼ਿਲ੍ਹਾ ਸਕੱਤਰ ਚਾਨਣ ਸਿੰਘ ਪਹਿਲਵਾਨਕੇ, ਪ੍ਰਤੀਮ ਸਿੰਘ ਪੱਟੀ, ਮੀਤ ਪ੍ਰਧਾਨ ਹੀਰਾ ਸਿੰਘ ਦਰਾਜਕੇ ਅਤੇ ਪ੍ਰਗਟ ਸਿੰਘ ਪੱਟੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਖੇਤ ਮਜ਼ਦੂਰਾਂ ਅਤੇ ਗਰੀਬ ਵਰਗ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਸਾਂਝੇ ਕੀਤੇ। ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਿੰਡਾਂ ਦੇ ਗਰੀਬ ਅਤੇ ਖੇਤ ਮਜ਼ਦੂਰ ਪਰਿਵਾਰ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਮਨਰੇਗਾ ਤਹਿਤ ਕੰਮ ਬੰਦ ਹੋਣ ਕਾਰਨ ਮਜ਼ਦੂਰਾਂ ਦੇ ਘਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੀ-ਰਾਮ ਅਧੀਨ ਲਿਆਂਦੇ ਕਾਨੂੰਨ ਵਿਚ 60:40 ਦੇ ਅਨੁਪਾਤ ਅਨੁਸਾਰ ਕੇਂਦਰ ਸਰਕਾਰ ਵੱਲੋਂ 60 ਫ਼ੀਸਦੀ ਅਤੇ ਪੰਜਾਬ ਸਰਕਾਰ ਵੱਲੋਂ 40 ਫ਼ੀਸਦੀ ਫੰਡ ਦੇਣ ਦੀ ਵਿਵਸਥਾ ਕਾਰਨ ਮਨਰੇਗਾ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਲਈ ਮਨਰੇਗਾ ਦਾ ਕੰਮ ਮੁੜ ਚਾਲੂ ਕੀਤਾ ਜਾਵੇ। ਆਗੂਆਂ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਬੇਘਰੇ ਗਰੀਬ ਪਰਿਵਾਰਾਂ ਨੂੰ ਘਰ ਬਣਾਉਣ ਲਈ 10-10 ਮਰਲੇ ਦੇ ਪਲਾਟ ਅਤੇ ਮਕਾਨ ਉਸਾਰੀ ਵਾਸਤੇ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ। ਬੁਢਾਪਾ, ਅੰਗਹੀਣ ਅਤੇ ਵਿਧਵਾ ਪੈਨਸ਼ਨ ਵਧਾ ਕੇ 10 ਹਜ਼ਾਰ ਰੁਪਏ ਮਹੀਨਾ ਕੀਤੀ ਜਾਵੇ। ਇਸ ਤੋਂ ਇਲਾਵਾ ਮਜ਼ਦੂਰਾਂ ਦੇ ਕਰਜ਼ੇ ਬਿਨ੍ਹਾਂ ਕਿਸੇ ਸ਼ਰਤ ਦੇ ਮੁਆਫ਼ ਕਰਨ, ਸੂਬੇ ਵਿਚ ਵਧ ਰਹੇ ਨਸ਼ਿਆਂ ਤੇ ਕਾਬੂ ਪਾਉਣ ਅਤੇ ਦਿਨੋਂ-ਦਿਨ ਨਿੱਘਰ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਦੀ ਵੀ ਮੰਗ ਕੀਤੀ। ਇਜਲਾਸ ਦੇ ਅਖੀਰ ਵਿਚ ਜਥੇਬੰਦੀ ਦੀ 17 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਜਗੀਰ ਸਿੰਘ ਜਾਮਾਰਾਏ ਨੂੰ ਸਕੱਤਰ, ਸੁਰਜੀਤ ਸਿੰਘ ਖੇਲਾ ਨੂੰ ਪ੍ਰਧਾਨ, ਰਾਜਬੀਰ ਸਿੰਘ ਜਾਮਾਰਾਏ ਨੂੰ ਮੀਤ ਸਕੱਤਰ, ਜਗੀਰ ਸਿੰਘ ਸਾਬਕਾ ਮੈਂਬਰ ਪੰਚਾਇਤ ਅਤੇ ਬੂਟਾ ਸਿੰਘ ਮਸੀਹ ਭੈਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਸੰਤੋਖ ਸਿੰਘ ਕੱਦਗਿੱਲ ਨੂੰ ਖਜ਼ਾਨਚੀ ਬਣਾਇਆ ਗਿਆ। ਕਮੇਟੀ ਦੇ ਮੈਂਬਰਾਂ ਵਜੋਂ ਗੁਰਦੇਵ ਸਿੰਘ ਜਾਮਾਰਾਏ, ਜਗਦੀਸ਼ ਸਿੰਘ ਖੇਲਾ, ਹਰਜਿੰਦਰ ਸਿੰਘ ਭੈਲ, ਰਾਮ ਸਿੰਘ ਕੱਦਗਿੱਲ, ਮੰਗਲ ਸਿੰਘ ਦਿਲਾਵਲਪੁਰ, ਸੁਖਵਿੰਦਰ ਸਿੰਘ ਬਿੱਲੇ, ਕਸ਼ਮੀਰ ਸਿੰਘ ਜਾਮਾਰਾਏ ਅਤੇ ਨਛੱਤਰ ਸਿੰਘ ਲੁਹਾਰ ਦੀ ਚੋਣ ਕੀਤੀ ਗਈ।