ਝੋਨੇ ਦੇ ਸੀਜ਼ਨ ’ਚ ਸ਼ੈਲਰਾਂ ਦਾ ਸਰਕਾਰ ਨੂੰ ਝਟਕਾ, 10 ਅਕਤੂਬਰ ਤਕ ਐਗਰੀਮੈਂਟ ਤੇ ਬਾਰਦਾਣਾ ਰੋਕਿਆ ਝੋਨੇ ਦੇ ਸੀਜ਼ਨ ’ਚ ਸੇਲਰਾਂ ਦਾ ਸਰਕਾਰ ਨੂੰ ਝਟਕਾ, 10 ਅਕਤੂਬਰ ਤਕ ਐਗਰੀਮੈਂਟ ਤੇ ਬਾਰਦਾਣਾ ਰੋਕਿਆ
Publish Date: Sun, 04 Oct 2026 04:28 PM (IST)
Updated Date: Sun, 04 Oct 2026 04:31 PM (IST)
ਬੱਲੂ ਮਹਿਤਾ•ਪੰਜਾਬੀ ਜਾਗਰਣ, ਪੱਟੀ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਪਰ ਸ਼ੈਲਰਾਂ ਦੇ ਗੋਦਾਮ ਕਣਕ ਨਾਲ ਭਰੇ ਹੋਣ ਕਾਰਨ ਨਵੀਂ ਫ਼ਸਲ ਦੀ ਸਟੋਰੇਜ ਦਾ ਸੰਕਟ ਖੜ੍ਹਾ ਹੋ ਗਿਆ ਹੈ। ਇਸ ਸਮੱਸਿਆ ਨੂੰ ਲੈ ਕੇ ਜ਼ਿਲ੍ਹਾ ਸੇਲਰ ਐਸੋਸੀਏਸ਼ਨ ਨੇ ਸਰਕਾਰ ਨੂੰ 10 ਅਕਤੂਬਰ ਤਕ ਦਾ ਸਮਾਂ ਦਿੰਦਿਆਂ ਉਦੋਂ ਤਕ ਐਗਰੀਮੈਂਟ ਨਾ ਕਰਨ ਅਤੇ ਮੰਡੀਆਂ ਵਿਚ ਬਾਰਦਾਣਾ ਨਾ ਦੇਣ ਦਾ ਫ਼ੈਸਲਾ ਕੀਤਾ ਹੈ। 10 ਅਕਤੂਬਰ ਤੋਂ ਬਾਅਦ ਐਸੋਸੀਏਸ਼ਨ ਦੀ ਮੀਟਿੰਗ ਕਰਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਇਹ ਫੈਸਲਾ ਪੱਟੀ ਵਿਖੇ ਜ਼ਿਲ੍ਹਾ ਸੇਲਰ ਐਸੋਸੀਏਸ਼ਨ ਦੀ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਤੁਨੇਜਾ ਅਤੇ ਪ੍ਰਿੰਸ ਧਵਨ ਪ੍ਰਧਾਨ ਪੱਟੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਵਿਚ ਪੱਟੀ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਸੇਲਰ ਮਾਲਕਾਂ ਤੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਦੌਰਾਨ ਝੋਨੇ ਦੇ ਸੀਜ਼ਨ ਤੋਂ ਇਲਾਵਾ ਕਣਕ ਦੀ ਚੁਕਾਈ, ਸਟੋਰੇਜ, ਐਗਰੀਮੈਂਟ, ਬਾਰਦਾਣੇ ਅਤੇ ਐੱਫਸੀਆਈ ਦੇ ਨਵੇਂ ਨਿਯਮਾਂ ’ਤੇ ਚਰਚਾ ਕੀਤੀ ਗਈ। ਪੱਟੀ ਰਾਈਸ ਮਿਲ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਕੁਮਾਰ ਧਵਨ ਨੇ ਕਿਹਾ ਕਿ ਸੇਲਰਾਂ ਵਿਚ ਪਹਿਲਾਂ ਹੀ ਕਣਕ ਪਈ ਹੋਈ ਹੈ ਅਤੇ ਕਈ ਸੇਲਰਾਂ ਵਿਚ ਝੋਨਾ ਲਗਵਾਉਣ ਲਈ ਲੁੜੀਂਦੀ ਜਗ੍ਹਾ ਨਹੀਂ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਕਣਕ ਦੀ ਚੁਕਾਈ ਦਾ ਪ੍ਰਬੰਧ ਕਰਨਾ ਚਾਹੀਦਾ ਸੀ। ਹੁਣ ਜਦੋਂ ਮੰਡੀਆਂ ਵਿਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤਾਂ ਸ਼ੈਲਰ ਮਾਲਕਾਂ ਲਈ ਸਟੋਰੇਜ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ। ਧਵਨ ਨੇ ਕਿਹਾ ਕਿ ਸੇਲਰ ਸਰਕਾਰ ਨਾਲ ਸਹਿਯੋਗ ਕਰਨ ਦੇ ਹੱਕ ਵਿਚ ਹਨ, ਪਰ ਸਰਕਾਰ ਨੂੰ ਵੀ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ 10 ਅਕਤੂਬਰ ਤਕ ਕੋਈ ਐਗਰੀਮੈਂਟ ਨਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਸਮੀਖਿਆ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ। ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਤੁਨੇਜਾ ਨੇ ਕਿਹਾ ਕਿ 1 ਅਕਤੂਬਰ ਤੋਂ ਮੰਡੀਆਂ ਵਿਚ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ, ਪਰ ਸੇਲਰਾਂ ਵਿਚ ਕਣਕ ਦਾ ਸਟਾਕ ਹੋਣ ਕਾਰਨ ਝੋਨੇ ਦੀ ਸਟੋਰੇਜ ਲਈ ਥਾਂ ਨਹੀਂ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੇਲਰਾਂ ਵਿਚ ਪਈ ਕਣਕ ਦੀ ਚੁਕਾਈ ’ਚ ਤੇਜ਼ੀ ਲਿਆਂਦੀ ਜਾਵੇ, ਤਾਂ ਜੋ ਗੋਦਾਮ ਖਾਲੀ ਹੋਣ ਅਤੇ ਝੋਨੇ ਦੀ ਮਿਲਿੰਗ ਦਾ ਕੰਮ ਪ੍ਰਭਾਵਿਤ ਨਾ ਹੋਵੇ। --- ਐੱਫਸੀਆਈ ਦੇ ਨਵੇਂ ਨਿਯਮਾਂ ’ਤੇ ਵੀ ਰੋਸ ਮੀਟਿੰਗ ਵਿਚ ਐੱਫਸੀਆਈ ਵੱਲੋਂ ਜਾਰੀ ਨਵੇਂ ਨਿਯਮਾਂ ਦਾ ਵੀ ਵਿਰੋਧ ਕੀਤਾ ਗਿਆ। ਸ਼ੈਲਰ ਮਾਲਕਾਂ ਨੇ ਕਿਹਾ ਕਿ ਨਵੇਂ ਨਿਯਮਾਂ ਨਾਲ ਪਹਿਲਾਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਉਦਯੋਗ ’ਤੇ ਹੋਰ ਦਬਾਅ ਪੈ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਨਿਯਮ ਲਾਗੂ ਕਰਨ ਤੋਂ ਪਹਿਲਾਂ ਸੇਲਰ ਉਦਯੋਗ ਦੀਆਂ ਵਿਹਾਰਕ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਿਆ ਜਾਵੇ। -- ਬਾਰਦਾਣਾ ਦੇਣ ਤੋਂ ਵੀ ਰਹਿਣਗੇ ਦੂਰ ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ 10 ਅਕਤੂਬਰ ਤਕ ਮੰਡੀਆਂ ਵਿਚ ਬਾਰਦਾਣਾ ਵੀ ਨਹੀਂ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਟਕਰਾਅ ਪੈਦਾ ਕਰਨਾ ਨਹੀਂ, ਸਗੋਂ ਸਰਕਾਰ ਦਾ ਧਿਆਨ ਸੇਲਰਾਂ ਦੀਆਂ ਅਸਲ ਸਮੱਸਿਆਵਾਂ ਵੱਲ ਖਿੱਚਣਾ ਹੈ। ਜੇਕਰ ਨਿਰਧਾਰਤ ਸਮੇਂ ਤਕ ਮਸਲਿਆਂ ਦਾ ਹੱਲ ਨਾ ਹੋਇਆ ਤਾਂ ਅਗਲੀ ਮੀਟਿੰਗ ਵਿਚ ਸਾਂਝੀ ਰਣਨੀਤੀ ਤੈਅ ਕੀਤੀ ਜਾਵੇਗੀ। ਮੀਟਿੰਗ ਵਿਚ ਹਾਜ਼ਰ ਸ਼ੈਲਰ ਮਾਲਕਾਂ ਨੇ ਕਿਹਾ ਕਿ ਕਣਕ ਦੀ ਸਮੇਂ ਸਿਰ ਚੁਕਾਈ ਨਾ ਹੋਣ ਕਾਰਨ ਸਿਰਫ਼ ਸੇਲਰਾਂ ਦੀ ਸਟੋਰੇਜ ਸਮਰੱਥਾ ਹੀ ਪ੍ਰਭਾਵਿਤ ਨਹੀਂ ਹੋ ਰਹੀ, ਸਗੋਂ ਇਸ ਦਾ ਅਸਰ ਝੋਨੇ ਦੀ ਮਿਲਿੰਗ ਪ੍ਰਕਿਰਿਆ ’ਤੇ ਵੀ ਪੈ ਸਕਦਾ ਹੈ। ਉਨ੍ਹਾਂ ਸਰਕਾਰ ਤੋਂ ਕਣਕ ਦੀ ਤੁਰੰਤ ਚੁਕਾਈ ਅਤੇ ਐੱਫਸੀਆਈ ਦੇ ਨਵੇਂ ਨਿਯਮਾਂ ਸਬੰਧੀ ਸਪੱਸ਼ਟਤਾ ਦੀ ਮੰਗ ਕੀਤੀ। ਮੀਟਿੰਗ ਵਿਚ ਵੱਖ-ਵੱਖ ਇਲਾਕਿਆਂ ਤੋਂ ਆਏ ਸੇਲਰ ਮਾਲਕਾਂ ਅਤੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਆਗੂਆਂ ਨੇ ਕਿਹਾ ਕਿ 10 ਅਕਤੂਬਰ ਤੋਂ ਬਾਅਦ ਹਾਲਾਤ ਦੀ ਸਮੀਖਿਆ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਤੁਨੇਜਾ ਜ਼ਿਲ੍ਹਾ ਪ੍ਰਧਾਨ, ਅਨਿਲ ਧਵਨ, ਸੋਨੂੰ ਗੁਪਤਾ ਜਰਨਲ ਸਕੱਤਰ, ਜਤਿਨ ਗੁਪਤਾ, ਵੈਸ਼ਨੋ ਦਾਸ, ਕੇਸ਼ਵ ਕੁਮਾਰ, ਮਾਨਸ ਗੁਪਤਾ, ਰਜੇਸ਼ ਖੰਨਾ, ਮਨੀ ਮਰੜ, ਰਾਜੂ ਗੁਪਤਾ, ਬਲਵਿੰਦਰ ਸਿੰਘ, ਲਵ ਮਿੱਤਲ, ਕਪਿਲ ਗਰਗ, ਸੋਬਨ ਜੈਨ, ਮਨੋਜ਼ ਭੱਲਾ, ਗੁਰਜੀਤ ਸਿੰਘ, ਸ਼ਿਵ ਅਹੂਜਾ, ਰਤਨ ਗਰਗ, ਰੋਹਿਤ, ਕਮਲ, ਬ੍ਰਿਜ ਭੂਸ਼ਨ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।