50 ਲੱਖ ਫਿਰੌਤੀ ਦੀ ਮੰਗ ਨੂੰ ਲੈ ਕੇ ਪੈਟਰੋਲ ਪੰਪ ’ਤੇ ਚਲਾਈਆਂ ਗੋਲ਼ੀਆਂ 50 ਲੱਖ ਫਿਰੌਤੀ ਦੀ ਮੰਗ ਨੂੰ ਲੈ ਕੇ ਪੈਟਰੋਲ ਪੰਪ ’ਤੇ ਚਲਾਈਆਂ ਤਾਬੜਤੋੜ ਗੋਲੀਆਂ
Publish Date: Fri, 02 Oct 2026 08:23 PM (IST)
Updated Date: Sat, 03 Oct 2026 04:05 AM (IST)
* ਸੀਸੀਟੀਵੀ ’ਚ ਕੈਦ ਹੋਏ ਫਾਇਰਿੰਗ ਕਰਨ ਵਾਲੇ ਤਿੰਨ ਸ਼ੱਕੀ * ਮੌਕੇ ’ਤੇ ਪੁੱਜੀ ਪੁਲਿਸ ਪਾਰਟੀ ਜਾਂਚ ’ਚ ਜੁਟੀ ਕੈਪਸ਼ਨ- ਸੀਸੀਟੀਵੀ ਕੈਮਰਿਆਂ ’ਚ ਕੈਦ ਹੋਏ ਪੈਟਰੋਲਪੰਪ ’ਤੇ ਫਾਇਰਿੰਗ ਕਰਨ ਵਾਲੇ ਬਾਈਕ ਸਵਾਰ ਤਿੰਨ ਵਿਅਕਤੀ। ਕੈਪਸ਼ਨ- ਪਿੰਡ ਭੰਗਾਲਾ ਦਾ ਪੈਟਰੋਲਪੰਪ, ਜਿਸ ਉੱਪਰ ਫਾਇਰਿੰਗ ਕੀਤੀ ਗਈ। ਕੇਪੀ ਗਿੱਲ•, ਪੰਜਾਬੀ ਜਾਗਰਣ ਕੈਰੋਂ : ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਭੰਗਾਲਾ ਨੇੜੇ ਸਥਿਤ ਗੋਬਿੰਦ ਫਿਲਿੰਗ ਸਟੇਸ਼ਨ ਪੈਟਰੋਲ ਪੰਪ ’ਤੇ ਗੋਲ਼ੀਬਾਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਜਾਣਕਾਰੀ ਅਨੁਸਾਰ ਤਿੰਨ ਅਣਪਛਾਤੇ ਵਿਅਕਤੀ ਡੀਲਕਸ ਮੋਟਰਸਾਈਕਲ ’ਤੇ ਸਵਾਰ ਹੋ ਕੇ ਪੈਟਰੋਲ ਪੰਪ ਪੁੱਜੇ ਤੇ ਪੈਟਰੋਲ ਪੰਪ ਦੇ ਮਾਲਕ ਪਰਮਜੀਤ ਸਿੰਘ ਵਾਸੀ ਪਿੰਡ ਭੰਗਾਲਾ ਨੂੰ ਧਮਕਾਉਣ ਦੀ ਨੀਅਤ ਨਾਲ ਪੰਪ ਵੱਲ ਗੋਲ਼ੀਆਂ ਚਲਾ ਦਿੱਤੀਆਂ। ਘਟਨਾ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਹਮਲਾਵਰਾਂ ਵੱਲੋਂ ਪੈਟਰੋਲ ਪੰਪ ਵੱਲ ਪੰਜ ਗੋਲ਼ੀਆਂ ਚਲਾਈਆਂ ਗਈਆਂ। ਗੋਲ਼ੀਬਾਰੀ ਤੋਂ ਬਾਅਦ ਤਿੰਨੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਪੈਟਰੋਲ ਪੰਪ ’ਤੇ ਮੌਜੂਦ ਲੋਕਾਂ ’ਚ ਹਫੜਾ-ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਗੋਲ਼ੀਬਾਰੀ ਦੌਰਾਨ ਇਕ ਗੋਲ਼ੀ ਪੈਟਰੋਲ ਪੰਪ ਦੀ ਪਾਈਪ ਦੇ ਨੋਜ਼ਲ ਨੂੰ ਲੱਗੀ। ਇਸੇ ਦੌਰਾਨ ਪੈਟਰੋਲ ਪੰਪ ’ਤੇ ਮੋਟਰਸਾਈਕਲ ’ਚ ਤੇਲ ਪਵਾਉਣ ਲਈ ਆਏ ਪਿੰਡ ਭੰਗਾਲਾ ਦੇ ਵਸਨੀਕ ਸਤਨਾਮ ਸਿੰਘ ਦੇ ਖੱਬੇ ਮੋਢੇ ਨੂੰ ਇਕ ਗੋਲ਼ੀ ਛੂਹ ਕੇ ਲੰਘ ਗਈ, ਜਿਸ ਕਾਰਨ ਉਸ ਨੂੰ ਮਾਮੂਲੀ ਸੱਟ ਵੀ ਲੱਗੀ। ਜ਼ਖ਼ਮੀ ਸਤਨਾਮ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਪੱਟੀ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਘਟਨਾ ਨੂੰ ਹੋਰ ਗੰਭੀਰ ਬਣਾਉਣ ਵਾਲੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਪੈਟਰੋਲ ਪੰਪ ਦੇ ਮਾਲਕ ਪਰਮਜੀਤ ਸਿੰਘ ਨੂੰ ਹਾਲ ਹੀ ’ਚ ਵਿਦੇਸ਼ ਆਧਾਰਿਤ ਗੈਂਗਸਟਰ ਦੇ ਨਾਂ ਨਾਲ ਜੋੜੀ ਜਾ ਰਹੀ ਇਕ ਫਿਰੌਤੀ ਕਾਲ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਕਾਲ ਦੌਰਾਨ ਪੰਪ ਮਾਲਕ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪੁਲਿਸ ਵੱਲੋਂ ਇਸ ਕਾਲ ਤੇ ਅੱਜ ਹੋਈ ਗੋਲੀਬਾਰੀ ਵਿਚਕਾਰ ਕਿਸੇ ਸਬੰਧ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਮਗਰੋਂ ਪੁਲਿਸ ਵੱਲੋਂ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜ਼ੇ ’ਚ ਲੈ ਕੇ ਜਾਂਚ ਕੀਤੇ ਜਾਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਹਮਲਾਵਰ ਮੋਟਰਸਾਈਕਲ ’ਤੇ ਪੰਪ ’ਤੇ ਆਉਂਦੇ ਅਤੇ ਗੋਲ਼ੀਬਾਰੀ ਕਰਨ ਤੋਂ ਬਾਅਦ ਫਰਾਰ ਹੁੰਦੇ ਕੈਮਰਿਆਂ ਵਿਚ ਕੈਦ ਹੋਏ ਹਨ। ਪੁਲਿਸ ਹੁਣ ਫੁਟੇਜ ਦੇ ਆਧਾਰ ’ਤੇ ਹਮਲਾਵਰਾਂ ਦੀ ਪਛਾਣ ਕਰਨ ਤੇ ਉਨ੍ਹਾਂ ਦੇ ਆਉਣ-ਜਾਣ ਵਾਲੇ ਰਸਤੇ ਦੀ ਜਾਂਚ ਕਰਨ ਵਿੱਚ ਜੁਟੀ ਹੋਈ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਸਦਰ ਪੱਟੀ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ।