ਖ਼ਾਲਸਾ ਏਡ ਤੇ ਮੁੰਡਾ ਪਿੰਡ ਦੀ ਸੰਗਤ ਨੇ ਬਿਆਸ ਦਰਿਆ ਦੇ ਬੰਨ੍ਹ ਨੂੰ ਟੁੱਟਣੋਂ ਬਚਾਇਆ ਖਾਲਸਾ ਏਡ ਅਤੇ ਮੁੰਡਾ ਪਿੰਡ ਦੀ ਸੰਗਤ ਨੇ ਬਿਆਸ ਦਰਿਆ ਦੇ ਬੰਨ੍ਹ ਨੂੰ ਟੁੱਟਣੋਂ ਬਚਾਇਆ
Publish Date: Fri, 02 Oct 2026 06:32 PM (IST)
Updated Date: Fri, 02 Oct 2026 06:34 PM (IST)
ਪਾਣੀ ਦਾ ਪੱਧਰ ਵਧਣ ਕਾਰਨ ਬੰਨ੍ਹ ’ਤੇ ਪਿਆ ਸੀ ਦਬਾਅ, ਪੱਥਰ ਲਗਾ ਕੇ ਸੰਭਾਲੀ ਸਥਿਤੀ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਤਰਨਤਾਰਨ ਜ਼ਿਲ੍ਹੇ ਦੇ ਮੁੰਡਾ ਪਿੰਡ ਵਿਖੇ ਬਿਆਸ ਦਰਿਆ ਦੇ ਕਿਨਾਰੇ ਖ਼ਾਲਸਾ ਏਡ ਵੱਲੋਂ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਪਿਛਲੇ ਕਾਫ਼ੀ ਸਮੇਂ ਤੋਂ ਜਾਰੀ ਹੈ। ਇਸ ਕਾਰਜ ਲਈ ਖ਼ਾਲਸਾ ਏਡ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਕਰਵਾਇਆ ਜਾ ਰਿਹਾ ਹੈ ਤਾਂ ਜੋ ਦਰਿਆ ਦੇ ਪਾਣੀ ਕਾਰਨ ਆਸ-ਪਾਸ ਦੇ ਪਿੰਡਾਂ, ਕਿਸਾਨਾਂ ਦੀਆਂ ਫ਼ਸਲਾਂ ਤੇ ਲੋਕਾਂ ਦੀ ਜਾਨ-ਮਾਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਬੀਤੇ ਦਿਨ ਵੀ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਮੁੰਡਾ ਪਿੰਡ ਨੇੜੇ ਬੰਨ੍ਹ ਦੇ ਕਿਨਾਰਿਆਂ ’ਤੇ ਪਾਣੀ ਦਾ ਦਬਾਅ ਕਾਫ਼ੀ ਵਧ ਗਿਆ। ਇਸ ਕਾਰਨ ਬੰਨ੍ਹ ਦੇ ਕੁਝ ਹਿੱਸਿਆਂ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਪੈਦਾ ਹੋ ਗਿਆ। ਸਥਿਤੀ ਨੂੰ ਦੇਖਦਿਆਂ ਮੁੰਡਾ ਪਿੰਡ ਦੀ ਸੰਗਤ ਅਤੇ ਖਾਲਸਾ ਏਡ ਦੇ ਵਲੰਟੀਅਰ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਬੰਨ੍ਹ ਦੀ ਸੁਰੱਖਿਆ ਲਈ ਲੋੜੀਂਦਾ ਕੰਮ ਸ਼ੁਰੂ ਕੀਤਾ। ਮੌਕੇ ’ਤੇ ਪਹਿਲਾਂ ਤੋਂ ਮੌਜੂਦ ਮਸ਼ੀਨਰੀ ਦੀ ਮਦਦ ਨਾਲ ਕਮਜ਼ੋਰ ਹਿੱਸਿਆਂ ’ਤੇ ਵੱਡੀ ਮਾਤਰਾ ਵਿਚ ਪੱਥਰ ਲਗਾਏ ਗਏ ਅਤੇ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਗਿਆ। ਸੰਗਤ ਤੇ ਵਲੰਟੀਅਰਾਂ ਵੱਲੋਂ ਮਿਲ ਕੇ ਕੀਤੇ ਗਏ ਯਤਨਾਂ ਨਾਲ ਸਥਿਤੀ ਨੂੰ ਸਮੇਂ ਸਿਰ ਸੰਭਾਲਣ ਵਿਚ ਮਦਦ ਮਿਲੀ ਅਤੇ ਬੰਨ੍ਹ ਨੂੰ ਹੋਰ ਨੁਕਸਾਨ ਤੋਂ ਬਚਾਇਆ ਗਿਆ। ਖ਼ਾਲਸਾ ਏਡ ਦੇ ਸੀਨੀਅਰ ਆਗੂ ਲਖਵੀਰ ਸਿੰਘ ਰਿੰਪਾ ਨੇ ਕਿਹਾ ਕਿ ਇਸ ਸੇਵਾ ਕਾਰਜ ਵਿਚ ਮੁੰਡਾ ਪਿੰਡ ਦੀ ਸੰਗਤ ਵੱਲੋਂ ਬਹੁਤ ਹੀ ਭਰਪੂਰ ਸਹਿਯੋਗ ਦਿੱਤਾ ਗਿਆ। ਸੰਗਤ ਦੇ ਸਹਿਯੋਗ ਨਾਲ ਟੀਮ ਨੂੰ ਮੌਕੇ ’ਤੇ ਕੰਮ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਉਣ ਵਿਚ ਮਦਦ ਮਿਲੀ। ਉਨ੍ਹਾਂ ਕਿਹਾ ਕਿ ਖ਼ਾਲਸਾ ਏਡ ਵੱਲੋਂ ਲੋਕਾਂ ਦੀ ਸੁਰੱਖਿਆ ਤੇ ਲੋੜਵੰਦਾਂ ਦੀ ਸਹਾਇਤਾ ਲਈ ਸੇਵਾ ਕਾਰਜ ਨਿਰੰਤਰ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਬੰਨ੍ਹ ਦੀ ਮਜ਼ਬੂਤੀ ਨਾਲ ਆਸ-ਪਾਸ ਦੇ ਪਿੰਡਾਂ ਅਤੇ ਖੇਤੀਬਾੜੀ ਵਾਲੇ ਇਲਾਕਿਆਂ ਨੂੰ ਸੰਭਾਵਿਤ ਨੁਕਸਾਨ ਤੋਂ ਬਚਾਉਣ ਵਿਚ ਮਦਦ ਮਿਲੇਗੀ। ਖ਼ਾਲਸਾ ਏਡ ਦੀਆਂ ਟੀਮਾਂ ਵੱਲੋਂ ਇਲਾਕੇ ਦੀ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋੜ ਅਨੁਸਾਰ ਅੱਗੇ ਵੀ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਖ਼ਾਲਸਾ ਏਡ ਵੱਲੋਂ ਮੁੰਡਾ ਪਿੰਡ ਵਿਖੇ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਅੱਗੇ ਵੀ ਜਾਰੀ ਹੈ। ਟੀਮਾਂ ਵੱਲੋਂ ਦਰਿਆ ਦੇ ਪਾਣੀ ਦੇ ਪੱਧਰ ਅਤੇ ਬੰਨ੍ਹ ਦੀ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਲੋੜ ਪੈਣ ’ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।