ਯੁਵਕ ਮੇਲੇ ’ਚ ਗੁਰੂ ਅਰਜਨ ਦੇਵ ਖ਼ਾਲਸਾ ਕਾਲਜ ਚੋਹਲਾ ਸਾਹਿਬ ਦੀ ਝੰਡੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਯੁਵਕ ਮੇਲੇ ’ਚ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੀ ਸ਼ਾਨਦਾਰ ਝੰਡੀ
Publish Date: Fri, 02 Oct 2026 06:13 PM (IST)
Updated Date: Fri, 02 Oct 2026 06:13 PM (IST)
ਓਵਰਆਲ ਪਹਿਲੀ ਰਨਰ-ਅੱਪ ਟਰਾਫੀ ’ਤੇ ਕੀਤਾ ਕਬਜ਼ਾ, 4 ਮੁਕਾਬਲਿਆਂ ’ਚ ਪਹਿਲਾ, 6 ’ਚ ਦੂਜਾ ਤੇ 5 ’ਚ ਤੀਜਾ ਸਥਾਨ ਕੀਤਾ ਹਾਸਲ ਰਾਕੇਸ਼ ਨਈਅਰ•, ਪੰਜਾਬੀ ਜਾਗਰਣ ਚੋਹਲਾ ਸਾਹਿਬ : ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਕਰਵਾਏ ਗਏ ਬੀ-ਜ਼ੋਨ ਯੁਵਕ ਮੇਲੇ 2026 ਵਿਚ ਗੁਰੂ ਅਰਜਨ ਦੇਵ ਖ਼ਾਲਸਾ ਕਾਲਜ, ਚੋਹਲਾ ਸਾਹਿਬ ਦੇ ਵਿਦਿਆਰਥੀਆਂ ਨੇ ਆਪਣੀ ਕਲਾ, ਸੱਭਿਆਚਾਰਕ ਪ੍ਰਤਿਭਾ ਅਤੇ ਰਚਨਾਤਮਕ ਸਮਰੱਥਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਪਹਿਲੀ ਰਨਰ-ਅੱਪ ਟਰਾਫੀ ਆਪਣੇ ਨਾਂ ਕਰ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਵਿਦਿਆਰਥੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਕਾਲਜ ਕੈਂਪਸ ਵਿਚ ਖੁਸ਼ੀ ਤੇ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਯੁਵਕ ਮੇਲੇ ਦੌਰਾਨ ਵੱਖ-ਵੱਖ ਕਲਾਤਮਕ ਅਤੇ ਸੱਭਿਆਚਾਰਕ ਮੁਕਾਬਲਿਆਂ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਨਾ ਸਿਰਫ਼ ਮੁਕਾਬਲਿਆਂ ਵਿਚ ਸ਼ਾਨਦਾਰ ਸਥਾਨ ਹਾਸਲ ਕੀਤੇ, ਸਗੋਂ ਆਪਣੀ ਮਿਹਨਤ, ਅਨੁਸ਼ਾਸਨ ਅਤੇ ਤਿਆਰੀ ਦਾ ਵੀ ਬਾਖੂਬੀ ਪ੍ਰਦਰਸ਼ਨ ਕੀਤਾ। ਕਾਲਜ ਨੇ ਕਲਾਸੀਕਲ ਪ੍ਰਕਸ਼ਨ, ਗ਼ਜ਼ਲ, ਗਰੁੱਪ ਸ਼ਬਦ ਅਤੇ ਅੰਗਰੇਜ਼ੀ ਭਾਸ਼ਣ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਦੀ ਪੇਸ਼ਕਾਰੀ ਨੂੰ ਖ਼ਾਸ ਸਰਾਹਨਾ ਮਿਲੀ। ਇਸੇ ਤਰ੍ਹਾਂ ਕਲਾਸੀਕਲ ਵੋਕਲ, ਫੋਕ ਆਰਕੈਸਟਰਾ, ਪੰਜਾਬੀ ਭਾਸ਼ਣ, ਲੋਕ ਗੀਤ, ਪੱਖੀ ਅਤੇ ਪੀੜੀ ਬੁਨਣ ਦੇ ਮੁਕਾਬਲਿਆਂ ਵਿਚ ਕਾਲਜ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੀ ਬਹੁਪੱਖੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਵੱਲੋਂ ਪੰਜਾਬੀ ਲੋਕ-ਵਿਰਾਸਤ, ਸੰਗੀਤ ਅਤੇ ਸੱਭਿਆਚਾਰ ਨਾਲ ਜੁੜੀ ਪੇਸ਼ਕਾਰੀ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਤੋਂ ਇਲਾਵਾ ਫੋਟੋਗ੍ਰਾਫੀ, ਕਵੀਸ਼ਰੀ, ਡਿਬੇਟ, ਲੁੱਡੀ ਅਤੇ ਫੁਲਕਾਰੀ ਦੇ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਕਾਲਜ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸ਼੍ਰੇਣੀਆਂ ਵਿਚ ਕੁੱਲ 4 ਪਹਿਲੇ, 6 ਦੂਜੇ ਅਤੇ 5 ਤੀਜੇ ਸਥਾਨ ਹਾਸਲ ਕਰਦਿਆਂ ਓਵਰਆਲ ਪਹਿਲੀ ਰਨਰ-ਅੱਪ ਟਰਾਫੀ ਆਪਣੇ ਨਾਂ ਕੀਤੀ। ਕਾਲਜ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਨੇ ਜੇਤੂ ਵਿਦਿਆਰਥੀਆਂ, ਸਮੂਹ ਪ੍ਰਤੀਯੋਗੀਆਂ, ਅਧਿਆਪਕਾਂ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਵਿਦਿਆਰਥੀਆਂ ਦੀ ਲਗਨ, ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਸੁਚੱਜੀ ਅਗਵਾਈ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੰਚ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਆਤਮ-ਵਿਸ਼ਵਾਸ ਨਾਲ ਆਪਣੀ ਕਲਾ ਪੇਸ਼ ਕਰਨ ਲਈ ਮਹੱਤਵਪੂਰਨ ਮੌਕਾ ਪ੍ਰਦਾਨ ਕਰਦੇ ਹਨ। ਇਸ ਮੌਕੇ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਲਜ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਯੂਥ ਫੈਸਟੀਵਲ ਵਰਗੇ ਮੰਚਾਂ ’ਤੇ ਕੀਤੀਆਂ ਜਾਂਦੀਆਂ ਪ੍ਰਾਪਤੀਆਂ ਨਾ ਸਿਰਫ਼ ਸੰਸਥਾ ਦਾ ਮਾਣ ਵਧਾਉਂਦੀਆਂ ਹਨ, ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੀ ਅਮੀਰ ਪੰਜਾਬੀ ਵਿਰਾਸਤ, ਕਲਾ ਅਤੇ ਸੱਭਿਆਚਾਰ ਨਾਲ ਜੋੜਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇੰਜੀਨੀਅਰ ਸੁਖਮਿੰਦਰ ਸਿੰਘ, ਸਕੱਤਰ ਵਿੱਦਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਉਤਸ਼ਾਹ ਅਤੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਕਾਲਜ ਵੱਲੋਂ ਵਿਦਿਆਰਥੀਆਂ ਦੀਆਂ ਕਲਾਤਮਕ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਂਦਾ ਰਹੇਗਾ। ਕਾਲਜ ਦੀ ਇਸ ਉਪਲਬਧੀ ਨੂੰ ਵਿਦਿਆਰਥੀਆਂ, ਅਧਿਆਪਕਾਂ ਤੇ ਸਮੂਹ ਕਾਲਜ ਭਾਈਚਾਰੇ ਦੀ ਸਾਂਝੀ ਮਿਹਨਤ ਦਾ ਨਤੀਜਾ ਦੱਸਦਿਆਂ ਕਾਲਜ ਪ੍ਰਬੰਧਨ ਵੱਲੋਂ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਅਜਿਹੇ ਸੱਭਿਆਚਾਰਕ ਅਤੇ ਰਚਨਾਤਮਕ ਮੰਚਾਂ ’ਤੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਦਾ ਭਰੋਸਾ ਪ੍ਰਗਟਾਇਆ ਗਿਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।