ਐੱਨਐੱਚਐੱਮ ਮੁਲਾਜ਼ਮਾਂ ਨੇ ਰੈਲੀ ਲਈ ਜਾ ਰਹੇ ‘ਆਪ’ ਵਰਕਰਾਂ ਅੱਗੇ ਕੀਤਾ ਪ੍ਰਦਰਸ਼ਨ ਐੱਨਐੱਚਐੱਮ ਮੁਲਾਜ਼ਮਾਂ ਨੇ ਰੈਲੀ ਲਈ ਜਾ ਰਹੇ ‘ਆਪ’ ਵਰਕਰਾਂ ਅੱਗੇ ਕੀਤਾ ਪ੍ਰਦਰਸ਼ਨ
Publish Date: Thu, 01 Oct 2026 08:15 PM (IST)
Updated Date: Thu, 01 Oct 2026 08:15 PM (IST)
ਮਾਰਚ ਰੋਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦਿਆਂ ਮੁਲਾਜ਼ਮਾਂ ਨੇ ਕੀਤਾ ਤਿੱਖਾ ਵਿਰੋਧ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਐੱਨਐੱਚਐੱਮ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਜ਼ਿਲ੍ਹੇ ਦੇ ਐੱਨਐੱਚਐੱਮ ਮੁਲਾਜ਼ਮਾਂ ਵੱਲੋਂ ਸਿਵਲ ਹਸਪਤਾਲ ਤਰਨਤਾਰਨ ਤੋਂ ਬੋਹੜੀ ਚੌਕ ਤਕ ਰੋਸ ਮਾਰਚ ਕੱਢਿਆ ਗਿਆ। ਇਸੇ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਯੂਨੀਅਨ ਦੇ ਪ੍ਰਧਾਨ ਮਨਦੀਪ ਸਿੰਘ, ਜੈਸਮੀਨ ਕੌਰ ਅਤੇ ਰਵਿੰਦਰ ਕੌਰ ਨੇ ਕਿਹਾ ਕਿ ਐੱਨਐੱਚਐੱਮ ਮੁਲਾਜ਼ਮ ਲੰਮੇ ਸਮੇਂ ਤੋਂ ਸਿਹਤ ਵਿਭਾਗ ਦੀਆਂ ਵੱਖ-ਵੱਖ ਸੇਵਾਵਾਂ ਅਤੇ ਸਰਕਾਰੀ ਸਿਹਤ ਪ੍ਰੋਗਰਾਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਕੋਵਿਡ-19 ਮਹਾਂਮਾਰੀ ਦੌਰਾਨ ਵੀ ਮੁਲਾਜ਼ਮਾਂ ਨੇ ਪੂਰੀ ਜ਼ਿੰਮੇਵਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ, ਪਰ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ। ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਜਦੋਂ ਰੋਸ ਮਾਰਚ ਬੋਹੜੀ ਚੌਕ ਪਹੁੰਚਿਆ ਤਾਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਸਬੰਧੀ ਰੈਲੀ ਵਿਚ ਸ਼ਾਮਲ ਹੋਣ ਲਈ ਸਰਕਾਰੀ ਬੱਸਾਂ ’ਤੇ ਜਾ ਰਹੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਆਪਣੀਆਂ ਬੱਸਾਂ ਨੂੰ ਪਹਿਲਾਂ ਲੰਘਾਉਣ ਲਈ ਰੋਸ ਮਾਰਚ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਮੁਲਾਜ਼ਮਾਂ, ਜਿਨ੍ਹਾਂ ਵਿਚ ਵੱਡੀ ਗਿਣਤੀ ਮਹਿਲਾ ਕਰਮਚਾਰੀਆਂ ਦੀ ਸੀ, ਨੇ ਇਸ ਦਾ ਵਿਰੋਧ ਕੀਤਾ। ਯੂਨੀਅਨ ਆਗੂ ਰਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਹੁਣ ਤਕ 53 ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਇਸ ਦੇ ਬਾਵਜੂਦ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਨਿਕਲਿਆ। ਉਨ੍ਹਾਂ ਦੱਸਿਆ ਕਿ ਪਿਛਲੀ ਮੀਟਿੰਗ ਦੌਰਾਨ ਐੱਨਐੱਚਐੱਮ ਇੰਪਲਾਈਜ਼ ਵੈਲਫੇਅਰ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਅਤੇ ਇਸ ਸਬੰਧੀ 15 ਦਿਨਾਂ ਦੀ ਸਮਾਂ-ਹੱਦ ਵੀ ਦਿੱਤੀ ਗਈ ਸੀ, ਪਰ ਸਮਾਂ-ਸੀਮਾ ਬੀਤਣ ਦੇ ਬਾਵਜੂਦ ਕਮੇਟੀ ਦੀ ਮੀਟਿੰਗ ਨਹੀਂ ਹੋਈ। ਯੂਨੀਅਨ ਆਗੂ ਰਜਨੀ ਸ਼ਰਮਾ ਅਤੇ ਅਮਰਜੀਤ ਕੌਰ ਕੈਰੋਂ ਨੇ ਕਿਹਾ ਕਿ ਮੁਲਾਜ਼ਮ ਗੱਲਬਾਤ ਰਾਹੀਂ ਮਸਲੇ ਦਾ ਹੱਲ ਚਾਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਵੈੱਲਫੇਅਰ ਕਮੇਟੀ ਦੀ ਤੁਰੰਤ ਮੀਟਿੰਗ ਬੁਲਾ ਕੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਸਮਾਂਬੱਧ ਢੰਗ ਨਾਲ ਹੱਲ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਮੰਗਾਂ ਸਬੰਧੀ ਗੰਭੀਰਤਾ ਨਾ ਦਿਖਾਈ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਤਰਸੇਮ ਸਿੰਘ, ਸੰਦੀਪ ਸਿੰਘ ਬੀਐੱਸਏ, ਸੰਦੀਪ ਸਿੰਘ ਆਈਏ, ਰਮਨਦੀਪ ਕੌਰ ਸੀਐੱਚਓ ਕੈਰੋਂ, ਜੁਗਰਾਜ ਸਿੰਘ, ਵਿਦਿਆ ਦੇਵੀ, ਅਮਰਜੀਤ ਕੌਰ ਸੀਐੱਚਓ ਖੇਮਕਰਨ, ਕੁਲਵੰਤ ਕੌਰ, ਸੁਪ੍ਰੀਤ ਕੌਰ, ਨਵਜੋਤ ਕੌਰ ਸਰਹਾਲੀ, ਜੈਸਮੀਨ ਕੌਰ, ਜੀਵਨਜੋਤ ਸਿੰਘ, ਮਨਦੀਪ ਕੌਰ ਸੀਐੱਚਓ ਝਬਾਲ, ਮਨਜਿੰਦਰ ਸਿੰਘ, ਪ੍ਰਵੀਨ ਕੌਰ, ਪ੍ਰਭਜੀਤ ਕੌਰ ਸੁਰਸਿੰਘ, ਜਗਦੀਪ ਕੌਰ, ਗੁਰਪ੍ਰੀਤ ਕੌਰ, ਡਾ. ਅਮਨ, ਯੋਗੇਸ਼ ਗਿੱਲ, ਡਾ. ਸ਼ਰਨ ਕਸੇਲ, ਡਾ. ਚੰਦਨ ਸ਼ਰਮਾ ਘਰਿਆਲਾ, ਡਾ. ਗੁਰਸ਼ਰਨ ਸਿੰਘ, ਤਰੁਣ, ਸੰਦੀਪ ਸਿੰਘ ਸੀਓ, ਕੰਵਲਜੀਤ ਕੌਰ ਡੀਐੱਸਏ, ਸਿਮਰਜੀਤ ਸਿੰਘ, ਆਰੂਸ਼ ਭੱਲਾ, ਕੋਮਲਜੀਤ ਕੌਰ, ਸੁਮਨ ਸਿੱਧੂ, ਰਜਿੰਦਰ ਸਿੰਘ, ਪ੍ਰਗਟ ਸਿੰਘ, ਕਮਲਜੀਤ ਕੌਰ ਅਤੇ ਮਨਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਐੱਨਐੱਚਐੱਮ ਕਰਮਚਾਰੀ ਹਾਜ਼ਰ ਸਨ।