ਸਾਡੀਆਂ ਮਾਵਾਂ ਤੇ ਧੀਆਂ ਦਾ ਸਵੈ-ਮਾਣ ਵਧਾਏਗੀ ਮਾਵਾਂ-ਧੀਆਂ ਸਤਿਕਾਰ ਯੋਜਨਾ : ਮਾਨ ਸਾਡੀਆਂ ਮਾਵਾਂ ਅਤੇ ਧੀਆਂ ਦਾ ਸਵੈ-ਮਾਣ ਵਧਾਏਗੀ, ਮਾਵਾਂ ਧੀਆਂ ਸਤਿਕਾਰ ਯੋਜਨਾ- ਭਗਵੰਤ ਮਾਨ
Publish Date: Thu, 01 Oct 2026 08:09 PM (IST)
Updated Date: Thu, 01 Oct 2026 08:12 PM (IST)
ਮੁੱਖ ਮੰਤਰੀ ਨੇ ਕਿਹਾ, ਇਕ ਪਰਿਵਾਰ ਦੀਆਂ ਤਿੰਨ ਯੋਗ ਔਰਤਾਂ ਵੀ ਇਹ ਰਾਸ਼ੀ ਲੈਣ ਦੀਆਂ ਹੱਕਦਾਰ ਜਸਪਾਲ ਸਿੰਘ ਜੱਸੀ/ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ ਤਰਨਤਾਰਨ/ਸ੍ਰੀ ਗੋਇੰਦਵਾਲ ਸਾਹਿਬ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਸਾਡੀਆਂ ਮਾਵਾਂ-ਧੀਆਂ ਦਾ ਸਵੈਮਾਣ ਵਧਾਉਣ ਵਾਲੀ ਯੋਜਨਾ ਹੈ ਜਿਸ ਦਾ ਦਾਇਰਾ ਵੱਡਾ ਕੀਤਾ ਜਾ ਰਿਹਾ ਹੈ ਅਤੇ ਇਸ ਯੋਜਨਾ ਤਹਿਤ ਹਰ ਯੋਗ ਔਰਤ ਨੂੰ ਸਤਿਕਾਰ ਰਾਸ਼ੀ ਦਾ ਲਾਭ ਮਿਲੇਗਾ। ਇਸ ਸਕੀਮ ਅਧੀਨ ਕੋਈ ਸ਼ਰਤਾਂ ਨਹੀਂ ਹਨ, ਜੇ ਇੱਕੋ ਪਰਿਵਾਰ ਵਿਚ ਤਿੰਨ ਔਰਤਾਂ ਯੋਗ ਹਨ ਤਾਂ ਤਿੰਨੇ ਹੀ ਸਤਿਕਾਰ ਰਾਸ਼ੀ ਲੈਣ ਦੀਆਂ ਹੱਕਦਾਰ ਹਨ। ਸਕੀਮ ਅਧੀਨ ਔਰਤਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਵਿਚ 1.37 ਲੱਖ ‘ਸਤਿਕਾਰ ਸਖੀਆਂ’ ਨੇ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਨੂੰ ਪ੍ਰੋਤਸਾਹਨ ਰਾਸ਼ੀ ਵਜੋਂ ਹੁਣ ਤੱਕ 51 ਕਰੋੜ ਰੁਪਏ ਤੋਂ ਵੱਧ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਰਜਿਸਟ੍ਰੇਸ਼ਨ ਦੇ ਕੰਮ ਵਿਚ ਸਹਿਯੋਗ ਦੇ ਰਹੀਆਂ ਆਂਗਣਵਾੜੀ ਵਰਕਰਾਂ ਨੂੰ ਵੀ 25 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਲੋਕਾਂ ਤੋਂ ਟੈਕਸ ਇਕੱਠਾ ਕਰ ਕੇ ਉਸ ਪੈਸੇ ਨੂੰ ਮੁੜ ਲੋਕਾਂ ਦੀ ਭਲਾਈ ਲਈ ਖ਼ਰਚ ਕਰਨ ਦੀ ਹੁੰਦੀ ਹੈ ਭਾਵੇਂ ਉਹ ਵਿਕਾਸ ਕਾਰਜ ਹੋਣ, ਖੇਤਾਂ ਦੇ ਕੰਮ ਹੋਣ, ਸੜਕਾਂ ਦੇ ਕੰਮ ਹੋਣ। ਉਨ੍ਹਾਂ ਕਿਹਾ ਕਿ 14 ਹਜ਼ਾਰ ਕਿਲੋਮੀਟਰ ਪਾਈਪਲਾਈਨਾਂ ਵਿਛਾਉਣ ਦੀ ਗੱਲ ਹੋਵੇ ਜਾਂ 70 ਹਜ਼ਾਰ ਤੋਂ ਵੱਧ ਨੌਕਰੀਆਂ ਦੇਣ ਦਾ ਮਾਮਲਾ ਹੋਵੇ, ਆਪ ਸਰਕਾਰ ਲੋਕਾਂ ਦੇ ਪੈਸੇ ਦੀ ਵਰਤੋਂ ਲੋਕ ਭਲਾਈ ਲਈ ਇਮਾਨਦਾਰੀ ਨਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਮ ਪਰਿਵਾਰਾਂ ਵਿੱਚੋਂ ਆਗੂ ਪੈਦਾ ਕਰ ਕੇ ਉਨ੍ਹਾਂ ਨੂੰ ਮੌਕਾ ਦਿੱਤਾ ਹੈ। ਇਸ ਤੋਂ ਪਹਿਲਾਂ ਰਾਜਨੀਤੀ ’ਤੇ ਬਾਦਲ ਪਰਿਵਾਰ, ਕੈਪਟਨ ਪਰਿਵਾਰ ਜਾਂ ਮਜੀਠੀਆ ਪਰਿਵਾਰ ਦਾ ਹੀ ਦਬਦਬਾ ਰਿਹਾ। ਜਿਹੜੇ ਪੰਜਾਬ ’ਤੇ 25 ਸਾਲ ਰਾਜ ਕਰਨ ਦੇ ਦਾਅਵੇ ਕਰਦੇ ਸਨ, ਅੱਜ ਉਨ੍ਹਾਂ ਕੋਲ 25 ਆਗੂ ਵੀ ਨਹੀਂ ਬਚੇ। ਸੁਖਬੀਰ ਬਾਦਲ ਤੇ ਹੋਰ ਜ਼ਮਾਨਤ ’ਤੇ ਬਾਹਰ ਹਨ, ਜਦੋਂਕਿ ਰਵਿੰਦਰ ਸਿੰਘ ਬ੍ਰਹਮਪੁਰਾ, ਜਿਨ੍ਹਾਂ ਦੇ ਪਿਤਾ ਬਾਦਲ ਨਾਲ ਜੇਲ੍ਹ ਕੱਟਦੇ ਰਹੇ, ਅੱਜ ਆਪ ਵਿਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ਿਕਰ ਕੀਤਾ ਕਿ ਸੁਖਦੇਵ ਸਿੰਘ ਢੀਂਡਸਾ ਦਾ ਪੁੱਤਰ ਅਕਾਲੀ ਦਲ ਪੁਨਰ ਸੁਰਜੀਤ ਨਾਲ ਹੈ, ਜਦੋਂਕਿ ਚੰਦੂਮਾਜਰਾ ਦਾ ਪੁੱਤਰ ਪਾਰਟੀ ਦੇ ਦਾਇਰੇ ਤੋਂ ਬਾਹਰ ਹੈ। ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਹੁਣ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਨਵਾਂ ਪ੍ਰਧਾਨ ਵੀ ਕਾਂਗਰਸੀ ਆਗੂਆਂ ਨੂੰ ਇਕਜੁੱਟ ਨਹੀਂ ਕਰ ਸਕੇਗਾ। ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਉਨ੍ਹਾਂ ਵਿਚਕਾਰ ਆਪਸੀ ਲੜਾਈ ਹੋਰ ਵਧੇਗੀ। ਉਨ੍ਹਾਂ ਸਪੱਸ਼ਟ ਕੀਤਾ ਕਾਂਗਰਸ ਕੋਲ ਵਰਕਰ ਘੱਟ ਤੇ ਮੁੱਖ ਮੰਤਰੀ ਬਣਨ ਦੇ ਇੱਛੁਕ ਆਗੂ ਜ਼ਿਆਦਾ ਹਨ। ਇਨ੍ਹਾਂ ਨੂੰ ਲੋਕਾਂ ਦੀ ਭਲਾਈ ਨਾਲ ਕੋਈ ਸਰੋਕਾਰ ਨਹੀਂ, ਸਗੋਂ ਸੱਤਾ ਦੀ ਭੁੱਖ ਹੈ। ਜਲੰਧਰ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਾਸ਼ਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸ਼ਾਹ ਨੇ ਪੂਰੇ ਭਾਸ਼ਣ ਦੌਰਾਨ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ। ਅਸਲ ਵਿਚ ਪੰਜਾਬ ਸਰਕਾਰ ਦੇਸ਼ ਦੀ ਸਭ ਤੋਂ ਵਧੀਆ ਕਾਰਗੁਜ਼ਾਰੀ ਵਾਲੀ ਸਰਕਾਰ ਹੈ ਅਤੇ ਹਰ ਖੇਤਰ ਵਿਚ ਮੋਹਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀ ਪਾਰਟੀਆਂ ਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਉਹ ‘ਮਾਵਾਂ-ਧੀਆਂ ਸਤਿਕਾਰ ਯੋਜਨਾ’, ਔਰਤਾਂ ਲਈ ਮੁਫ਼ਤ ਬੱਸ ਸਫ਼ਰ ਅਤੇ ਹੋਰ ਜਨਤਕ ਭਲਾਈ ਸਕੀਮਾਂ ਬੰਦ ਕਰ ਦੇਣਗੇ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ, ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ, ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ, ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ, ਮੋਗਾ ਦੇ ਵਿਧਾਇਕ ਦਾ ਡਾ. ਅਮਨਦੀਪ ਕੌਰ ਅਰੋੜਾ, ਪੱਟੀ ਹਲਕੇ ਦੇ ਇੰਚਾਰਜ ਜਸਕੰਵਰ ਸਿੰਘ ਜੱਸਾ ਪੱਟੀ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅੰਗਦਦੀਪ ਸਿੰਘ ਸੋਹਲ, ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਚੇਅਰਮੈਨ ਰਣਜੀਤ ਸਿੰਘ ਚੀਮਾ, ਡਾਇਰੈਕਟਰ ਗੁਰਸੇਵਕ ਸਿੰਘ ਔਲਖ, ਸੇਵਕਪਾਲ ਸਿੰਘ ਝੰਡੇਰ ਮਹਾਪੁਰਖਾਂ, ਨਿਸ਼ਾਨ ਸਿੰਘ ਕਾਲੀਆ, ਹਰਪ੍ਰੀਤ ਸਿੰਘ ਧੁੰਨਾ, ਸਰਪੰਚ ਨਿਰਮਲ ਸਿੰਘ ਢੋਟੀ, ਹਰਪਿੰਦਰ ਸਿੰਘ ਗਿੱਲ, ਗੁਰਸ਼ਰਨ ਸਿੰਘ ਪਵਾਰ, ਤਜਿੰਦਰ ਸਿੰਘ ਤੇਜੀ, ਸਤਨਾਮ ਸਿੰਘ ਧੰਜੂ, ਦਿਲਬਾਗ ਸਿੰਘ ਖਵਾਸਪੁਰ, ਡਾਕਟਰ ਸੁਖਵਿੰਦਰ ਸਿੰਘ ਵਸੀਕਾ, ਗੁਰਮੀਤ ਸਿੰਘ, ਸਿਮਰਨ ਜੰਡਿਆਲੀਆ ਆਦਿ ਸਮੇਤ ਵੱਡੀ ਗਿਣਤੀ ਆਪ ਆਗੂ ਤੇ ਵਰਕਰਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਵੀ ਸਮਾਗਮ ਵਿਚ ਸ਼ਾਮਲ ਹੋਈਆਂ। ਸਕੂਲੀ ਸਿੱਖਿਆ ’ਚ ਪਹਿਲੇ ਸਥਾਨ ’ਤੇ ਆਇਆ ਪੰਜਾਬ ਮੁੱਖ ਮੰਤਰੀ ਨੇ ਕਿਹਾ ਕੇਂਦਰ ਦੇ ਮੁਲਾਂਕਣ ਅਨੁਸਾਰ ਪੰਜਾਬ ਸਕੂਲੀ ਸਿੱਖਿਆ ਵਿਚ 27ਵੇਂ ਸਥਾਨ ਤੋਂ ਪਹਿਲੇ ਸਥਾਨ ’ਤੇ ਆ ਗਿਆ ਹੈ। ਉਨ੍ਹਾਂ ਦੱਸਿਆ ਹਰ ਸਾਲ ਲਗਪਗ 30 ਲੱਖ ਵਿਦਿਆਰਥੀ ਨੀਟ ਦੀ ਪ੍ਰੀਖਿਆ ਦਿੰਦੇ ਹਨ। ਜਦੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਸੀ ਤਾਂ ਪੰਜਾਬ ਤੋਂ ਸਿਰਫ਼ 80 ਵਿਦਿਆਰਥੀ ਹੀ ਨੀਟ ਪਾਸ ਕਰਦੇ ਸਨ। ਅਸੀਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਸ਼ੁਰੂ ਕੀਤੀ ਅਤੇ ਇਸ ਸਾਲ 882 ਵਿਦਿਆਰਥੀਆਂ ਨੇ ਨੀਟ ਪਾਸ ਕੀਤਾ। ਇਨ੍ਹਾਂ ਵਿੱਚੋਂ ਬਹੁਤ ਸਾਰੇ ਬੱਚੇ ਅਜਿਹੇ ਪਰਿਵਾਰਾਂ ਵਿੱਚੋਂ ਆਉਂਦੇ ਹਨ, ਜਿਨ੍ਹਾਂ ਦੇ ਮਾਪਿਆਂ ਨੇ ਆਪਣੀ ਗੁਜ਼ਰ-ਬਸਰ ਕਰਨ ਲਈ ਬਹੁਤ ਜੱਦੋ-ਜਹਿਦ ਕੀਤੀ ਹੈ। ਜੀਵਨ ਪੱਧਰ ਨੂੰ ਸਿਰਫ਼ ਮਿਆਰੀ ਸਿੱਖਿਆ ਰਾਹੀਂ ਹੀ ਉੱਚਾ ਚੁੱਕਿਆ ਜਾ ਸਕਦਾ ਹੈ ਕਿਸੇ ਨੀਲੇ ਜਾਂ ਪੀਲੇ ਕਾਰਡ ਦੀਆਂ ਰਿਆਇਤਾਂ ਨਾਲ ਨਹੀਂ। ਉਨ੍ਹਾਂ ਕਿਹਾ ਕਿ 2027 ਤੋਂ 2032 ਤਕ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋਵੇਗੀ, ਕਿਉਂਕਿ ਇਸ ਕਾਰਜਕਾਲ ਦੌਰਾਨ ਸੂਬਾ ਸਰਕਾਰ ਵੱਲੋਂ ਕੀਤੇ ਗਏ ਯਤਨਾਂ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਕਹਿੰਦੀ ਸੀ ਕਿ ਮੁਫ਼ਤ ਬਿਜਲੀ ਕਦੇ ਵੀ ਹਕੀਕਤ ਨਹੀਂ ਬਣੇਗੀ, ਪਰ ਅੱਜ ਸੂਬਾ ਸਰਕਾਰ ਯੋਗ ਪਰਿਵਾਰਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇ ਰਹੀ ਹੈ। ਉਨ੍ਹਾਂ ਨੇ ਗੋਇੰਦਵਾਲ ਸਾਹਿਬ ਦੇ ਥਰਮਲ ਪਾਵਰ ਪਲਾਂਟ ਨੂੰ 1080 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰ ਵਲੋਂ ਖਰੀਦੇ ਜਾਣ ਦਾ ਵੀ ਜ਼ਿਕਰ ਕੀਤਾ। ਵਿਧਾਇਕ ਲਾਲਪੁਰਾ ਨੇ ‘ਭਗਵੰਤ ਮਾਨ ਦੁਬਾਰਾ’ ਦਾ ਦਿੱਤਾ ਸੰਦੇਸ਼ ਖਡੂਰ ਸਾਹਿਬ ਹਲਕੇ ਦੇ ਵਿਧਾਇਕ ਤੇ ਰੈਲੀ ਦੇ ਆਯੋਜਕ ਮਨਜਿੰਦਰ ਸਿੰਘ ਲਾਲਪੁਰਾ ਨੇ ਮਾਵਾਂ-ਧੀਆਂ ਸਤਿਕਾਰ ਰਾਸ਼ੀ ਦੀ ਦੂਜੀ ਕਿਸ਼ਤ ਜਾਰੀ ਕਰਨ ਲਈ ਇਸ ਹਲਕੇ ਦੇ ਕਸਬਾ ਗੋਇੰਦਵਾਲ ਸਾਹਿਬ ਦੀ ਚੋਣ ਕਰਨ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕੀਤਾ। ਨਾਲ ਹੀ ਪੰਡਾਲ ਵਿਚ ਹਾਜ਼ਰ ਵੱਡੇ ਇਕੱਠ ਨੂੰ ਅਪੀਲ ਕੀਤੀ ਕਿ ਮੁੱਖ ਮੰਤਰੀ ਵਲੋਂ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੀਤੇ ਕੰਮਾਂ ਦੇ ਚੱਲਦਿਆਂ ਇਕ ਮੌਕਾ ਹੋਰ ਦੇਣਾ ਸਾਡਾ ਫਰਜ਼ ਬਣਦਾ ਹੈ ਤੇ ਔਰਤਾਂ, ਨੌਜਵਾਨ ਤੇ ਬਜ਼ੁਰਗ ਇਸ ’ਤੇ ਡਟ ਕੇ ਪਹਿਰਾ ਦੇਣ।