ਸ੍ਰੀ ਗੋਇੰਦਵਾਲ ਸਾਹਿਬ ਦੀ ਰੈਲੀ ’ਚ ਕੋਈ ਵੱਡਾ ਐਲਾਨ ਨਾ ਹੋਣ ’ਤੇ ਅਕਾਲੀ ਆਗੂਆਂ ਨੇ ਘੇਰੀ ਸਰਕਾਰ ਸ੍ਰੀ ਗੋਇੰਦਵਾਲ ਸਾਹਿਬ ਦੀ ਰੈਲੀ ’ਚ ਕੋਈ ਵੱਡਾ ਐਲਾਨ ਨਾ ਹੋਣ ’ਤੇ ਅਕਾਲੀ ਆਗੂਆਂ ਨੇ ਘੇਰੀ ਸਰਕਾਰ
Publish Date: Thu, 01 Oct 2026 07:15 PM (IST)
Updated Date: Thu, 01 Oct 2026 07:18 PM (IST)
ਲੋਕ ਮੁੱਖ ਮੰਤਰੀ ਤੋਂ ਹਲਕੇ ਲਈ ਵੱਡੇ ਵਿਕਾਸ ਐਲਾਨਾਂ ਦੀ ਉਮੀਦ ਲੈ ਕੇ ਬੈਠੇ ਸਨ : ਬਿੱਲਾ ਸ਼ੇਰੋਂ, ਔਲਖ, ਲਾਹੌਰੀਆ ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਵਿਧਾਨ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਦੇ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਮੂਲੀਅਤ ਨੂੰ ਲੈ ਕੇ ਹਲਕੇ ਦੇ ਲੋਕਾਂ ਵੱਲੋਂ ਵੱਡੀਆਂ ਉਮੀਦਾਂ ਲਾਈਆਂ ਗਈਆਂ ਸਨ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਸਮਾਗਮ ਦੌਰਾਨ ਹਲਕਾ ਸ੍ਰੀ ਖਡੂਰ ਸਾਹਿਬ ਲਈ ਕਿਸੇ ਵੱਡੇ ਵਿਕਾਸ ਕਾਰਜ ਜਾਂ ਨਵੇਂ ਪ੍ਰਾਜੈਕਟ ਦਾ ਐਲਾਨ ਨਹੀਂ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਰਪੰਚ ਅਵਤਾਰ ਸਿੰਘ ਬਿੱਲਾ ਸ਼ੇਰੋਂ, ਪਾਰਟੀ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਅਤੇ ਜਨਰਲ ਕੌਂਸਲ ਮੈਂਬਰ ਕੁਲਦੀਪ ਸਿੰਘ ਲਾਹੌਰੀਆ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਹਲਕਾ ਸ੍ਰੀ ਖਡੂਰ ਸਾਹਿਬ ਦੇ ਲੋਕ ਮੁੱਖ ਮੰਤਰੀ ਤੋਂ ਆਪਣੇ ਇਲਾਕੇ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਸਮੱਸਿਆਵਾਂ ਦੇ ਹੱਲ ਅਤੇ ਵਿਕਾਸ ਕਾਰਜਾਂ ਸਬੰਧੀ ਵੱਡੇ ਐਲਾਨਾਂ ਦੀ ਉਮੀਦ ਕਰ ਰਹੇ ਸਨ। ਅਕਾਲੀ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਔਰਤਾਂ ਦੇ ਖਾਤਿਆਂ ਵਿਚ ਵਿੱਤੀ ਸਹਾਇਤਾ ਦੀ ਰਾਸ਼ੀ ਪਾਉਣਾ ਇਕ ਵੱਖਰਾ ਮਾਮਲਾ ਹੈ, ਪਰ ਸ੍ਰੀ ਗੋਇੰਦਵਾਲ ਸਾਹਿਬ ਵਿਚ ਹੋ ਰਹੇ ਸੂਬਾ ਪੱਧਰੀ ਸਮਾਗਮ ਨੂੰ ਹਲਕਾ ਸ੍ਰੀ ਖਡੂਰ ਸਾਹਿਬ ਦੀਆਂ ਸਥਾਨਕ ਸਮੱਸਿਆਵਾਂ ਅਤੇ ਵਿਕਾਸ ਦੀਆਂ ਲੋੜਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਮੀਦ ਸੀ ਕਿ ਮੁੱਖ ਮੰਤਰੀ ਹਲਕੇ ਲਈ ਸੜਕਾਂ, ਸਿਹਤ ਸਹੂਲਤਾਂ, ਪਾਣੀ, ਡਰੇਨੇਜ਼, ਉਦਯੋਗ, ਰੁਜ਼ਗਾਰ ਅਤੇ ਹੋਰ ਬੁਨਿਆਦੀ ਢਾਂਚੇ ਸਬੰਧੀ ਕੋਈ ਠੋਸ ਐਲਾਨ ਕਰਨਗੇ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰੀ ਪੱਧਰ ਤੇ ਵੱਡੇ ਪੱਧਰ ’ਤੇ ਪ੍ਰਬੰਧ ਕਰਨ ਅਤੇ ਸਰਕਾਰੀ ਸਰੋਤਾਂ ਦੀ ਵਰਤੋਂ ਨਾਲ ਸਮਾਗਮ ਕਰਵਾਉਣ ਦੇ ਬਾਵਜੂਦ ਜੇਕਰ ਹਲਕੇ ਲਈ ਕੋਈ ਨਵਾਂ ਵੱਡਾ ਵਿਕਾਸ ਐਲਾਨ ਨਹੀਂ ਹੁੰਦਾ ਤਾਂ ਇਸ ਨਾਲ ਇਲਾਕੇ ਦੇ ਲੋਕਾਂ ਵਿਚ ਨਿਰਾਸ਼ਾ ਪੈਦਾ ਹੋਣਾ ਸੁਭਾਵਿਕ ਹੈ।