ਸਰਕਾਰੀ ਸਕੂਲ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਸਰਕਾਰੀ ਸਕੂਲ ਨੂੰ ਚੋਰਾਂ ਬਣਾਇਆ ਨਿਸ਼ਾਨਾ, ਹਜ਼ਾਰਾਂ ਰੁਪਏ ਦਾ ਸਮਾਨ ਚੋਰੀ
Publish Date: Thu, 01 Oct 2026 07:02 PM (IST)
Updated Date: Thu, 01 Oct 2026 07:04 PM (IST)
ਨਰਿੰਦਰ ਸਿੰਘ ਦੋਦੇ•, ਪੰਜਾਬੀ ਜਾਗਰਣ ਸਰਾਏ ਅਮਾਨਤ ਖਾਂ : ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਕੋਟ ਸਿਵਿਆਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਦਾਖਲ ਹੋ ਕੇ ਬੀਤੀ ਰਾਤ ਚੋਰਾਂ ਵੱਲੋਂ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਸਕੂਲ ਵਿਚ ਲੱਗੇ ਬਿਜਲੀ ਦੇ ਸਾਮਾਨ, ਪਾਣੀ ਵਾਲੀ ਮੋਟਰ ਨਾਲ ਸਬੰਧਿਤ ਤਾਰਾਂ, ਬਾਥਰੂਮਾਂ ਦੀਆਂ ਟੂਟੀਆਂ ਅਤੇ ਹੋਰ ਸਾਮਾਨ ’ਤੇ ਹੱਥ ਸਾਫ਼ ਕਰਨ ਤੋਂ ਇਲਾਵਾ ਸਕੂਲ ਵਿਚ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ। ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਅਧਿਆਪਕ ਮਾਸਟਰ ਗੁਰਚਰਨ ਸਿੰਘ ਅਤੇ ਮਾਸਟਰ ਜਸਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਸਕੂਲ ਪਹੁੰਚੇ ਤਾਂ ਉਨ੍ਹਾਂ ਨੂੰ ਚੋਰੀ ਦੀ ਘਟਨਾ ਦਾ ਪਤਾ ਲੱਗਾ। ਸਕੂਲ ਦੇ ਅੰਦਰ ਦਾਖ਼ਲ ਹੋਣ ’ਤੇ ਵੱਖ-ਵੱਖ ਥਾਵਾਂ ’ਤੇ ਸਾਮਾਨ ਖਿੱਲਰਿਆ ਹੋਇਆ ਸੀ ਅਤੇ ਕਈ ਚੀਜ਼ਾਂ ਗਾਇਬ ਸਨ। ਅਧਿਆਪਕਾਂ ਅਨੁਸਾਰ ਚੋਰ ਸਕੂਲ ਵਿੱਚੋਂ ਇਕ ਕੰਪਿਊਟਰ ਸਮੇਤ ਪਾਣੀ ਵਾਲੀ ਮੋਟਰ ਦੀਆਂ ਤਾਰਾਂ, ਸਟਾਰਟਰ ਅਤੇ ਸਟੈਬਲਾਈਜ਼ਰ ਆਦਿ ਸਮਾਨ ਚੋਰੀ ਕਰਕੇ ਲੈ ਗਏ। ਇਸ ਤੋਂ ਇਲਾਵਾ ਚੋਰਾਂ ਨੇ ਸਕੂਲ ਦੇ ਸਾਰੇ ਬਾਥਰੂਮਾਂ ਦੀਆਂ ਟੂਟੀਆਂ ਵੀ ਖੋਲ੍ਹ ਲਈਆਂ ਅਤੇ ਉਨ੍ਹਾਂ ਨੂੰ ਨਾਲ ਲੈ ਗਏ। ਸਕੂਲ ਵਿਚ ਲੱਗੀ ਬਿਜਲੀ ਦੀ ਵਾਇਰਿੰਗ ਨੂੰ ਵੀ ਤੋੜ ਕੇ ਉਸ ਵਿੱਚੋਂ ਤਾਂਬੇ ਦੀਆਂ ਤਾਰਾਂ ਕੱਢ ਲਈਆਂ ਗਈਆਂ। ਸਕੂਲ ਸਟਾਫ ਨੇ ਦੱਸਿਆ ਕਿ ਚੋਰਾਂ ਨੇ ਆਪਣੇ ਵੱਲੋਂ ਕੀਤੀ ਗਈ ਵਾਰਦਾਤ ਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰਦਿਆਂ ਸਕੂਲ ਵਿਚ ਲੱਗੇ ਸਾਰੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ। ਸਕੂਲ ਸਟਾਫ ਨੇ ਦੱਸਿਆ ਕਿ ਸਰਕਾਰੀ ਸਕੂਲ ਵਿਚ ਚੋਰੀ ਦੀ ਇਸ ਘਟਨਾ ਕਾਰਨ ਅਧਿਆਪਕਾਂ, ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਵਿਚ ਚਿੰਤਾ ਪਾਈ ਜਾ ਰਹੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਕੂਲ ਵਿਚ ਦਾਖ਼ਲ ਹੋ ਕੇ ਚੋਰੀ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਘਟਨਾ ਸਬੰਧੀ ਸਕੂਲ ਸਟਾਫ਼ ਵੱਲੋਂ ਥਾਣਾ ਝਬਾਲ ਵਿਖੇ ਦਰਖ਼ਾਸਤ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਦੀ ਪਛਾਣ ਕਰਨ ਲਈ ਵੱਖ-ਵੱਖ ਪਹਿਲੂਆਂ ਤੋਂ ਤਫ਼ਤੀਸ਼ ਕੀਤੀ ਜਾ ਰਹੀ ਹੈ।