ਗੋਇੰਦਵਾਲ ਸਾਹਿਬ ਦੀ ਸਿਹਤ ਸਹੂਲਤ ਖੋਹਣ ’ਤੇ ਭੜਕੀ ਰਮਨਦੀਪ ਸ਼ੇਰੋਂ ਗੋਇੰਦਵਾਲ ਸਾਹਿਬ ਦੀ ਸਿਹਤ ਸਹੂਲਤ ਖੋਹਣ ’ਤੇ ਭੜਕੀ ਰਮਨਦੀਪ ਸ਼ੇਰੋਂ, ਪੀਐੱਚਸੀ ਹਟਾ ਕੇ ਆਮ ਆਦਮੀ ਕਲੀਨਿਕ ਬਣਾਉਣ ਦਾ ਕੀਤਾ ਵਿਰੋਧ
Publish Date: Thu, 01 Oct 2026 06:23 PM (IST)
Updated Date: Thu, 01 Oct 2026 06:24 PM (IST)
ਪੀਐੱਚਸੀ ਹਟਾ ਕੇ ਆਮ ਆਦਮੀ ਕਲੀਨਿਕ ਬਣਾਉਣ ਦਾ ਕੀਤਾ ਵਿਰੋਧ ਔਰਤਾਂ ਦੇ ਹੱਕ ਵਿਚ ‘ਆਪ’ ਦੀ ਸਿਰਫ਼ ਇਸ਼ਤਿਹਾਰਬਾਜ਼ੀ, ਗੋਇੰਦਵਾਲ ਹਸਪਤਾਲ ਦੀ ਸਹੂਲਤਾਵਾਂ ਨੂੰ ਘਟਾਉਣਾ ਔਰਤਾਂ ਲਈ ਸਭ ਤੋਂ ਵੱਡੀ ਮੁਸ਼ਕਲ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਕੀਤੀ ਗਈ ਰੈਲੀ ਦੌਰਾਨ ਔਰਤਾਂ ਦੇ ਖਾਤਿਆਂ ਵਿਚ ਹਰ ਮਹੀਨੇ 1000-1500 ਰੁਪਏ ਪਾਉਣ ਦੇ ਕੀਤੇ ਐਲਾਨ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਨੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਾ ਪ੍ਰਸ਼ਾਸਨ ਦਾ ਸਿਰਫ਼ ਕਿ ਔਰਤਾਂ ਦੇ ਖਾਤਿਆਂ ਵੱਲ ਧਿਆਨ ਹੈ? ਰਮਨਦੀਪ ਕੌਰ ਸ਼ੇਰੋਂ ਨੇ ਕਿਹਾ ਕਿ ਜਿਸ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਮੁੱਖ ਮੰਤਰੀ ਔਰਤਾਂ ਦੇ ਸਨਮਾਨ ਦੀ ਗੱਲ ਕਰ ਰਹੇ ਹਨ, ਉਸੇ ਇਲਾਕੇ ਦੀਆਂ ਗਰਭਵਤੀ ਔਰਤਾਂ ਨੂੰ ਜੇਕਰ ਜਣੇਪੇ ਜਾਂ ਐਮਰਜੈਂਸੀ ਸਮੇਂ ਸਿਹਤ ਸਹੂਲਤ ਲਈ ਮੀਆਂਵਿੰਡ ਜਾਂ ਤਰਨਤਾਰਨ ਜਾਣਾ ਪਵੇ ਤਾਂ ਸਰਕਾਰ ਦੇ ਦਾਅਵਿਆਂ ’ਤੇ ਸਵਾਲ ਉੱਠਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਪੀਐੱਚਸੀ ਗੋਇੰਦਵਾਲ ਸਾਹਿਬ ਦੀ ਸਹੂਲਤਾਵਾਂ ਨੂੰ ਘਟਾ ਕੇ ਆਮ ਆਦਮੀ ਕਲੀਨਿਕ ਤਿਆਰ ਕਰਨਾ ਸਿਰਫ਼ ਗਰਭਵਤੀ ਔਰਤਾਂ ਲਈ ਹੀ ਨਹੀਂ, ਸਗੋਂ ਗੋਇੰਦਵਾਲ ਸਾਹਿਬ ਅਤੇ ਆਸ-ਪਾਸ ਦੇ ਪਿੰਡਾਂ ਦੇ ਆਮ ਲੋਕਾਂ ਦੀ ਸਿਹਤ ਲਈ ਖਿਲਵਾੜ ਹੈ। ਗੋਇੰਦਵਾਲ ਸਾਹਿਬ ਦੇ ਨਾਲ ਲੱਗਦੇ ਹੰਸਾਵਾਲਾ, ਧੂੰਦਾ, ਝੰਡੇਰ ਮਹਾਂਪੁਰਖ, ਮਿਆਣੀ, ਖੱਖ ਅਤੇ ਹੋਰ ਪਿੰਡਾਂ ਦੇ ਲੋਕ ਵੀ ਇਸ ਸਿਹਤ ਕੇਂਦਰ ਤੋਂ ਸਹੂਲਤ ਲੈਂਦੇ ਰਹੇ ਹਨ। ਖਾਸ ਕਰਕੇ ਰਾਤ ਸਮੇਂ ਜਾਂ ਅਚਾਨਕ ਪੈਦਾ ਹੋਈ ਸਿਹਤ ਸਮੱਸਿਆ ਵਿਚ ਨੇੜੇ ਸਿਹਤ ਕੇਂਦਰ ਹੋਣਾ ਇਲਾਕੇ ਦੇ ਲੋਕਾਂ ਲਈ ਬਹੁਤ ਜ਼ਰੂਰੀ ਹੈ। ਬੀਬਾ ਰਮਨਦੀਪ ਕੌਰ ਸ਼ੇਰੋਂ ਨੇ ਕਿਹਾ ਕਿ ਸਰਕਾਰ ਵੱਲੋਂ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਗੱਲ ਆਪਣੀ ਥਾਂ ਹੈ, ਪਰ ਔਰਤਾਂ ਅਤੇ ਪਰਿਵਾਰਾਂ ਦੀ ਅਸਲ ਲੋੜ ਸਿਰਫ਼ ਪੈਸੇ ਤਕ ਸੀਮਤ ਨਹੀਂ ਹੈ। ਗਰਭਵਤੀ ਔਰਤ ਨੂੰ ਸਮੇਂ ਸਿਰ ਡਾਕਟਰ, ਜਣੇਪੇ ਦੀ ਸਹੂਲਤ ਅਤੇ ਐਮਰਜੈਂਸੀ ਵਿਚ ਨੇੜੇ ਇਲਾਜ ਮਿਲਣਾ ਵੀ ਓਨਾ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਦੌਰਾਨ ਗਰੀਬ ਅਤੇ ਲੋੜਵੰਦ ਪਰਿਵਾਰਾਂ ਲਈ ਸਿਹਤ ਸਹੂਲਤਾਂ ਨੂੰ ਤਰਜੀਹ ਦਿੱਤੀ ਗਈ ਅਤੇ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਵਰਗੀਆਂ ਯੋਜਨਾਵਾਂ ਰਾਹੀਂ ਲਾਭਪਾਤਰੀ ਪਰਿਵਾਰਾਂ ਨੂੰ ਇਲਾਜ ਦੀ ਸਹੂਲਤ ਦੇਣ ਦਾ ਪ੍ਰਬੰਧ ਕੀਤਾ ਗਿਆ ਸੀ। ਇਸੇ ਤਰ੍ਹਾਂ ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ ਰਾਹੀਂ ਧੀਆਂ ਦੀ ਭਲਾਈ ਅਤੇ ਉਨ੍ਹਾਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਸੀ। ਰਮਨਦੀਪ ਕੌਰ ਸ਼ੇਰੋਂ ਨੇ ਕਿਹਾ ਕਿ ਸਰਕਾਰ ਨੂੰ 1000-1500 ਰੁਪਏ ਦੇ ਐਲਾਨ ਦੀ ਮਸ਼ਹੂਰੀ ਕਰਨ ਦੇ ਨਾਲ ਇਹ ਵੀ ਦੱਸਣਾ ਚਾਹੀਦਾ ਹੈ ਕਿ ਗੋਇੰਦਵਾਲ ਸਾਹਿਬ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਸਿਹਤ ਸਹੂਲਤ ਦਾ ਕੀ ਬਣੇਗਾ। ਉਨ੍ਹਾਂ ਸਿਹਤ ਵਿਭਾਗ ਤੋਂ ਮੰਗ ਕੀਤੀ ਕਿ ਪੀਐੱਚਸੀ ਗੋਇੰਦਵਾਲ ਸਾਹਿਬ ਨੂੰ ਖਤਮ ਜਾਂ ਕਮਜ਼ੋਰ ਕਰਨ ਦੀ ਬਜਾਏ ਇਥੇ ਹੋਰ ਸਹੂਲਤਾਂ ਵਧਾਈਆਂ ਜਾਣ, ਡਾਕਟਰਾਂ ਅਤੇ ਸਟਾਫ਼ ਦੀ ਉਪਲੱਬਧਤਾ ਯਕੀਨੀ ਬਣਾਈ ਜਾਵੇ ਅਤੇ ਇਲਾਕੇ ਦੀ ਵੱਡੀ ਆਬਾਦੀ ਨੂੰ ਧਿਆਨ ਵਿਚ ਰੱਖਦਿਆਂ ਇਸ ਸਿਹਤ ਕੇਂਦਰ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗੋਇੰਦਵਾਲ ਸਾਹਿਬ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਨੇੜੇ ਸਿਹਤ ਸਹੂਲਤ ਮਿਲਣਾ ਉਨ੍ਹਾਂ ਦਾ ਹੱਕ ਹੈ ਅਤੇ ਸਰਕਾਰ ਨੂੰ ਲੋਕਾਂ ਦੀ ਇਸ ਮੰਗ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।