ਐਕਸਯੂਵੀ-ਸਵਿਫਟ ਹਾਦਸੇ ਦਾ ਮਾਮਲਾ, ਪੁਲਿਸ ਨੇ ਦਰਜ ਕੀਤਾ ਐਕਸਯੂਵੀ ਚਾਲਕ ’ਤੇ ਕੇਸ ਐਕਸਯੂਵੀ-ਸਵਿਫਟ ਹਾਦਸੇ ਦਾ ਮਾਮਲਾ, ਪੁਲਿਸ ਨੇ ਦਰਜ ਕੀਤਾ ਐਕਸਯੂਵੀ ਚਾਲਕ ’ਤੇ ਕੇਸ
Publish Date: Wed, 30 Sep 2026 07:44 PM (IST)
Updated Date: Wed, 30 Sep 2026 07:45 PM (IST)
ਦੋ ਮਸੇਰੇ ਭਰਾਵਾਂ ਸਣੇ ਤਿੰਨ ਨੌਜਵਾਨਾਂ ਦੀ ਪਹਿਲਾਂ ਹੋ ਗਈ ਸੀ ਮੌਤ, ਇਕ ਨੇ ਹੋਰ ਦਮ ਤੋੜਿਆ ਚੌਥੇ ਜ਼ਖ਼ਮੀ ਨੇ ਦੱਸੀ ਹਾਦਸੇ ਦੀ ਦਾਸਤਾਂ, ਤਿੰਨ ਹਫ਼ਤਿਆਂ ਬਾਅਦ ਹੋਈ ਕਾਰਵਾਈ ਕੁਲਦੀਪ ਸਿੰਘ ਮਾਨ•, ਪੰਜਾਬੀ ਜਾਗਰਣ ਖਡੂਰ ਸਾਹਿਬ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਅਲੀਆ ਨੇੜੇ ਤਿੰਨ ਹਫ਼ਤੇ ਪਹਿਲਾਂ ਸਵਿਫਟ ਕਾਰ ਅਤੇ ਮਹਿੰਦਰਾ ਐਕਸਯੂਵੀ ਗੱਡੀ ਦਰਮਿਆਨ ਵਾਪਰੇ ਭਿਆਨਕ ਸੜਕ ਹਾਦਸੇ ਸਬੰਧੀ ਇਕ ਜ਼ਖ਼ਮੀ ਵਲੋਂ ਇਲਾਜ ਉਪਰੰਤ ਦਿੱਤੀ ਜਾਣਕਾਰੀ ਤੋਂ ਬਾਅਦ ਐਕਸਯੂਵੀ ਚਾਲਕ ਖਿਲਾਫ ਥਾਣਾ ਵੈਰੋਂਵਾਲ ਦੀ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸ ਹਾਦਸੇ ਵਿਚ ਜ਼ਖ਼ਮੀ ਹੋਏ ਸਵਿਫਟ ਕਾਰ ਵਿਚ ਸਵਾਰ ਇਕ ਹੋਰ ਨੌਜਵਾਨ ਦੀ ਵੀ ਮੌਤ ਹੋ ਚੁੱਕੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਖਦੇਵ ਸਿੰਘ ਪੁੱਤਰ ਕੁਲਵੰਤ ਸਿੰਘ ਨੇ ਦੱਸਿਆ ਕਿ 7 ਸਤੰਬਰ ਨੂੰ ਉਸ ਦਾ ਲੜਕਾ ਅਜੈਪਾਲ ਸਿੰਘ ਅਤੇ ਉਸ ਦੀ ਸਾਲੀ ਦਾ ਲੜਕਾ ਸੁਖਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਕਾਜੀਕੋਟ ਰੋਡ ਤਰਨਤਾਰਨ, ਸਵਿਫਟ ਕਾਰ ਨੰਬਰ ਪੀਬੀ10-ਸੀਏ-4533 ’ਤੇ ਕਿਸੇ ਨਿੱਜੀ ਕੰਮ ਲਈ ਜਲੰਧਰ ਗਏ ਸਨ। ਉਹ ਜਲੰਧਰ ਤੋਂ ਖਲਚੀਆਂ, ਨਾਗੋਕੇ ਰਾਹੀਂ ਖਡੂਰ ਸਾਹਿਬ ਆ ਰਹੇ ਸਨ। ਰਾਤ ਕਰੀਬ 9 ਵਜੇ ਜਦੋਂ ਉਹ ਪਿੰਡ ਅਲੀਆ ਨੇੜੇ ਪੁੱਜੇ ਤਾਂ ਸੜਕ ’ਤੇ ਅਚਾਨਕ ਇਕ ਅਵਾਰਾ ਪਸ਼ੂ ਆ ਜਾਣ ਕਾਰਨ ਸਵਿਫਟ ਕਾਰ ਬੇਕਾਬੂ ਹੋ ਕੇ ਸਾਹਮਣਿਓਂ ਆ ਰਹੀ ਮਹਿੰਦਰਾ ਐਕਸਯੂਵੀ ਨਾਲ ਜਾ ਟਕਰਾਈ। ਹਾਦਸੇ ਵਿਚ ਅਜੈਪਾਲ ਸਿੰਘ ਅਤੇ ਸੁਖਜੀਤ ਸਿੰਘ ਦੀ ਮੌਤ ਹੋ ਗਈ ਸੀ। ਇਸ ਸਬੰਧੀ ਥਾਣਾ ਵੈਰੋਂਵਾਲ ਵਿਖੇ 8 ਸਤੰਬਰ ਨੂੰ ਧਾਰਾ 194 ਬੀਐੱਨਐੱਸ ਤਹਿਤ ਰਪਟ ਦਰਜ ਕਰਨ ਉਪਰੰਤ ਪੁਲਿਸ ਨੇ ਦੋਵਾਂ ਦੇਹਾਂ ਦਾ ਸਿਵਲ ਹਸਪਤਾਲ ਤਰਨਤਾਰਨ ਤੋਂ ਪੋਸਟਮਾਰਟਮ ਕਰਵਾਇਆ ਸੀ। ਸੁਖਦੇਵ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਸਮੇਂ ਆਪਣੇ ਲੜਕੇ ਅਤੇ ਭਣੇਵੇਂ ਦੀ ਅਚਾਨਕ ਮੌਤ ਕਾਰਨ ਉਹ ਸਦਮੇ ਵਿਚ ਸੀ ਤੇ ਕੋਈ ਕਾਰਵਾਈ ਨਹੀਂ ਕਰਵਾ ਸਕਿਆ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਹਾਦਸੇ ਸਮੇਂ ਸਵਿਫਟ ਕਾਰ ’ਚ ਅਜੈਪਾਲ ਸਿੰਘ ਅਤੇ ਸੁਖਜੀਤ ਸਿੰਘ ਤੋਂ ਇਲਾਵਾ ਉਨ੍ਹਾਂ ਦਾ ਦੋਸਤ ਪ੍ਰਭਜੋਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਖਵਾਸਪੁਰ ਅਤੇ ਗੁਰਪ੍ਰੀਤ ਸਿੰਘ ਪੁੱਤਰ ਮਨਦੀਪ ਸਿੰਘ ਵਾਸੀ ਪੱਤੀ ਲੰਮਿਆਂ ਦੀ ਖਡੂਰ ਸਾਹਿਬ ਵੀ ਸਵਾਰ ਸਨ ਤੇ ਹਾਦਸੇ ਵਿਚ ਦੋਵਾਂ ਨੂੰ ਗੰਭੀਰ ਸੱਟਾਂ ਲੱਗੀਆਂ। ਪ੍ਰਭਜੋਤ ਸਿੰਘ ਨੂੰ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਜਵਾਬ ਦੇਣ ਉਪਰੰਤ ਪਰਿਵਾਰ ਉਸ ਨੂੰ ਘਰ ਲੈ ਆਏ ਤੇ 10 ਸਤੰਬਰ ਨੂੰ ਪ੍ਰਭਜੋਤ ਸਿੰਘ ਦੀ ਵੀ ਮੌਤ ਹੋ ਗਈ, ਜਿਸ ਦਾ ਸਸਕਾਰ ਵੀ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ, ਜਿੱਥੋਂ 8 ਸਤੰਬਰ ਨੂੰ ਉਸ ਨੂੰ ਛੁੱਟੀ ਮਿਲ ਗਈ। ਸੁਖਦੇਵ ਸਿੰਘ ਮੁਤਾਬਿਕ, ਹੁਣ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਦਸੇ ਵਾਲੇ ਦਿਨ ਮਹਿੰਦਰਾ ਐਕਸਯੂਵੀ ਦਾ ਚਾਲਕ ਕਥਿਤ ਤੌਰ ’ਤੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ ਅਤੇ ਗਲਤ ਸਾਈਡ ’ਤੇ ਆ ਕੇ ਸਵਿਫਟ ਕਾਰ ਨੂੰ ਟੱਕਰ ਮਾਰੀ। ਉਨ੍ਹਾਂ ਦੱਸਿਆ ਕਿ ਐਕਸਯੂਵੀ ਦਾ ਨੰਬਰ ਪੀਬੀ10 ਡੀਆਰ 0308 ਵਿਚ ਸੰਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਮੁੱਛਲ ਦੇ ਚਾਲਕ ਦੇ ਨਾਲ ਵਾਲੀ ਸੀਟ ’ਤੇ ਬੈਠੇ ਹੋਣ ਬਾਰੇ ਪਤਾ ਲੱਗਾ। ਸੰਦੀਪ ਸਿੰਘ ਵੀ ਹਾਦਸੇ ’ਚ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਉਸ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਨੇ ਸ਼ਿਕਾਇਤ ਵਿਚ ਦੱਸਿਆ ਕਿ ਐਕਸਯੂਵੀ ਅਰਸ਼ਦੀਪ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਮੁੱਛਲ ਚਲਾ ਰਿਹਾ ਸੀ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਦੇ ਬਿਆਨਾਂ ’ਤੇ ਅਰਸ਼ਦੀਪ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।