ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚੋਂ ਮਿਲੇ ਫੋਨ ਤੇ ਤੰਬਾਕੂ ਪਦਾਰਥ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚੋਂ ਮਿਲੇ ਫੋਨ ਤੇ ਤੰਬਾਕੂ ਪਦਾਰਥ
Publish Date: Wed, 30 Sep 2026 07:38 PM (IST)
Updated Date: Wed, 30 Sep 2026 07:39 PM (IST)
ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਚੈਕਿੰਗ ਦੌਰਾਨ ਮੋਬਾਈਲ ਫੋਨ ਤੇ ਤੰਬਾਕੂ ਪਦਾਰਥ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਰਾਮਦ ਸਾਮਾਨ ਨੂੰ ਕਬਜ਼ੇ ਵਿਚ ਲੈ ਕੇ ਜੇਲ੍ਹ ਅਧਿਕਾਰੀਆਂ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ ਹੈ। ਜੇਲ੍ਹ ਨਿਯਮਾਂ ਦੀ ਉਲੰਘਣਾ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਦੋ ਮੁਕੱਦਮੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਇਕ ਕੇਸ ’ਚ ਇਕ ਹਵਾਲਾਤੀ ਨੂੰ ਨਾਮਜ਼ਦ ਵੀ ਕੀਤਾ ਗਿਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਲਖਵੀਰ ਸਿੰਘ ਨੇ ਥਾਣਾ ਗੋਇੰਦਵਾਲ ਸਾਹਿਬ ਜਾਰੀ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਕਰਮਚਾਰੀਆਂ ਵਲੋਂ ਚੈਕਿੰਗ ਦੌਰਾਨ ਇੱਥੇ ਬੰਦ ਅੰਸ਼ ਪੁੱਤਰ ਪਵਨ ਕੁਮਾਰ ਵਾਸੀ ਪ੍ਰੀਤ ਨਗਰ ਫਿਰੋਜ਼ਪੁਰ ਕੋਲੋਂ ਇਕ ਸਮਾਰਟ ਫੋਨ ਸਣੇ ਸਿਮ ਕਾਰਡ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਜੇਲ੍ਹ ਦੀਆਂ ਵੱਖ-ਵੱਖ ਬੈਰਕਾਂ ਵਿਚ ਕੀਤੀ ਗਈ ਚੈਕਿੰਗ ਦੌਰਾਨ 10 ਸਮਾਰਟ ਫੋਨ, ਇਕ ਕੀਪੈਡ ਫੋਨ, 14 ਪੁੜੀਆਂ ਤੰਬਾਕੂ ਤੇ ਬੀੜੀਆਂ ਦੇ 30 ਬੰਡਲ ਬਰਾਮਦ ਕੀਤੇ ਗਏ ਹਨ। ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਨੇ ਦੱਸਿਆ ਕਿ ਜੇਲ੍ਹ ਵਿੱਚੋਂ ਹੋਈ ਬਰਾਮਦਗੀ ਸਬੰਧੀ ਦਰਜ ਕੀਤੇ ਦੋਵਾਂ ਕੇਸਾਂ ਦੀ ਜਾਂਚ ਲਈ ਏਐੱਸਆਈ ਅਰਜਨ ਸਿੰਘ ਦੀ ਡਿਊਟੀ ਲਗਾਈ ਗਈ ਹੈ। ਦੱਸ ਦਈਏ ਕਿ ਜੇਲ੍ਹ ਵਿਚ ਇਹ ਕੋਈ ਪਹਿਲੀ ਬਰਾਮਦਗੀ ਨਹੀਂ ਹੈ, ਬਲਕਿ ਜੇਲ੍ਹ ਦੇ ਪੰਜ ਸਾਲ ਪਹਿਲਾਂ ਸ਼ੁਰੂ ਹੋਣ ਤੋਂ ਹੀ ਲਗਾਤਾਰ ਬਰਾਮਦਗੀ ਹੁੰਦੀ ਆ ਰਹੀ ਹੈ। ਇਥੋਂ ਮੋਬਾਈਲ ਫੋਨ, ਤੰਬਾਕੂ ਪਦਾਰਥ ਹੀ ਨਹੀਂ ਬਲਕਿ ਹੈਰੋਇਨ, ਅਫੀਮ ਅਤੇ ਨਸ਼ੀਲੀਆਂ ਦਵਾਈਆਂ ਤਕ ਦੀ ਬਰਾਮਦਗੀ ਹੋ ਚੁੱਕੀ ਹੈ, ਜਿਸ ਕਰਕੇ ਇਹ ਜੇਲ੍ਹ ਅਕਸਰ ਚਰਚਾ ਵਿਚ ਰਹਿੰਦੀ ਹੈ।